ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਟੀਮਾਂ ਵੱਲੋਂ ਛਾਪੇਮਾਰੀ

07/17/2018 7:08:10 AM

ਕਪੂਰਥਲਾ, (ਮਲਹੋਤਰਾ)- ਰੇਤ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਜ਼ਿਲੇ ’ਚ ਵੱਖ-ਵੱਖ ਥਾਈਂ ਕੀਤੀ ਛਾਪੇਮਾਰੀ ਦੌਰਾਨ ਤਿੰਨ ਟਰੈਕਟਰ-ਟਰਾਲੀਆਂ, ਇਕ ਪੋਕਲੈਂਡ ਮਸ਼ੀਨ ਤੇ ਇਕ ਜੇ. ਸੀ. ਬੀ ਮਸ਼ੀਨ ਜ਼ਬਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਡਰੇਨੇਜ-ਕਮ-ਸਹਾਇਕ ਮਾਈਨਿੰਗ ਅਫ਼ਸਰ ਰਾਕੇਸ਼ ਬਾਂਸਲ ਨੇ ਦੱਸਿਆ ਕਿ ਕੰਟਰੋਲ ਰੂਮ ’ਤੇ ਮਿਲੀ ਸੂਚਨਾ ਦੇ ਆਧਾਰ ’ਤੇ ਟੀਮ ਵੱਲੋਂ ਬੀਤੇ ਦਿਨ ਫੱਤੂਢੀਂਗਾ ਨੇਡ਼ਿਓਂ ਨਾਜਾਇਜ਼ ਮਾਈਨਿੰਗ ਕਰਦੇ ਦੋ ਟਰੈਕਟਰ-ਟਰਾਲੀਆਂ ਤੇ ਇਕ ਪੋਕਲੈਂਡ ਮਸ਼ੀਨ ਜ਼ਬਤ ਕਰ ਕੇ ਥਾਣਾ ਫੱਤੂਢੀਂਗਾ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। 
ਇਸੇ ਤਰ੍ਹਾਂ ਅੱਜ ਪਿੰਡ ਧਾਲੀਵਾਲ ਨੇਡ਼ਿਓਂ ਇਕ ਟਰੈਕਟਰ-ਟਰਾਲੀ ਤੇ ਇਕ ਜੇ. ਸੀ. ਬੀ ਮਸ਼ੀਨ ਜ਼ਬਤ ਕਰਕੇ ਥਾਣਾ ਢਿਲਵਾਂ ਵਿਖੇ ਐੱਫ. ਆਈ. ਆਰ ਦਰਜ ਕੀਤੀ ਗਈ ਹੈ। ਇਸੇ ਦੌਰਾਨ ਮਾਈਨਿੰਗ ਸਬੰਧੀ ਜ਼ਿਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਅੱਜ ਮਾਈਨਿੰਗ, ਆਬਕਾਰੀ ਤੇ ਪੁਲਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਜ਼ਿਲੇ ’ਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੂਰੀ ਸਖ਼ਤੀ ਵਰਤਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ ਕਾਰਨ ਸਕੱਤਰ ਮਾਈਨਿੰਗ ਤੇ ਜਿਓਲੋਜੀਕਲ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 1 ਜੁਲਾਈ ਤੋਂ 30 ਸਤੰਬਰ ਤਕ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਮੇਂ ਦੌਰਾਨ ਪੂਰੀ ਨਿਗਰਾਨੀ ਅਤੇ ਚੌਕਸੀ ਵਰਤਣ ਤੇ ਜੇਕਰ ਕੋਈ ਵੀ ਮਾਈਨਿੰਗ ਕਰਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
 


Related News