ਗੁਜਰਾਤ ਅਤੇ ਰਾਜਸਥਾਨ ’ਚ ਛਾਪੇਮਾਰੀ, 230 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ

04/28/2024 10:31:41 AM

ਅਹਿਮਦਾਬਾਦ- ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਅਤੇ ਦਿੱਲੀ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਟੀਮ ਨੇ ਗੁਜਰਾਤ ਅਤੇ ਰਾਜਸਥਾਨ ’ਚ ਗੈਰ-ਕਾਨੂੰਨੀ ਫੈਕਟਰੀਆਂ ’ਤੇ ਛਾਪੇਮਾਰੀ ਕਰ ਕੇ 230 ਕਰੋੜ ਰੁਪਏ ਤੋਂ ਵੱਧ ਦੇ ਪਾਬੰਦੀਸ਼ੁਦਾ ਡਰੱਗਜ਼ ਅਤੇ ਕੱਚਾ ਮਾਲ ਜ਼ਬਤ ਕੀਤਾ ਹੈ। ਇਸ ਸਬੰਧ ਵਿਚ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏ. ਟੀ. ਐੱਸ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਹਿਮਦਾਬਾਦ ਵਾਸੀ ਮਨੋਹਰ ਲਾਲ ਕੇ. ਏਨਾਨੀ ਅਤੇ ਰਾਜਸਥਾਨ ਦੇ ਕੁਲਦੀਪ ਸਿੰਘ ਰਾਜਪੁਰੋਹਿਤ ਨੇ ਮੈਫੇਡਰੋਨ ਬਣਾਉਣ ਵਾਲੀਆਂ ਇਕਾਈਆਂ ਸਥਾਪਤ ਕੀਤੀਆਂ ਹਨ, ਜਿਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ। 

ਸੂਚਨਾ ਮਿਲੀ ਸੀ ਕਿ ਅਹਿਮਦਾਬਾਦ ਦੇ ਥਲਤੇਜ ਦਾ ਰਹਿਣ ਵਾਲਾ ਮਨੋਹਰ ਲਾਲ ਕੇ. ਏਨਾਨੀ ਅਤੇ ਗਾਂਧੀਨਗਰ ਦਾ ਕੁਲਦੀਪ ਸਿੰਘ  ਰਾਜਪੁਰੋਹਿਤ (40) ਆਪਣੇ ਸਾਥੀਆਂ ਨਾਲ ਮਿਲ ਕੇ ਗੁਜਰਾਤ ਅਤੇ ਰਾਜਸਥਾਨ ਦੀਆਂ ਕਈ ਥਾਵਾਂ ’ਤੇ ਫੈਕਟਰੀਆਂ ’ਚ ਗੈਰ-ਕਾਨੂੰਨੀ ਡਰੱਗ ਮੈਫੇਡਰੋਨ ਬਣਾ ਕੇ ਵੇਚਦੇ ਹਨ। ਏ. ਟੀ. ਐੱਸ. ਗੁਜਰਾਤ ਅਤੇ ਐੱਨ. ਸੀ. ਬੀ. ਆਈ. ਏ. ਐੱਸ. ਦੀ ਇਕ ਸਾਂਝੀ ਟੀਮ ਨੇ 26 ਅਪ੍ਰੈਲ ਦੇਰ ਰਾਤ ਗੁਜਰਾਤ ਅਤੇ ਰਾਜਸਥਾਨ ਵਿਚ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਲਗਭਗ 22.028 ਕਿਲੋਗ੍ਰਾਮ ਮੇਫੈਡ੍ਰੋਨ, 124 ਲੀਟਰ ਤਰਲ ਮੇਫੈਡ੍ਰੋਨ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਅਨੁਮਾਨਿਤ ਕੀਮਤ 230 ਕਰੋੜ ਰੁਪਏ ਤੋਂ ਵੱਧ ਹੈ, ਬਰਾਮਦ ਕੀਤੀ। ਇਸ ਤੋਂ ਇਲਾਵਾ 4 ਫੈਕਟਰੀਆਂ ਅਤੇ ਉਪਕਰਨ ਜ਼ਬਤ ਕਰਦਿਆਂ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਜਾਂਚ ਮੁਤਾਬਕ ਰਾਜਸਥਾਨ ਸਥਿਤ ਇਕ ਉਦਯੋਗਿਕ ਇਕਾਈ ਵਿਚ ਮੈਫੇਡਰੋਨ ਦੇ ਉਤਪਾਦਨ ਵਿਚ ਸ਼ਮੂਲੀਅਤ ਦੇ ਮਾਮਲੇ ਵਿਚ 2015 'ਚ ਮਾਲੀਆ ਖ਼ੁਫੀਆ ਡਾਇਰੈਕਟੋਰੇਟ ਵਲੋਂ ਫੜੇ ਜਾਣ ਮਗਰੋਂ ਏਨਾਨੀ 7 ਸਾਲ ਜੇਲ੍ਹ 'ਚ ਰਿਹਾ ਸੀ। ਜਾਣਕਾਰੀ ਮੁਤਾਬਕ ਦੋਸ਼ੀ ਵਲਸਾਡ ਜ਼ਿਲ੍ਹੇ ਦੇ ਵਾਪੀ ਉਦਯੋਗਿਕ ਖੇਤਰ  ਵਿਚ ਸਥਿਤ ਇਕ ਕੰਪਨੀ ਤੋਂ ਕੱਚਾ ਮਾਲ ਖਰੀਦ ਰਹੇ ਸਨ। ਇਸ ਵਿਚ ਕਿਹਾ ਗਿਆ ਕਿ ਇਹ  ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਨਸ਼ੀਲੇ ਪਦਾਰਥ ਦਾ ਉਤਪਾਦਨ ਕਦੋਂ ਤੋਂ ਕਰ ਰਹੇ ਸਨ, ਕੀ ਉਨ੍ਹਾਂ ਨੇ ਇਸ ਨੂੰ ਪਹਿਲਾਂ ਵੇਚਿਆ ਸੀ ਅਤੇ ਪੂਰੇ ਗਿਰੋਹ ਵਿਚ ਕੌਣ-ਕੌਣ ਸ਼ਾਮਲ ਹੈ।


Tanu

Content Editor

Related News