ਲੁਧਿਆਣਾ ਸਿਵਲ ਹਸਪਤਾਲ ਦੇ 37 ਮੁਲਾਜ਼ਮ ਗੈਰ-ਹਾਜ਼ਰ ਮਿਲੇ

Monday, Apr 29, 2024 - 11:33 AM (IST)

ਲੁਧਿਆਣਾ (ਜ.ਬ.) : ਸਿਵਲ ਸਰਜਨ ਨੇ ਇਕ ਹਫ਼ਤਾ ਪਹਿਲਾਂ ਸਿਵਲ ਹਸਪਤਾਲ ’ਚ ਸਟਿੰਗ ਆਪ੍ਰੇਸ਼ਨ ਕਰ ਕੇ ਡੋਪ ਟੈਸਟ ਦੀ ਨੈਗੇਟਿਵ ਰਿਪੋਰਟ ਆਉਣ ਦੇ ਬਦਲੇ 3000 ਰੁਪਏ ਦੀ ਰਿਸ਼ਵਤ ਲੈਣ ਵਾਲੇ ਲੈਬ ਟੈਕਨੀਸ਼ੀਅਨ ਨੂੰ ਗ੍ਰਿਫ਼ਤਾਰ ਕਰ ਕੇ ਮੁਅੱਤਲ ਕਰ ਦਿੱਤਾ ਸੀ। ਸਿਵਲ ਸਰਜਨ ਨੇ ਜਦੋਂ ਸਿਵਲ ਹਸਪਤਾਲ ਪਹੁੰਚ ਕੇ ਹਾਜ਼ਰੀ ਚੈੱਕ ਕੀਤੀ ਤਾਂ 37 ਕਰਮਚਾਰੀ ਗੈਰ-ਹਾਜ਼ਰ ਮਿਲੇ, ਜਦੋਂ ਕਿ ਡਾ. ਦੀਪਕਾ ਗੋਇਲ ਵੀ ਡਿਊਟੀ ’ਤੇ ਦੇਰੀ ਨਾਲ ਪੁੱਜੀ। ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਡਿਊਟੀ ਸਵੇਰੇ 8 ਵਜੇ ਸ਼ੁਰੂ ਹੁੰਦੀ ਹੈ ਅਤੇ ਸਿਹਤ ਕੇਂਦਰਾਂ ’ਚ ਮੁਲਾਜ਼ਮ ਦੇਰੀ ਨਾਲ ਪਹੁੰਚਦੇ ਹਨ ਤਾਂ ਮਰੀਜ਼ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਜ਼ਿਕਰਯੋਗ ਹੈ ਕਿ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਿਵਲ ਸਰਜਨ 8.15 ’ਤੇ ਹਸਪਤਾਲ ਪਹੁੰਚੇ ਅਤੇ ਸੀਨੀਅਰ ਮੈਡੀਕਲ ਅਫ਼ਸਰ ਦੇ ਕਮਰੇ ’ਚ ਬੈਠ ਕੇ ਹਾਜ਼ਰੀ ਰਜਿਸਟਰ ਆਪਣੇ ਕਬਜ਼ੇ ’ਚ ਲੈ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਜਵਾਬਦੇਹੀ ਕੀਤੀ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਚੈਕਿੰਗ ਦੌਰਾਨ ਗੈਰ-ਹਾਜ਼ਰ ਰਹਿਣ ਵਾਲੇ 37 ਮੁਲਾਜ਼ਮਾਂ ’ਚ 7 ਡਾਕਟਰ, 2 ਰੇਡੀਓਗ੍ਰਾਫਰ, 2 ਸਟਾਫ਼ ਨਰਸਾਂ, 2 ਡੈਂਟਲ ਸਟਾਫ਼, 5 ਆਈ. ਸੀ. ਟੀ. ਸੀ. ਕਰਮਚਾਰੀ, 6 ਕੰਪਿਊਟਰ ਆਪਰੇਟਰ ਸ਼ਾਮਲ ਹਨ ਅਤੇ ਇਕ ਮਲਟੀ ਟਾਸਕ ਵਰਕਰ, ਇਕ ਲੈਬ ਟੈਕਨੀਸ਼ੀਅਨ, 2 ਫਾਰਮੇਸੀ ਅਫ਼ਸਰ, 1 ਪਲੰਬਰ, 1 ਪੰਪ ਆਪਰੇਟਰ, 1 ਸੋਸ਼ਲ ਵਰਕਰ ਅਤੇ 6 ਹੋਰ ਸਟਾਫ ਮੈਂਬਰ ਗੈਰ-ਹਾਜ਼ਰ ਪਾਏ ਗਏ।
ਗਿਆਸਪੁਰਾ ਦੇ ਅਰਬਨ ਹੈਲਥ ਸੈਂਟਰ ਨੂੰ ਲੱਗਿਆ ਸੀ ਤਾਲਾ
ਸਿਵਲ ਹਸਪਤਾਲ ਤੋਂ ਰਵਾਨਾ ਹੋ ਕੇ ਸਿਵਲ ਸਰਜਨ ਜਦੋਂ ਗਿਆਸਪੁਰਾ ਸਥਿਤ ਯੂ. ਸੀ. ਐੱਚ. ਸੀ. ’ਚ ਪੁੱਜੇ ਤਾਂ ਉਸ ਨੂੰ ਤਾਲਾ ਲੱਗਿਆ ਦੇਖਿਆ ਤੇ ਸਾਢੇ 9 ਵਜੇ ਤੱਕ ਕੋਈ ਵੀ ਕਰਮਚਾਰੀ ਨਹੀਂ ਆਇਆ ਸੀ। ਸਿਵਲ ਸਰਜਨ ਨੇ ਤਾਲਾ ਲੱਗਾ ਦੇਖ ਉੱਥੋਂ ਚਲੇ ਗਏ। ਡਾ. ਜਸਵੀਰ ਸਿੰਘ ਔਲਖ ਨੇ ਕਿਹਾ ਕਿ ਸਾਰੇ ਮੁਲਾਜ਼ਮਾਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਜਾਂਚ ਦਾ ਕੰਮ ਜਾਰੀ ਰੱਖਿਆ ਜਾਵੇਗਾ ਅਤੇ ਡਿਊਟੀ ’ਚ ਅਣਗਹਿਲੀ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


Babita

Content Editor

Related News