ਦਾਜ ਲਈ ਹੱਤਿਆ ਦੇ ਦੋਸ਼ੀ ਪਤੀ, ਜੇਠ ਤੇ ਸੱਸ ਨੂੰ 7 ਸਾਲ ਦੀ ਸਜ਼ਾ

07/17/2019 1:52:03 AM

ਚੰਡੀਗੜ੍ਹ,(ਸੰਦੀਪ): ਸੈਕਟਰ-26 ਨਿਵਾਸੀ ਕਿਰਨ ਬਾਲਾ ਦਾ ਦਾਜ ਲਈ ਹੱਤਿਆ ਕਰਨ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਦੋਸ਼ੀ ਪਤੀ ਗੁਲਸ਼ਨ, ਜੇਠ ਬੰਟੀ ਤੇ ਸੱਸ ਸੰਤੋਸ਼ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। ਸਬੂਤਾਂ ਦੀ ਘਾਟ 'ਚ ਅਦਾਲਤ ਮ੍ਰਿਤਕਾ ਦੇ ਸਹੁਰੇ ਬੌਬੀ ਨੂੰ ਪਹਿਲਾਂ ਹੀ ਬਰੀ ਕਰ ਚੁੱਕੀ ਹੈ। ਸੈਕਟਰ-26 ਥਾਣਾ ਪੁਲਸ ਨੇ ਪਿਛਲੇ ਸਾਲ ਮਈ 'ਚ ਦਾਜ ਲਈ ਹੱਤਿਆ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਸੀ।
ਜਾਣਕਾਰੀ ਮੁਤਾਬਕ ਮਈ 2018 'ਚ ਕਿਰਨ ਬਾਪੂਧਾਮ ਕਾਲੋਨੀ 'ਚ ਆਪਣੇ ਸਹੁਰੇ ਘਰ ਸ਼ੱਕੀ ਹਾਲਤ 'ਚ ਬਾਥਰੂਮ 'ਚ ਫਾਹ ਨਾਲ ਲਟਕੀ ਮਿਲੀ ਸੀ। ਹਸਪਤਾਲ ਪਹੁੰਚਾਉਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਕਿਰਨ ਦੀ 7 ਮਹੀਨੇ ਪਹਿਲਾਂ ਹੀ ਲਵ ਮੈਰਿਜ ਹੋਈ ਸੀ। ਉਥੇ ਹੀ ਘਟਨਾ ਸਥਾਨ ਤੋਂ ਪੁਲਸ ਨੂੰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਪਰ ਮ੍ਰਿਤਕਾ ਦੇ ਵਾਰਸਾਂ ਨੇ ਉਸ ਦੇ ਸਹੁਰੇ ਪੱਖ 'ਤੇ ਉਸ ਦਾ ਦਾਜ ਲਈ ਹੱਤਿਆ ਕਰਨ ਦੇ ਦੋਸ਼ ਲਾਏ ਸਨ। ਸੈਕਟਰ-26 ਥਾਣਾ ਪੁਲਸ ਨੇ ਮ੍ਰਿਤਕਾ ਦੇ ਪਤੀ ਤੇ ਸਹੁਰੇ ਪੱਖ ਦੇ ਹੋਰ ਲੋਕਾਂ ਖਿਲਾਫ ਦਾਜ ਲਈ ਹੱਤਿਆ ਦੀ ਧਾਰਾ 304-ਬੀ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ।

ਬਾਪੂਧਾਮ ਨਿਵਾਸੀ ਕੈਲਾਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਘਟਨਾ ਵਾਲੇ ਦਿਨ 2 ਵਜੇ ਉਨ੍ਹਾਂ ਦੀ ਛੋਟੀ ਬੇਟੀ ਸਕੂਲ ਤੋਂ ਘਰ ਵਾਪਸ ਆ ਰਹੀ ਸੀ। ਬੇਟੀ ਨੇ ਵੇਖਿਆ ਕਿ ਕਿਰਨ ਨੂੰ ਆਟੋ 'ਚ ਪਾਇਆ ਹੋਇਆ ਸੀ ਅਤੇ ਉਸਦੇ ਵਾਲ ਖੁੱਲ੍ਹੇ ਹੋਏ ਸਨ। ਕਿਰਨ ਨੂੰ ਆਟੋ 'ਤੇ ਪਤੀ ਗੁਲਸ਼ਨ, ਜੇਠ ਬੰਟੀ ਅਤੇ ਉਸਦੀ ਸੱਸ ਕਿਤੇ ਲੈ ਕੇ ਜਾ ਰਹੇ ਸਨ। ਬੇਟੀ ਨੇ ਘਰ ਆਉਂਦਿਆਂ ਹੀ ਕਿਰਨ ਬਾਰੇ ਆਪਣੇ ਪਿਤਾ ਨੂੰ ਦੱਸਿਆ। ਪਿਤਾ ਕੈਲਾਸ਼ ਤੁਰੰਤ ਬੇਟੀ ਦੇ ਘਰ ਗਏ। ਉਥੇ ਬੇਟੀ ਦੇ ਸਹੁਰੇ ਨੇ ਦੱਸਿਆ ਕਿ ਕਿਰਨ ਦੀ ਸਿਹਤ ਖ਼ਰਾਬ ਹੋ ਗਈ ਹੈ, ਉਸ ਨੂੰ ਸੈਕਟਰ-16 ਜਨਰਲ ਹਸਪਤਾਲ ਲੈ ਕੇ ਗਏ ਹਨ। ਉਹ ਤੁਰੰਤ ਹਸਪਤਾਲ ਪਹੁੰਚ ਗਏ, ਜਿਥੇ ਡਾਕਟਰਾਂ ਨੇ ਦੱਸਿਆ ਕਿ ਕਿਰਨ ਦੀ ਮੌਤ ਹੋ ਚੁੱਕੀ ਹੈ।

ਦਾਜ ਲਈ ਕਰਦੇ ਸਨ ਤੰਗ
ਕੈਲਾਸ਼ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਬੇਟੀ ਦੀ ਹੱਤਿਆ ਗੁਲਸ਼ਨ, ਉਸਦੇ ਸਹੁਰੇ ਬੌਬੀ, ਜੇਠ ਬੰਟੀ ਅਤੇ ਸੱਸ ਸੰਤੋਸ਼ ਅਤੇ ਹੋਰਨਾਂ ਨੇ ਮਿਲ ਕੇ ਕੀਤੀ ਹੈ। ਵਿਆਹ ਤੋਂ ਬਾਅਦ ਹੀ ਬੇਟੀ ਨੂੰ ਦਾਜ ਲਈ ਤੰਗ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਇਕ ਮਹੀਨਾ ਪਹਿਲਾਂ ਕਿਰਨ ਰੋਂਦੀ ਹੋਈ ਘਰ ਆਈ ਸੀ। ਉਸਨੇ ਦੱਸਿਆ ਸੀ ਕਿ ਉਸਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਉਸਨੂੰ ਦਾਜ ਲਈ ਤੰਗ ਕਰਦੇ ਹਨ। ਇਸਦੀ ਸ਼ਿਕਾਇਤ ਉਨ੍ਹਾਂ ਨੇ ਬਾਪੂਧਾਮ ਚੌਕੀ ਪੁਲਸ ਨੂੰ ਦਿੱਤੀ ਸੀ ਪਰ ਬਾਪੂਧਾਮ ਚੌਕੀ ਪੁਲਸ 'ਚ ਗੁਲਸ਼ਨ ਦੇ ਪਰਿਵਾਰ ਨੇ ਕਿਹਾ ਸੀ ਕਿ ਹੁਣ ਉਹ ਕਿਰਨ ਨਾਲ ਕੁੱਟ-ਮਾਰ ਨਹੀਂ ਕਰਨਗੇ। ਕੈਲਾਸ਼ ਨੇ ਦੋਸ਼ ਲਾਇਆ ਕਿ ਉਸਦੀ ਬੇਟੀ ਦਾ ਹੱਤਿਆ ਕਰ ਕੇ ਉਸਨੂੰ ਬਾਥਰੂਮ 'ਚ ਲਟਕਾਇਆ ਗਿਆ।


Related News