ਬਿਨਾਂ ਪਾਣੀ ਤੋਂ ਮਨੁੱਖ ਦਾ ਵਜੂਦ ਪੈ ਜਾਂਦੈ ਖਤਰੇ ''ਚ

Wednesday, Jun 07, 2017 - 03:19 PM (IST)


ਲੁਧਿਆਣਾ(ਸਲੂਜਾ)-ਗਰਮ ਮੌਸਮ ਦੀ ਸ਼ੁਰੂਆਤ ਹੁੰਦੇ ਹੀ ਇਕ ਮਨੁੱਖੀ ਸਰੀਰ 'ਚ ਪਾਣੀ ਦੀ ਲੋੜ ਵੀ ਇਕਦਮ ਵਧ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਪਾਣੀ ਸਾਡੇ ਸਰੀਰ 'ਚੋਂ ਪਸੀਨੇ ਦੇ ਰੂਪ 'ਚ ਬਾਹਰ ਨਿਕਲ ਜਾਂਦਾ ਹੈ। ਇਸ ਲਈ ਜੇਕਰ ਮਨੁੱਖ ਨੂੰ ਸਮੇਂ 'ਤੇ ਪੀਣ ਲਈ ਪਾਣੀ ਨਾ ਮਿਲੇ ਤਾਂ ਉਸ ਦਾ ਵਜੂਦ ਖਤਰੇ 'ਚ ਪੈ ਜਾਂਦਾ ਹੈ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਵਿਗਿਆਨੀ ਤਰਨਪ੍ਰੀਤ ਕੌਰ, ਕਿਰਨ ਗਰੇਵਾਲ ਅਤੇ ਨਵਜੋਤ ਕੌਰ ਨੇ ਇਸ ਵਿਸ਼ੇ 'ਤੇ ਕੀਤੀ ਜਾ ਰਹੀ ਰਿਸਰਚ ਦੇ ਆਧਾਰ 'ਤੇ ਦੱਸਿਆ ਕਿ ਇਕ ਮਨੁੱਖ ਦੇ ਸਰੀਰ 'ਚ ਪਾਣੀ ਦੀ ਮਾਤਰਾ ਦਾ ਪੱਧਰ ਦਰੁਸਤ ਅਤੇ ਊਰਜਾ ਦਾ ਪੱਧਰ ਉੱਚਾ ਰਹਿਣਾ ਬਹੁਤ ਜ਼ਰੂਰੀ ਹੈ।

ਕਿੰਨੀ ਕੈਲਰੀਜ਼ ਦੀ ਹੁੰਦੀ ਹੈ ਲੋੜ
ਮਹਿਰਾਂ ਮੁਤਾਬਕ ਇਕ ਵਿਅਕਤੀ ਨੂੰ ਹਰ ਰੋਜ਼ 2.3 ਲੀਟਰ ਪਾਣੀ ਤਾਂ ਚਾਹੀਦਾ ਹੀ ਹੈ ਅਤੇ ਇਸ ਦੇ ਨਾਲ ਹੀ 2320 ਕੈਲਰੀਜ਼ ਦੀ ਲੋੜ ਹੁੰਦੀ ਹੈ। ਪੀਣ ਵਾਲੇ ਪਦਾਰਥ ਮਨੁੱਖੀ ਸਰੀਰ ਨੂੰ 80 ਫੀਸਦੀ ਤੱਕ ਪਾਣੀ ਦਿੰਦੇ ਹਨ, ਜੋ ਕਿ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ।

ਵੱਧ ਮਾਤਰਾ 'ਚ ਅਲਕੋਹਲਿਕ ਪਦਾਰਥ ਘਾਤਕ
ਯੂਨੀਵਰਸਿਟੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੱਧ ਮਾਤਰਾ 'ਚ ਐਲਕੋਹਲਿਕ ਪਦਾਰਥਾਂ ਦਾ ਸੇਵਨ ਮਨੁੱਖ ਲਈ ਘਾਤਕ ਹੈ। ਇਸ ਨਾਲ ਸਰੀਰਕ ਸੰਤੁਲਨ ਤਾਂ ਵਿਗੜਦਾ ਹੀ ਹੈ, ਦਿਮਾਗੀ ਸੰਤੁਲਨ ਦੇ ਡਗਮਗਾਉਣ ਨਾਲ ਬੇਹੋਸ਼ੀ ਅਤੇ ਮੌਤ ਤੱਕ ਹੋ ਜਾਂਦੀ ਹੈ। ਵੱਧ ਮਾਤਰਾ 'ਚ ਸਾਫਟ ਡਰਿੰਕਸ ਅਤੇ ਚੀਨੀ ਵਾਲੇ ਤਰਲ ਪਦਾਰਥ ਪੀਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਸਮੱਸਿਆਵਾਂ 'ਚ ਪ੍ਰਮੁੱਖ ਤੌਰ 'ਤੇ ਮੋਟਾਪਾ, ਸ਼ੂਗਰ, ਹੱਡੀਆਂ ਦਾ ਖੁਰਨਾ, ਦੰਦਾਂ ਦਾ ਵਿਗੜਨਾ ਅਤੇ ਸਰੀਰ 'ਚ ਵਿਟਾਮਿਨਾਂ ਦੀ ਕਮੀ ਆਦਿ ਹਨ।

ਸਿਹਤਮੰਦ ਰਹਿਣ ਲਈ ਜਾਗਰੂਕ ਰਹਿਣਾ ਪਵੇਗਾ
ਯੂਨੀਵਰਸਿਟੀ ਮਾਹਿਰਾਂ ਦਾ ਮੰਨਣਾ ਹੈ ਕਿ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ 'ਚ ਜੇਕਰ ਤੁਸੀ ਲੰਮੇ ਸਮੇਂ ਤੱਕ ਸਿਹਤਮੰਦ ਰਹਿਣਾ ਹੈ ਤਾਂ ਤੁਹਾਨੂੰ ਪੀਣ ਵਾਲੇ ਪਦਾਰਥਾਂ ਦੀ ਬਹੁਤ ਹੀ ਸੋਚ ਸਮਝ ਕੇ ਚੋਣ ਕਰਨੀ ਹੋਵੇਗੀ। ਲੱਸੀ, ਨਿੰਬੂ ਪਾਣੀ, ਗੰਨੇ ਦਾ ਰਸ, ਕਾਂਜੀ, ਜਲ ਜੀਰਾ, ਨਾਰੀਅਲ, ਬੇਲ ਜੂਸ, ਮਿਲਕ ਬਦਾਮ, ਕੇਸਰ ਦਾ ਦੁੱਧ, ਕੀਵੀ ਸ਼ੇਕ ਅਤੇ ਬਨਾਨਾ ਸ਼ੇਕ ਆਦਿ ਅਜਿਹੇ ਉਤਪਾਦ ਹਨ, ਜੋ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਦਿੰਦੇ ਹਨ ਅਤੇ ਇਨ੍ਹਾਂ ਦੇ ਰੈਗੂਲਰ ਇਸਤੇਮਾਲ ਨਾਲ ਸਰੀਰ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।


Related News