ਬਕਾਇਆ ਨਾ ਭਰਨ ਵਾਲਿਆਂ ਖ਼ਿਲਾਫ਼ ਹਾਊਸਿੰਗ ਬੋਰਡ ਸਖ਼ਤ, ਖ਼ਾਲੀ ਕਰਵਾਏ ਫਲੈਟ
Thursday, Jan 29, 2026 - 01:34 PM (IST)
ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਵੱਲੋਂ ਸੈਕਟਰ-38 (ਪੱਛਮੀ) ਸਥਿਤ ਸਮਾਲ ਫਲੈਟਸ ਖੇਤਰ ’ਚ ਨਾਜਾਇਜ਼ ਕਬਜ਼ਾ ਧਾਰੀਆਂ ਨੂੰ ਬਾਹਰ ਕੱਢਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦੌਰਾਨ ਬੋਰਡ ਨੇ ਉਨ੍ਹਾਂ 10 ਰਿਹਾਇਸ਼ੀ ਇਕਾਈਆਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਖ਼ਾਲੀ ਕਰਵਾ ਲਿਆ ਹੈ, ਜਿਨ੍ਹਾਂ ਦੀ ਅਲਾਟਮੈਂਟ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਕਾਰਨ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਸੀ। ਇਸ ਨਿਕਾਸੀ ਮੁਹਿੰਮ ਦੌਰਾਨ ਹਾਊਸਿੰਗ ਬੋਰਡ ਨੇ ਮਕਾਨ ਨੰਬਰ 4695/2, 4874/3, 4894/3, 4902/2, 4928/3, 4961/1, 4963/2, 4965/2, 4966/3 ਅਤੇ 4985 ਦਾ ਕਬਜ਼ਾ ਵਾਪਸ ਲਿਆ।
ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਫਲੈਟਾਂ ਦੀ ਬਕਾਇਆ ਰਾਸ਼ੀ ਹੁਣ ਨਿਯਮਾਂ ਅਨੁਸਾਰ ਲੈਂਡ ਰੈਵੀਨਿਊ (ਜ਼ਮੀਨੀ ਮਾਲੀਆ) ਦੇ ਬਕਾਏ ਵਜੋਂ ਵਸੂਲ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਸਮੂਹ ਅਲਾਟੀਆਂ ਤੇ ਲਾਇਸੈਂਸ ਧਾਰਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਬਣਦੀ ਬਕਾਇਆ ਰਾਸ਼ੀ ਤੁਰੰਤ ਜਮ੍ਹਾਂ ਕਰਵਾਉਣ ਤਾਂ ਜੋ ਭਵਿੱਖ ’ਚ ਅਲਾਟਮੈਂਟ ਰੱਦ ਹੋਣ ਅਤੇ ਫਲੈਟ ਖ਼ਾਲੀ ਕੀਤੇ ਜਾਣ ਵਰਗੀ ਕਿਸੇ ਵੀ ਸਖ਼ਤ ਕਾਰਵਾਈ ਤੋਂ ਬਚਿਆ ਜਾ ਸਕੇ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਡਿਫਾਲਟਰਾਂ ਖ਼ਿਲਾਫ਼ ਇਹ ਮੁਹਿੰਮ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹੇਗੀ।
