ਹੋਟਲ ''ਚੋਂ ਗਹਿਣਿਆਂ ਤੇ ਨਕਦੀ ਵਾਲਾ ਬੈਗ ਚੋਰੀ
Monday, Dec 04, 2017 - 12:13 PM (IST)
ਲੁਧਿਆਣਾ (ਪੰਕਜ) : ਸ਼ੇਰਪੁਰ ਚੌਕ ਨੇੜੇ ਹੋਟਲ ਵਿਚ ਆਯੋਜਿਤ ਪਾਰਟੀ ਵਿਚ ਸ਼ਾਮਲ ਹੋਣ ਪਹੁੰਚੇ ਪਿਤਾ ਤੇ ਬੇਟੀ ਨੂੰ ਚਕਮਾ ਦੇ ਕੇ ਅਣਪਛਾਤਾ ਵਿਅਕਤੀ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਜ਼ਰੂਰੀ ਕਾਗਜ਼ਾਤ ਵਾਲਾ ਬੈਗ ਚੋਰੀ ਕਰਕੇ ਫਰਾਰ ਗਿਆ। ਫੋਕਲ ਪੁਆਇੰਟ ਪੁਲਸ ਸਟੇਸ਼ਨ ਵਿਚ ਦਿੱਤੀ ਸ਼ਿਕਾਇਤ ਵਿਚ ਜਗਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਨਿਵਾਸੀ ਜਨਕਪੁਰੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਗੁਰਚਰਨ ਕੌਰ ਨਾਲ ਸ਼ੇਰਪੁਰ ਏਰੀਆ ਵਿਚ ਸਥਿਤ ਇਕ ਹੋਟਲ ਵਿਚ 2 ਦਸੰਬਰ ਨੂੰ ਆਯੋਜਿਤ ਪਾਰਟੀ ਵਿਚ ਸ਼ਮੂਲੀਅਤ ਕਰਨ ਗਿਆ ਸੀ।
ਇਸ ਦੌਰਾਨ ਉਸਦੀ ਬੇਟੀ ਨੇ ਆਪਣਾ ਹੈਂਡ ਬੈਗ, ਜਿਸ ਵਿਚ ਸੋਨੇ ਦੇ ਟੌਪਸ, ਲਾਕੇਟ, ਹੋਰ ਗਹਿਣੇ, ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ ਤੇ ਕੈਸ਼ ਸੀ, ਨੂੰ ਨਾਲ ਵਾਲੀ ਸੀਟ 'ਤੇ ਰੱਖ ਦਿੱਤਾ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਚਕਮਾ ਦੇ ਕੇ ਉਕਤ ਬੈਗ ਚੋਰੀ ਕਰ ਲਿਆ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
