ਰੇਲਵੇ TTI ਦੀ ਇਮਾਨਦਾਰੀ: ਯਾਤਰੀ ਦਾ ਗੁਆਚਿਆ ਟਰਾਲੀ ਬੈਗ ਵਾਪਸ ਕਰ ਨਿਭਾਈ ਆਪਣੀ ਡਿਊਟੀ

Friday, Dec 26, 2025 - 09:39 PM (IST)

ਰੇਲਵੇ TTI ਦੀ ਇਮਾਨਦਾਰੀ: ਯਾਤਰੀ ਦਾ ਗੁਆਚਿਆ ਟਰਾਲੀ ਬੈਗ ਵਾਪਸ ਕਰ ਨਿਭਾਈ ਆਪਣੀ ਡਿਊਟੀ

ਜੈਤੋ (ਰਘੂਨੰਦਨ ਪਰਾਸ਼ਰ) : ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਦੇ ਇੱਕ ਟਿਕਟ ਚੈਕਿੰਗ ਸਟਾਫ਼ (TTI) ਨੇ ਆਪਣੀ ਇਮਾਨਦਾਰੀ ਅਤੇ ਫਰਜ਼ ਨਿਭਾਉਂਦਿਆਂ ਭਾਰਤੀ ਰੇਲਵੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ, 25 ਦਸੰਬਰ 2025 ਨੂੰ ਗੱਡੀ ਸੰਖਿਆ 12716 (ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ ਸੱਚਖੰਡ ਐਕਸਪ੍ਰੈਸ) ਦੇ ਕੋਚ ਬੀ-05 (B-05) ਵਿੱਚ ਸਫ਼ਰ ਕਰ ਰਿਹਾ ਇੱਕ ਯਾਤਰੀ ਜਲਦਬਾਜ਼ੀ ਵਿੱਚ ਆਪਣਾ ਟ੍ਰਾਲੀ ਬੈਗ ਅੰਬਾਲਾ ਸਟੇਸ਼ਨ 'ਤੇ ਉਤਰਦੇ ਸਮੇਂ ਟ੍ਰੇਨ ਵਿੱਚ ਹੀ ਭੁੱਲ ਗਿਆ ਸੀ।

ਟੀ.ਟੀ.ਆਈ. ਦੀ ਸੂਝ-ਬੂਝ ਨੇ ਦਿਵਾਇਆ ਬੈਗ ਅੰਮ੍ਰਿਤਸਰ ਦੇ ਟੀ.ਟੀ.ਆਈ. ਸੁਖਰਾਮ ਮੀਣਾ ਨੇ ਇਸ ਮਾਮਲੇ ਵਿੱਚ ਬਹੁਤ ਸੂਝ-ਬੂਝ ਦਿਖਾਈ। ਉਨ੍ਹਾਂ ਨੇ ਵਪਾਰਕ ਕੰਟਰੋਲ (Commercial Control) ਦੀ ਮਦਦ ਨਾਲ ਉਸ ਸੀਟ 'ਤੇ ਸਫ਼ਰ ਕਰਨ ਵਾਲੇ ਮੁਸਾਫ਼ਰ ਨਾਲ ਸੰਪਰਕ ਕੀਤਾ। ਯਾਤਰੀ ਨੇ ਦੱਸਿਆ ਕਿ ਉਸ ਦੇ ਬੈਗ ਵਿੱਚ ਬਹੁਤ ਹੀ ਕੀਮਤੀ ਅਤੇ ਮਹੱਤਵਪੂਰਨ ਸਾਮਾਨ ਸੀ। ਸੁਖਰਾਮ ਮੀਣਾ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਸਾਰੀ ਪੁਸ਼ਟੀ ਕਰਨ ਤੋਂ ਬਾਅਦ ਉਹ ਬੈਗ ਸੁਰੱਖਿਅਤ ਢੰਗ ਨਾਲ ਯਾਤਰੀ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ। ਰੇਲਵੇ ਅਨੁਸਾਰ ਇਹ ਕਾਰਜ ਇਮਾਨਦਾਰੀ ਅਤੇ ਸ਼ਾਨਦਾਰ ਆਚਰਣ ਦਾ ਪ੍ਰਤੀਕ ਹੈ, ਜੋ ਭਾਰਤੀ ਰੇਲ ਦੀ ਛਵੀ ਨੂੰ ਮਜ਼ਬੂਤ ਕਰਦਾ ਹੈ।

ਪ੍ਰਸ਼ੰਸਾ ਪੱਤਰ ਨਾਲ ਕੀਤਾ ਜਾਵੇਗਾ ਸਨਮਾਨਿਤ ਰੇਲ ਯਾਤਰੀ ਨੇ ਟਿਕਟ ਚੈਕਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਭਾਰਤੀ ਰੇਲਵੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਸੁਖਰਾਮ ਮੀਣਾ ਦੇ ਇਸ ਸ਼ਲਾਘਾਯੋਗ ਕਾਰਜ ਨੂੰ ਦੇਖਦੇ ਹੋਏ, ਸੀਨੀਅਰ ਮੰਡਲ ਵਪਾਰਕ ਪ੍ਰਬੰਧਕ (Sr. DCM) ਪਰਮਦੀਪ ਸਿੰਘ ਸੈਨੀ ਨੇ ਉਨ੍ਹਾਂ ਨੂੰ ਪ੍ਰਸ਼ੰਸਾ ਪ੍ਰਮਾਣ ਪੱਤਰ ਦੇਣ ਦੀ ਘੋਸ਼ਣਾ ਕੀਤੀ ਹੈ। ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਹੋਰ ਟਿਕਟ ਚੈਕਿੰਗ ਸਟਾਫ਼ ਨੂੰ ਵੀ ਅਜਿਹੇ ਨੇਕ ਅਤੇ ਸ਼ਲਾਘਾਯੋਗ ਕੰਮ ਕਰਨ ਲਈ ਪ੍ਰੇਰਨਾ ਮਿਲੇਗੀ।


author

Inder Prajapati

Content Editor

Related News