ਹੋਟਲ-ਪੈਲੇਸ ਮਾਲਕ ਆਪਣਾ ਕੂੜਾ ਡੰਪ ’ਤੇ ਨਾ ਸੁੱਟਣ, ਪਲਾਂਟ ਲਾ ਕੇ ਉਸਨੂੰ ਖੁਦ ਪ੍ਰਾਸੈੱਸ ਕਰਨ

Thursday, Aug 30, 2018 - 06:12 AM (IST)

ਜਲੰਧਰ,    (ਖੁਰਾਣਾ)-  ਸ਼ਹਿਰ ਦੀ ਲਗਾਤਾਰ ਵਧਦੀ ਜਾ ਰਹੀ ਆਬਾਦੀ ਅਤੇ ਉਸ ਹਿਸਾਬ ਨਾਲ  ਸ਼ਹਿਰ ਦਾ ਕੂੜਾ ਵੀ ਲਗਤਾਰ ਰੋਜ਼ ਵੱਧਦਾ ਜਾ ਰਿਹਾ ਹੈ। ਇਸ ਸਮੇਂ ਅੰਦਾਜ਼ਨ ਸ਼ਹਿਰ ’ਚੋਂ 500  ਟਨ ਕੂੜਾ ਰੋਜ਼ ਨਿਕਲਦਾ ਹੈ ਤੇ ਹੈਰਾਨੀ ਵਾਲੀ ਗੱਲ ਹੈ ਕਿ 500 ਕਰੋੜ ਤੋਂ ਜ਼ਿਆਦਾ ਬਜਟ  ਵਾਲੇ ਜਲੰਧਰ ਨਗਰ ਨਿਗਮ ਕੋਲੋਂ ਇਕ ਕਿਲੋ ਕੂੜਾ ਵੀ ਪ੍ਰਾਸੈੱਸ ਨਹੀਂ ਹੋ ਰਿਹਾ। ਜਿਸ  ਕਾਰਨ ਸਾਰਾ ਕੂੜਾ ਵਰਿਆਣਾ ਡੰਪ ਜਾਂ ਇਧਰ-ਉਧਰ ਡੰਪ ਹੋ ਰਿਹਾ ਹੈ। ਸ਼ਹਿਰ ਵਿਚ ਥਾਂ-ਥਾਂ  ਕੂੜੇ ਦੇ ਢੇਰ ਲੱਗੇ ਹਨ। 80 ਵਿਚੋਂ 75 ਕੌਂਸਲਰ ਕੂੜੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਤੇ  ਲੋਕ ਕੂੜੇ ਨੂੰ ਲੈ ਕੇ ਸ਼ਿਕਾਇਤਾਂ ਕਰ ਰਹੇ ਹਨ। 
ਸ਼ਹਿਰ ਦੇ ਕੂੜੇ ਨੂੰ ਸੰਭਾਲਣ ਅਤੇ  ਉਸਨੂੰ ਪ੍ਰਾਸੈੱਸ ਕਰਨ ਦੀ ਜ਼ਿੰਮੇਵਾਰੀ ਨਿਗਮ ਦੀ ਹੈ ਪਰ ਨਿਗਮ ਕੋਲੋਂ ਇਹ ਪੂਰੀ ਨਹੀਂ ਹੋ  ਰਹੀ ਹੁਣ ਨਿਗਮ ਨੇ ਆਪਣੀ ਜ਼ਿੰਮੇਵਾਰੀ ਦੂਜਿਆਂ ’ਤੇ ਥੋਪਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।  ਇਸਦੇ ਤਹਿਤ ਅੱਜ ਨਿਗਮ ਕੰਪਲੈਕਸ ਵਿਚ ਇਕ ਬੈਠਕ ਬੁਲਾਈ ਗਈ ਜਿਸ ਵਿਚ ਉਨ੍ਹਾਂ ਹੋਟਲਾਂ  ਤੇ ਪੈਲੇਸ ਮਾਲਕਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਹੋਟਲਾਂ ਤੇ ਪੈਲੇਸਾਂ ਵਿਚੋਂ ਹਰ ਰੋਜ਼  100 ਕਿਲੋ ਤੋਂ ਜਾਂ ਇਸ ਤੋਂ ਵੱਧ ਕੂੜਾ ਨਿਕਲਦਾ ਹੈ।  ਬੈਠਕ ਵਿਚ ਨਗਰ ਨਿਗਮ ਕਮਿਸ਼ਨਰ  ਦੀਪਰਵ ਲਾਕੜਾ, ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ,  ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ  ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। ਜਦੋਂਕਿ ਹੋਟਲ ਮਾਲਕਾਂ ਦੀ ਨੁਮਾਇੰਦਗੀ  ਪਲਾਜ਼ਾ ਹੋਟਲ ਦੇ ਮਾਲਕ ਪਰਮਜੀਤ ਸਿੰਘ ਬੁੱਧੀਰਾਜਾ ਨੇ ਕੀਤੀ। 
ਬੈਠਕ ਵਿਚ ਸਾਲਿਡ  ਵੇਸਟ ਮੈਨੇਜਮੈਂਟ ਰੂਲਜ਼ 2016 ਦਾ ਹਵਾਲਾ ਦੇ ਕੇ ਸਾਰਿਆਂ ਨੂੰ ਕਿਹਾ ਗਿਆ ਕਿ ਉਹ ਆਪਣੇ  ਕੰਪਲੈਕਸਾਂ ਵਿਚ ਛੋਟੇ-ਛੋਟੇ ਪ੍ਰਾਸੈਸਿੰਗ ਪਲਾਂਟ ਲਾ ਕੇ ਕੂੜੇ ਨੂੰ ਉਥੇ ਪ੍ਰਾਸੈੱਸ ਕਰਨ  ਅਤੇ ਉਸਤੋਂ ਪਹਿਲਾਂ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖਰਾ ਵੱਖਰਾ ਕਰਨ। ਜੋ ਕੂੜਾ  ਰੀਸਾਈਕਲ ਹੋ ਸਕਦਾ ਹੈ, ਉਸਨੂੰ ਵੱਖਰਾ ਰੱਖਿਆ ਜਾਵੇ।

100 ਕਿਲੋ ਸਮਰੱਥਾ ਵਾਲੇ ਪਲਾਂਟ ਦੀ ਕੀਮਤ ਹੈ 3.50  ਲੱਖ
ਬੈਠਕ  ਵਿਚ ਮੌਜੂਦ ਇਕ ਨੁਮਾਇੰਦੇ ਨੇ ਦੱਸਿਆ ਕਿ ਦਿੱਲੀ ਅਤੇ ਐੱਨ. ਸੀ. ਆਰ. ਵਿਚ  ਅਜਿਹੇ  ਛੋਟੇ ਅਣਗਿਣਤ ਪਲਾਂਟ ਲੱਗੇ ਹਨ। 100 ਕਿਲੋ ਸਮਰੱਥਾ ਵਾਲੇ ਪਲਾਂਟ ਦੀ ਕੀਮਤ ਲਗਭਗ 3.50  ਲੱਖ ਹੈ ਤੇ ਇਸਦੇ ਲਈ 150 ਵਰਗ ਫੁੱਟ ਜਗ੍ਹਾ ਚਾਹੀਦੀ ਹੈ।
ਕੀ ਸਾਲਿਡ ਵੇਸਟ ਰੂਲਜ਼ ਨਿਗਮ ’ਤੇ ਲਾਗੂ ਨਹੀਂ?
ਨਗਰ  ਨਿਗਮ ਦਾ ਬਜਟ 500 ਕਰੋੜ ਤੋਂ ਕਿਤੇ ਜ਼ਿਆਦਾ ਹੈ ਅਤੇ ਇਸਦੇ ਕਰਮਚਾਰੀ ਅਤੇ ਅਧਿਕਾਰੀ ਹਰ  ਸਾਲ 200 ਕਰੋੜ ਰੁਪਏ ਤਨਖਾਹ ਦੇ ਰੂਪ ਵਿਚ ਆਪਣੇ ਘਰਾਂ ਨੂੰ ਲੈ ਜਾਂਦੇ ਹਨ। ਇੰਨੇ ਵੱਡੇ  ਪੱਧਰ ਦਾ ਜੁਗਾੜ ਹੋਣ ਦੇ ਬਾਵਜੂਦ ਨਗਰ ਨਿਗਮ ਕੂੜੇ ਨੂੰ ਸੰਭਾਲਣ ਵਿਚ ਫੇਲ ਸਾਬਿਤ ਹੋ  ਰਿਹਾ ਹੈ। ਸਾਲਿਡ ਵੇਸਟ ਪਲਾਂਟ ਲਾਉਣ ਦੀਆਂ ਸਾਰੀਆਂ ਯੋਜਨਾਵਾਂ ਕਾਗਜ਼ਾਂ ਵਿਚ ਬਣਦੀਆਂ ਹਨ  ਅਤੇ ਫਾਈਲਾਂ ਵਿਚ ਹੀ ਰਹਿ ਜਾਂਦੀਆਂ ਹਨ। ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੇ  ਤਹਿਤ ਕੂੜੇ ਨੂੰ ਲੈ ਕੇ ਨਿਗਮ ਦੀਆਂ ਕਈ ਜ਼ਿੰਮੇਵਾਰੀਆਂ ਨਿਰਧਾਰਿਤ ਹਨ ਪਰ ਨਿਗਮ ਇਨ੍ਹਾਂ  ਤੋਂ ਬਚਦਾ ਨਜ਼ਰ ਆ ਰਿਹਾ ਹੈ ਅਤੇ ਆਪਣੀ ਜ਼ਿੰਮੇਵਾਰੀ ਦੂਜਿਆਂ ’ਤੇ ਪਾਉਣ ਦੀ ਕੋਸ਼ਿਸ਼ ਕਰ  ਰਿਹਾ ਹੈ।
 


Related News