ਸੁਪਰ ਸਟਾਰ ਧਰਮਿੰਦਰ ਦੀਆਂ 2 ਹਸਰਤਾਂ ਜੋ ਆਪਣੇ ਜਿਊਂਦੇ ਜੀ ਨਾ ਕਰ ਸਕੇ ਪੂਰਾ, ਖੁਦ ਬਿਆਨ ਕੀਤੀਆਂ ਸਨ ਇੱਛਾਵਾਂ
Monday, Nov 24, 2025 - 10:35 PM (IST)
ਫਗਵਾੜਾ (ਜਲੋਟਾ) – ਬਾਲੀਵੁੱਡ ਦੇ ਸਦਾ ਬਹਾਰ ਸੁਪਰ ਸਟਾਰ ਧਰਮਿੰਦਰ ਅੱਜ ਸਾਡੇ ’ਚ ਨਹੀਂ ਰਹੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਫਗਵਾੜਾ ਸਮੇਤ ਪੂਰੀ ਦੁਨੀਆ ’ਚ ਉਨ੍ਹਾਂ ਦੇ ਚਾਹੁਣ ਵਾਲੇ ਦੁਖੀ ਹਨ। ਸਮੁੱਚੇ ਬਾਲੀਵੁੱਡ ਨੂੰ ਇਹ ਪਤਾ ਹੈ ਕਿ ਸੁਪਰ ਸਟਾਰ ਧਰਮਿੰਦਰ ਦਾ ਪੰਜਾਬ ਦੇ ਉਦਯੋਗਿਕ ਨਗਰ ਫਗਵਾੜਾ ਨਾਲ ਬਹੁਤ ਨੇੜੇ ਦਾ ਲਗਾਵ ਅਤੇ ਰਿਸ਼ਤਾ ਰਿਹਾ ਹੈ ਅਤੇ ਉਹ ਦੇਸ਼-ਵਿਦੇਸ਼ ’ਚ ਹੁੰਦੇ ਟੀ.ਵੀ. ਚੈਨਲਾਂ ਆਦਿ ਦੇ ਸੈਲੀਬ੍ਰਿਟੀ ਸ਼ੋਅਜ਼ ’ਚ ਜਦੋਂ ਜਾਂਦੇ ਸਨ ਤਾਂ ਉਹ ਫਗਵਾੜਾ ਸਬੰਧੀ ਆਪਣੇ ਲਗਾਵ ਦੀ ਸੱਚਾਈ ਅਤੇ ਇੱਥੇ ਬਿਤਾਏ ਗਏ ਆਪਣੇ ਬਚਪਨ ਸਬੰਧੀ ਸਾਰੀ ਸਚਾਈ ਖੁਦ ਦੱਸਦੇ ਸਨ। ਇਸ ਦੌਰਾਨ ਉਨ੍ਹਾਂ ਨੂੰ ਜ਼ਿੰਦਗੀ ’ਚ ਜਦੋਂ ਵੀ ਮੌਕਾ ਮਿਲਿਆ ਉਹ ਸਮੇਂ -ਸਮੇਂ ’ਤੇ ਫਗਵਾੜਾ ਆਉਂਦੇ-ਜਾਂਦੇ ਰਹਿੰਦੇ ਸਨ ਪਰ ਫਗਵਾੜਾ ਨੂੰ ਲੈ ਕੇ ਧਰਮਿੰਦਰ ਕਿੰਨੇ ਜਜ਼ਬਾਤੀ ਅਤੇ ਦਿਲ ਨਾਲ ਜੁੜੇ ਹੋਏ ਸਨ, ਇਸ ਦਾ ਅੰਦਾਜ਼ਾ ਸਿਰਫ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਤੋਂ ਠੀਕ 11 ਸਾਲ ਪਹਿਲਾਂ ਪੰਜਾਬ ਕੇਸਰੀ, ਜਗ ਬਾਣੀ ਦੇ ਇਕ ਪੱਤਰਕਾਰ ਨਾਲ ਧਰਮਿੰਦਰ ਨੇ ਵਿਸ਼ੇਸ਼ ਇੰਟਰਵਿਊ ਦੌਰਾਨ ਖੁਦ ਆਪਣੇ ਦਿਲ ਦੇ ਰਾਜ ਸਾਂਝੇ ਕਰਦੇ ਹੋਏ ਫਗਵਾੜਾ ਅਤੇ ਪੰਜਾਬ ਕੇਸਰੀ ਗਰੁੱਪ ਸਬੰਧੀ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ। ਤਦ ਪੰਜਾਬ ਕੇਸਰੀ ਨਾਲ ਕਰੀਬ ਦੋ ਘੰਟੇ ਤੱਕ ਚੱਲੀ ਲੰਬੀ ਇੰਟਰਵਿਊ ਦੌਰਾਨ ਧਰਮਿੰਦਰ ਨੇ ਆਖਿਆ ਸੀ ਕਿ ਫਗਵਾੜਾ ’ਚ ਆ ਕੇ ਉਨ੍ਹਾਂ ਨੂੰ ਰੂਹਾਨੀ ਸਕੂਨ ਮਿਲਦਾ ਹੈ ਅਤੇ ਇੰਝ ਲੱਗਦਾ ਹੈ ਕਿ ਉਹ ਆਪਣੀ ਮਾਂ ਦੀ ਗੋਦੀ ’ਚ ਆ ਕੇ ਖੇਡ ਰਹੇ ਹਨ। ਉਨ੍ਹਾਂ ਦੱਸਿਆ ਕਿ ਬਚਪਨ ’ਚ ਉਹ ਫਗਵਾੜੇ ’ਚ ਇੱਥੇ ਗਲੀਆਂ ’ਚ ਕਿਸ ਤਰ੍ਹਾਂ ਖੇਡਿਆ ਕਰਦੇ ਸਨ ਅਤੇ ਇੱਥੇ ਦੇ ਗਲੀ-ਮੁਹੱਲਿਆਂ ਸਮੇਤ ਸਾਰੇ ਇਲਾਕਿਆਂ ਤੋਂ ਪੂਰੀ ਤਰ੍ਹਾਂ ਨਾਲ ਜਾਣੂ ਹਨ। ਉਨ੍ਹਾਂ ਦੱਸਿਆ ਸੀ ਕਿ ਉਹ ਬਾਲੀਵੁੱਡ ’ਚ ਸੁਪਰ ਸਟਾਰ ਬਣਨ ਤੋਂ ਬਾਅਦ ਹੁਣ ਜਦ ਫਗਵਾੜਾ ਆਉਂਦੇ ਹਨ ਤਾਂ ਸੰਘਣੀ ਰਾਤ ਦੇ ਹਨੇਰੇ ’ਚ ਚੁੱਪ-ਚੁਪੀਤੇ ਫਗਵਾੜਾ ਆ ਕੇ ਇਥੇ ਦੇ ਮਸ਼ਹੂਰ ਸਿਨੇਮਾ ਰੋਡ, ਟਾਊਨ ਹਾਲ ਦੇ ਬੈਡਮਿੰਟਨ ਹਾਲ ਆਰਿਆ ਹਾਈ ਸਕੂਲ (ਹੁਸ਼ਿਆਰਪੁਰ ਰੋਡ) ਅਤੇ ਇੱਥੇ ਦੀਆ ਗਲੀਆਂ ਅਤੇ ਮੁਹੱਲਿਆਂ ਦਾ ਆਪਣੀ ਟੀਮ ਸਮੇਤ ਦੌਰਾ ਕਰਦੇ ਹਨ ਅਤੇ ਰਾਤ ਨੂੰ ਬਾਜ਼ਾਰਾਂ ’ਚ ਇਕੱਲੇ ਬੈਠ ਕੇ ਆਪਣੇ ਬਚਪਨ ਦੀਆਂ ਅਨਮੋਲ ਯਾਦਾਂ ਨੂੰ ਯਾਦ ਕਰਦੇ ਹਨ। ਇੰਟਰਵਿਊ ਦੌਰਾਨ ਧਰਮਿੰਦਰ ਇਹ ਗੱਲਾਂ ਆਖ ਅੱਖਾਂ ’ਚ ਹੰਝੂ ਲੈਂਦੇ ਹੋਏ ਆਪਣੇ ਯਾਰਾਂ ਦੋਸਤਾਂ ਅਤੇ ਚਾਹੁੰਣ ਵਾਲਿਆਂ ਨੂੰ ਨਾਂ ਲੈ ਕੇ ਯਾਦ ਕਰਦੇ ਹਨ ਅਤੇ ਆਖਦੇ ਹਨ ਕਿ ਫਗਵਾੜਾ ਉਨ੍ਹਾਂ ਦੇ ਦਿਲ ’ਚ ਵਸਿਆ ਹੋਇਆ ਹੈ।
ਪੰਜਾਬ ਕੇਸਰੀ ਨੂੰ ਮੈਂ ਮੁੰਬਈ ’ਚ ਖੁਦ ਪੜ੍ਹਦਾ ਹਾਂ, ਪੰਜਾਬ ਕੇਸਰੀ ਤਾਂ ਆਪਣੀ ਹੈ ਅਤੇ ਇਹ ਕਹਿੰਦੇ ਹੋਏ ਉਨ੍ਹਾਂ ਆਈਪੈਡ ’ਤੇ ਪੰਜਾਬ ਕੇਸਰੀ ਦੀਆਂ ਖਬਰਾਂ ਨੂੰ ਵਿਖਾਇਆ ਸੀ
ਧਰਮਿੰਦਰ ਨੇ ਖੁਦ ਇਹ ਗੱਲ ਇੰਟਰਵਿਊ ਦੌਰਾਨ ਆਖੀ ਸੀ ਕਿ ਉਹ ਮੁੰਬਈ ’ਚ ਰਹਿੰਦੇ ਹੋਏ ਪੰਜਾਬ ਕੇਸਰੀ ਨੂੰ ਬਹੁਤ ਸ਼ੌਕ ਨਾਲ ਪੜ੍ਹਦੇ ਹਨ ਅਤੇ ਪੰਜਾਬ ਕੇਸਰੀ ਨੂੰ ਹਮੇਸ਼ਾ ਆਪਣੀ ਅਖਬਾਰ ਵਜੋਂ ਸਮਝਦੇ ਹਨ। ਪੰਜਾਬ ਕੇਸਰੀ ਪੱਤਰ ਸਮੂਹ ਦੇ ਚੇਅਰਮੈਨ ਮਾਣਯੋਗ ਸ਼੍ਰੀ ਵਿਜੇ ਚੋਪੜਾ ਅਤੇ ਚੋਪੜਾ ਪਰਿਵਾਰ ਨੂੰ ਆਪਣਾ ਪਰਿਵਾਰ ਦੱਸਦੇ ਹੋਏ ਧਰਮਿੰਦਰ ਨੇ ਕਿਹਾ ਸੀ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੀਆਂ ਅਖਬਾਰਾਂ ਲੋਕਾਂ ਦੇ ਦਿਲਾਂ ਨੂੰ ਜੋੜਦੀਆਂ ਹਨ ਅਤੇ ਮੁੰਬਈ ’ਚ ਰਹਿੰਦੇ ਹੋਏ ਉਨ੍ਹਾਂ ਨੂੰ ਇਹ ਅਹਿਸਾਸ ਬੀਤੇ ਕਈ ਸਾਲਾਂ ਤੋਂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਸੀ ਕਿ ਕੁਝ ਸਮਾਂ ਪਹਿਲਾਂ ਜਦ ਜਲੰਧਰ ’ਚ ਪੰਜਾਬ ਕੇਸਰੀ ਦਫਤਰ ਦਾ ਉਨ੍ਹਾਂ ਦੌਰਾ ਕੀਤਾ ਤਾਂ ਉਹ ਕਿਸ ਤਰ੍ਹਾਂ ਸ਼੍ਰੀ ਵਿਜੇ ਚੋਪੜਾ ਜੀ ਨੂੰ ਮਿਲੇ ਸਨ ਅਤੇ ਉਨ੍ਹਾਂ ਸਮੂਹ ਚੋਪੜਾ ਪਰਿਵਾਰ ਨਾਲ ਦੁਪਹਿਰ ਦਾ ਲੰਚ ਕਰਦੇ ਹੋਏ ਕਿੰਝ ਫਗਵਾੜਾ ਅਤੇ ਜਲੰਧਰ ਦੀਆਂ ਆਪਣੀਆਂ ਕਈ ਯਾਦਾਂ ਤਾਜ਼ਾ ਕੀਤੀਆਂ ਸਨ। ਉਨ੍ਹਾਂ ਇਹ ਵੀ ਆਖਿਆ ਸੀ ਕਿ ਉਹ ਪੰਜਾਬ ਕੇਸਰੀ ਗਰੁੱਪ ਦੇ ਸਾਰੇ ਪਾਠਕਾਂ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਉਹ ਹਮੇਸ਼ਾ ਇਨ੍ਹਾਂ ਪਾਠਕਾਂ ਦੇ ਕਰਜ਼ਦਾਰ ਹਨ।
ਪਰ ਸ਼ਹੀਦ ਪਰਿਵਾਰ ਫੰਡ ’ਚ ਦੋਵਾਂ ਪੁੱਤਰਾਂ ਸੰਨੀ ਦਿਓਲ, ਬੌਬੀ ਦਿਓਲ ਨਾਲ ਆਉਣ ਦੀ ਧਰਮਿੰਦਰ ਦੀ ਚਾਹਤ ਰਹਿ ਗਈ ਅਧੂਰੀ
ਆਖਦੇ ਨੇ ਜ਼ਿੰਦਗੀ ਕਈ ਵਾਰ ਇਹੋ ਜਿਹਾ ਮੌਕਾ ਹੀ ਨਹੀਂ ਦਿੰਦੀ ਹੈ ਕਿ ਇਨਸਾਨ ਚਾਹ ਕੇ ਵੀ ਉਸ ਚਾਹਤ ਨੂੰ ਪੂਰਾ ਕਰ ਲਵੇ ਜੋ ਕਰਨੀ ਕਈ ਵਾਰ ਬਹੁਤ ਸੌਖੀ ਜਾਪਦੀ ਹੈ। ਕੁਝ ਅਜਿਹਾ ਹੀ ਹੋਇਆ ਹੈ ਸੁਪਰ ਸਟਾਰ ਧਰਮਿੰਦਰ ਦੀ ਜ਼ਿੰਦਗੀ ’ਚ, ਜਿਨ੍ਹਾਂ ਉਸ ਵੇਲੇ ਦਿੱਤੀ ਇੰਟਰਵਿਊ ਦੌਰਾਨ ਇਹ ਗੱਲ ਆਖੀ ਸੀ ਕਿ ਉਨ੍ਹਾਂ ਦੀ ਚਾਹਤ ਹੈ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਏ ਜਾਂਦੇ ਅਮਰ ਸ਼ਹੀਦਾਂ ਅਤੇ ਅੱਤਵਾਦ ਪੀੜਤਾਂ ਲਈ ਸ਼ਹੀਦ ਪਰਿਵਾਰ ਫੰਡ ਸਮਾਗਮ ’ਚ ਉਹ ਆਪਣੇ ਦੋਵੇਂ ਪੁੱਤਰਾਂ ਸੰਨੀ ਦਿਓਲ ਅਤੇ ਬੌਬੀ ਦਿਓਲ ਸਮੇਤ ਆ ਕੇ ਹਿੱਸਾ ਲੈਣ ਪਰ ਧਰਮਿੰਦਰ ਦੀ ਇਹ ਚਾਹਤ ਹੁਣ ਅਧੂਰੀ ਹੀ ਰਹਿ ਗਈ ਹੈ।
ਧਰਮਿੰਦਰ ਦੀ ਚਾਹਤ ਸੀ ਕਿ ਉਹ ਪੱਤਰਕਾਰ ਵਜੋਂ ਫਿਲਮ ’ਚ ਰੋਲ ਨਿਭਾਉਣ ਪਰ ਇਹ ਚਾਹਤ ਵੀ ਅਧੂਰੀ ਹੀ ਰਹਿ ਗਈ
ਸੁਪਰ ਸਟਾਰ ਧਰਮਿੰਦਰ ਦੀ ਇਕ ਹੋਰ ਚਾਹਤ ਵੀ ਅਧੂਰੀ ਰਹਿ ਗਈ ਹੈ। ਤਦ ਪੰਜਾਬ ਕੇਸਰੀ ਨੂੰ ਦਿੱਤੀ ਗਈ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਖੁਦ ਆਖਿਆ ਸੀ ਕਿ ਉਨ੍ਹਾਂ ਦੀ ਚਾਹਤ ਹੈ ਕਿ ਉਹ ਹਿੰਦੀ ਫਿਲਮ ’ਚ ਬਤੌਰ ਪੱਤਰਕਾਰ ਦੀ ਭੂਮਿਕਾ ਅਦਾ ਕਰਨ ਪਰ ਸ਼ਾਇਦ ਸਮੇਂ ਨੂੰ ਇਹ ਮਨਜ਼ੂਰ ਹੀ ਨਹੀਂ ਸੀ ਅਤੇ ਫਿਲਮੀ ਪਰਦੇ ’ਤੇ ਪੱਤਰਕਾਰ ਬਣ ਕੇ ਆਉਣ ਦੀ ਉਨ੍ਹਾਂ ਦੀ ਚਾਹਤ ਵੀ ਜਿਉਂ ਦੀ ਤਿਉਂ ਅਧੂਰੀ ਹੀ ਰਹਿ ਗਈ ਹੈ।
