ਪੰਜਾਬ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ ਸਪਲਾਈ ਕਰਨ ਆਈ ਔਰਤ ਗ੍ਰਿਫ਼ਤਾਰ

Tuesday, Dec 02, 2025 - 01:34 PM (IST)

ਪੰਜਾਬ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ ਸਪਲਾਈ ਕਰਨ ਆਈ ਔਰਤ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਤੋਂ ਨਸ਼ੀਲਾ ਪਦਾਰਥ ਲਿਆ ਕੇ ਚੰਡੀਗੜ੍ਹ ’ਚ ਵੇਚਣ ਆਈ ਔਰਤ ਤਸਕਰ ਨੂੰ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਸੈਕਟਰ-43 ਬੱਸ ਸਟੈਂਡ ਨੇੜੇ ਕਾਬੂ ਕਰ ਲਿਆ। ਫੜ੍ਹੀ ਗਈ ਔਰਤ ਦੀ ਪਛਾਣ ਅੰਮ੍ਰਿਤਸਰ ਦੀ ਰਹਿਣ ਵਾਲੀ ਕੰਵਲਜੀਤ ਕੌਰ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਦੇ ਬੈਗ ’ਚੋਂ 151.85 ਗ੍ਰਾਮ ਹੈਰੋਇਨ ਬਰਾਮਦ ਹੋਈ। ਕੰਵਲਜੀਤ ਕੌਰ ਨੇ ਹੈਰੋਇਨ ਸੇਬ ਤੇ ਕੇਲਿਆਂ ਹੇਠਾਂ ਲੁਕਾਈ ਹੋਈ ਸੀ। ਆਪ੍ਰੇਸ਼ਨ ਸੈੱਲ ਨੇ ਹੈਰੋਇਨ ਜ਼ਬਤ ਕਰ ਕੇ ਕਵਲਜੀਤ ਕੌਰ ਵਿਰੁੱਧ ਸੈਕਟਰ-36 ਪੁਲਸ ਸਟੇਸ਼ਨ ’ਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਆਪ੍ਰੇਸ਼ਨ ਸੈੱਲ ਇੰਚਾਰਜ ਜਸਪਾਲ ਦੀ ਅਗਵਾਈ ਹੇਠ ਏ. ਐੱਸ. ਆਈ. ਰਾਜਪਾਲ ਪੁਲਸ ਟੀਮ ਨਾਲ ਸੈਕਟਰ-43 ਬੱਸ ਸਟੈਂਡ ’ਤੇ ਗਸ਼ਤ ਕਰ ਰਹੇ ਸਨ।

ਪੁਲਸ ਟੀਮ ਨੇ ਬੱਸ ਸਟੈਂਡ ਦੇ ਪਿੱਛੇ ਫੁੱਟਪਾਥ ’ਤੇ ਇਕ ਸ਼ੱਕੀ ਔਰਤ ਨੂੰ ਲਾਲ ਰੰਗ ਦਾ ਬੈਗ ਲੈ ਕੇ ਆਉਂਦੇ ਦੇਖਿਆ। ਸ਼ੱਕ ਦੇ ਆਧਾਰ ’ਤੇ ਜਦ ਪੁਲਸ ਔਰਤ ਵੱਲ੍ਹ ਜਾਣ ਲੱਗੀ ਤਾਂ ਉਹ ਟੀਮ ਨੂੰ ਦੇਖ ਕੇ ਪਿੱਛੇ ਮੁੜ ਗਈ। ਉਸ ਦਾ ਪਿੱਛਾ ਕਰ ਕੇ ਥੋੜ੍ਹੀ ਹੀ ਦੂਰੀ ’ਤੇ ਉਸ ਕਾਬੂ ਕਰਨ ’ਤੇ ਜਦ ਬੈਗ ਚੈੱਕ ਕੀਤਾ ਤਾਂ ਉਸ ’ਚੋਂ ਚਾਰ ਸੰਤਰੇ ਤੇ ਛੇ ਕੇਲੇ ਮਿਲੇ ਤੇ ਉਸ ਦੇ ਹੇਠਾਂ ਇਕ ਪਲਾਸਟਿਕ ਦਾ ਲਿਫਾਫਾ ਮਿਲਿਆ। ਜਾਂਚ ਕਰਨ ’ਤੇ 151.85 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਟੀਮ ਨੇ ਛੇ ਕੇਲੇ ਅਤੇ ਚਾਰ ਸੰਤਰੇ ਲੋੜਵੰਦ ਲੋਕਾਂ ਨੂੰ ਵੰਡ ਦਿੱਤੇ। ਏ. ਐੱਸ. ਆਈ. ਰਾਜਪਾਲ ਦੇ ਬਿਆਨਾਂ ’ਤੇ ਸੈਕਟਰ-36 ਥਾਣਾ ਪੁਲਸ ਨੇ ਕਵਲਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਸ ਮੁਲਜ਼ਮ ਔਰਤ ਤੋਂ ਪੁੱਛਗਿਛ ਕਰ ਰਹੀ ਹੈ ਕਿ ਉਹ ਹੈਰੋਇਨ ਕਿੱਥੋਂ ਲਿਆਈ ਸੀ ਅਤੇ ਅੱਗੇ ਕਿਸ ਨੂੰ ਦੇਣ ਆਈ ਸੀ।
 


author

Babita

Content Editor

Related News