ਸ਼ਹੀਦੀ ਦਿਹਾੜੇ ਮੌਕੇ ਲੰਗਰ ਲਾਉਣ ਲਈ ਲਿਆਂਦਾ 70 ਲੀਟਰ ਦੁੱਧ ਨਿਕਲਿਆ ਨਕਲੀ, ਵੀਡੀਓ ਵਾਇਰਲ
Monday, Dec 29, 2025 - 04:07 PM (IST)
ਜਗਰਾਓਂ (ਮਾਲਵਾ): ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਨੇੜਲੇ ਪਿੰਡ ਹਾਂਸ ਕਲਾਂ ਵਿਚ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਲਗਾਏ ਗਏ ਦੁੱਧ ਦੇ ਲੰਗਰ ਦੌਰਾਨ ਹੰਗਾਮਾ ਹੋ ਗਿਆ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਜਦੋਂ ਉਨ੍ਹਾਂ ਨੇ ਪਿੰਡ ਦੀ ਸੁਸਾਇਟੀ ਤੋਂ ਲਿਆ 70 ਲੀਟਰ ਦੁੱਧ ਗਰਮ ਕੀਤਾ, ਤਾਂ ਉਹ ਰਬੜ ਜਾਂ ਪਲਾਸਟਿਕ ਵਾਂਗ ਬਣ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ, ਅਤੇ ਉਨ੍ਹਾਂ ਨੇ ਦੁੱਧ ਦੇ ਸਿੰਥੈਟਿਕ ਹੋਣ ਦਾ ਖਦਸ਼ਾ ਜਤਾਇਆ।
ਹਾਲਾਂਕਿ, ਵੇਰਕਾ ਸੁਸਾਇਟੀ ਦੇ ਅਧਿਕਾਰੀਆਂ ਅਤੇ ਪਿੰਡ ਦੀ ਸਰਪੰਚ ਦੇ ਪਤੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਇਕ ਸਾਜ਼ਿਸ਼ ਦੱਸਿਆ ਹੈ। ਵੇਰਕਾ ਦੇ ਏਰੀਆ ਇੰਚਾਰਜ ਨੇ ਸਪੱਸ਼ਟ ਕੀਤਾ ਕਿ ਦੁੱਧ ਦੇ ਸੈਂਪਲ ਟੈਸਟਿੰਗ ਵਿਚ ਬਿਲਕੁਲ ਸਹੀ ਪਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੀਡੀਓ ਵਾਇਰਲ ਕਰਨ ਵਾਲਾ ਵਿਅਕਤੀ ਸੁਸਾਇਟੀ ਦਾ ਇਕ ਪੁਰਾਣਾ ਮੁਲਾਜ਼ਮ ਹੈ, ਜਿਸ ਨੂੰ ਤਿੰਨ ਮਹੀਨੇ ਪਹਿਲਾਂ ਮਿਲਾਵਟ ਕਰਨ ਦੇ ਦੋਸ਼ ਵਿਚ ਕੱਢ ਦਿੱਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਦੁੱਧ ਸ਼ਾਇਦ ਸਹੀ ਰਖ-ਰਖਾਅ ਨਾ ਹੋਣ ਕਾਰਨ ਖਰਾਬ ਹੋਇਆ ਸੀ, ਜਿਸ ਨੂੰ ਰੰਜਿਸ਼ ਵਜੋਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।
