ਹਸਪਤਾਲ ਦੇ ਮਰੀਜ਼ ਮੁਸ਼ਕਿਲ ''ਚ

02/13/2018 6:57:41 AM

ਅੰਮ੍ਰਿਤਸਰ,   (ਦਲਜੀਤ)-  ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਿਚਕਾਰ ਚੱਲ ਰਹੇ ਵਿਵਾਦ ਦਾ ਨਤੀਜਾ ਮਰੀਜ਼ਾਂ ਨੂੰ ਭੁਗਤਣਾ ਪਵੇਗਾ । ਹਸਪਤਾਲ ਦੇ ਸੀਨੀਅਰ ਸਰਜਨ ਅਤੇ ਮੈਡੀਕਲ ਸੁਪਰਿੰਟੈਂਡੈਂਟ ਡਾ. ਐੱਚ. ਐੱਸ. ਸੋਹਲ ਅਚਾਨਕ ਲੰਬੀ ਛੁੱਟੀ 'ਤੇ ਚਲੇ ਗਏ ਹਨ । ਡਾ. ਸੋਹਲ ਦੇ ਛੁੱਟੀ 'ਤੇ ਜਾਣ ਦੇ ਉਪਰੰਤ ਜਿਥੇ ਹਸਪਤਾਲ ਦੇ ਆਰਥੋ ਵਿਭਾਗ ਦੇ 35 ਮੇਜਰ ਆਪ੍ਰੇਸ਼ਨ ਰਾਮ ਭਰੋਸੇ ਹੋ ਜਾਣਗੇ ਉਥੇ ਹੀ ਹਸਪਤਾਲ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਵੇਗਾ ।
ਡਾ. ਸੋਹਲ ਨੇ ਆਪਣੀ ਛੁੱਟੀ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਵਿਚ ਪਿਛਲੇ ਕੁਝ ਸਮੇਂ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਲਗਾਤਾਰ ਹਸਪਤਾਲ ਦੀ ਅਚਾਨਕ ਜਾਂਚ ਕੀਤੀ ਜਾ ਰਹੀ ਸੀ ਅਤੇ ਵਿਜੀਲੈਂਸ ਦੀ ਉੱਚ ਪੱਧਰ ਟੀਮ ਨੂੰ ਹਸਪਤਾਲ ਵਿਚ ਲਿਆ ਕੇ ਜਾਂਚ ਦੇ ਨਿਰਦੇਸ਼ ਵੀ ਦਿੱਤੇ ਗਏ ਸਨ । ਔਜਲਾ ਦੀ ਹਸਪਤਾਲ ਦੇ ਕੰਮਾਂ ਵਿਚ ਦਖਲ -ਅੰਦਾਜ਼ੀ ਉਪਰੰਤ ਡਾਕਟਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਰਹੇ ਸਨ ਅਤੇ ਉਨ੍ਹਾਂ ਨੇ ਇਸ ਸਬੰਧੀ ਸੰਸਦ ਮੈਂਬਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਨਿਯਮ ਦੱਸਦੇ ਹਨ ਕਿ ਡਾਕਟਰ ਸੋਹਲ 28 ਫਰਵਰੀ ਨੂੰ ਸੇਵਾਮੁਕਤ ਹੋ ਜਾਣਗੇ। 15 ਦਿਨ ਦੀ ਛੁੱਟੀ ਦੇ ਬਾਅਦ ਉਹ 28 ਤਰੀਕ ਨੂੰ ਹੀ ਸਵੇਰੇ ਜੁਆਇਨ ਕਰਨਗੇ ਅਤੇ ਬਾਅਦ ਦੁਪਹਿਰ ਕਾਲਜ ਨੂੰ ਅਲਵਿਦਾ ਕਹਿਣਗੇ । 
ਡਾ. ਸ਼ਿਵ ਬਣੇ ਕਾਰਜਕਾਰੀ ਐੱਮ. ਐੱਸ. : ਡਾ. ਸੋਹਲ ਦੇ ਛੁੱਟੀ 'ਤੇ ਜਾਣ ਦੇ ਉਪਰੰਤ ਮੈਡੀਸਨ ਵਿਭਾਗ ਦੇ ਸੀਨੀਅਰ ਪ੍ਰੋ. ਡਾ. ਸ਼ਿਵ ਚਰਨ ਨੂੰ ਮੈਡੀਕਲ ਕਾਲਜ ਵੱਲੋਂ ਕਾਰਜਕਾਰੀ ਮੈਡੀਕਲ ਸੁਪਰਿੰਟੈਂਡੈਂਟ ਲਾ ਦਿੱਤਾ ਗਿਆ ਹੈ । ਕਾਲਜ ਦੇ ਪ੍ਰਿੰਸੀਪਲ ਡਾ. ਤੇਜਬੀਰ ਨੇ ਦੱਸਿਆ ਕਿ ਡਾ. ਸੋਹਲ ਛੁੱਟੀ 'ਤੇ ਚਲੇ ਗਏ ਹਨ ਇਸ ਲਈ ਡਾ. ਸ਼ਿਵ  ਨੂੰ ਕੰਮ ਸੌਂਪਿਆ ਗਿਆ ਹੈ।


Related News