ਜ਼ਹਿਰੀਲੀ ਸ਼ਰਾਬ ਪੀਣ ਨਾਲ 34 ਲੋਕਾਂ ਦੀ ਮੌਤ, 100 ਤੋਂ ਵੱਧ ਹਸਪਤਾਲ 'ਚ ਦਾਖ਼ਲ
Thursday, Jun 20, 2024 - 01:00 PM (IST)
ਚੇਨਈ- ਤਾਮਿਲਨਾਡੂ ਦੇ ਕਾਲਾਕੁਰੀਚੀ ਜ਼ਿਲ੍ਹੇ 'ਚ ਗੈਰ-ਕਾਨੂੰਨੀ ਦੇਸੀ ਸ਼ਰਾਬ ਪੀਣ ਨਾਲ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਮੈਜਿਸਟਰੇਟ ਐੱਮ.ਐੱਸ. ਪ੍ਰਸ਼ਾਂਤ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਕਾਲਾਕੁਰੀਚੀ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਗੈਰ-ਕਾਨੂੰਨੀ ਦੇਸੀ ਸ਼ਰਾਬ ਪੀਣ ਕਾਰਨ 109 ਲੋਕ ਬੀਮਾਰ ਹਨ ਅਤੇ ਵੱਖ-ਵੱਖ ਹਸਪਤਾਲਾਂ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਥਿਤੀ ਨਾਲ ਨਜਿੱਠਣ ਲਈ ਨੇੜਲੇ ਸਰਕਾਰੀ ਮੈਡੀਕਲ ਕਾਲਜਾਂ ਦੇ ਮਾਹਿਰਾਂ ਸਮੇਤ ਵੱਡੀ ਗਿਣਤੀ 'ਚ ਡਾਕਟਰਾਂ ਨੂੰ ਸੇਵਾ 'ਚ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜੀਵਨ ਸਹਾਇਤਾ ਪ੍ਰਣਾਲੀ ਵਾਲੀਆਂ ਕਈ ਐਂਬੂਲੈਂਸਾਂ ਵੀ ਉਥੇ ਮੌਜੂਦ ਹਨ।
ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਕਾਰਨ ਦੁਨੀਆ ਭਰ 'ਚ 81 ਲੱਖ ਲੋਕਾਂ ਨੇ ਗੁਆਈ ਜਾਨ, ਹੈਰਾਨ ਕਰ ਦੇਵੇਗਾ ਭਾਰਤ ਦਾ ਅੰਕੜਾ
ਸੂਤਰਾਂ ਮੁਤਾਬਕ ਪੀੜਤਾਂ ਵਿਚ ਜ਼ਿਆਦਾਤਰ ਦਿਹਾੜੀ ਮਜ਼ਦੂਰ ਅਤੇ ਮਾਲ ਢੋਹਣ ਵਾਲੇ ਲੋਕ ਸਨ। ਉਨ੍ਹਾਂ ਨੇ ਕਰੁਣਾਪੁਰਮ ਦੇ ਇਕ ਵਿਕ੍ਰੇਤਾ ਤੋਂ ਇਹ ਸ਼ਰਾਬ ਖਰੀਦੀ ਸੀ, ਜਿਸ ਦੇ ਗੈਰ-ਕਾਨੂੰਨੀ ਹੋਣ ਦਾ ਸ਼ੱਕ ਹੈ। ਪੀੜਤਾਂ ਨੇ 18 ਜੂਨ ਨੂੰ ਇਹ ਸ਼ਰਾਬ ਪੀਤੀ ਸੀ ਅਤੇ ਉਨ੍ਹਾਂ ਨੂੰ ਸਾਹ ਦੀ ਤਕਲੀਫ, ਅੱਖਾਂ 'ਚ ਧੁੰਦਲਾਪਣ ਅਤੇ ਚੱਕਰ ਆਉਣ ਦੇ ਨਾਲ ਵਾਰ-ਵਾਰ ਦਸਤ ਹੋਣ ਵਰਗੇ ਲੱਛਣ ਵਿਖਾਈ ਦੇਣ ਲੱਗੇ। ਓਧਰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਭਾਜਪਾ ਤਾਮਿਲਨਾਡੂ ਪ੍ਰਧਾਨ ਕੇ. ਅੰਨਾਮਲਾਈ ਨੇ ਸੂਬੇ ਵਿਚ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਨੂੰ ਕੰਟਰੋਲ ਕਰਨ 'ਚ ਅਸਫ਼ਲ ਸਟਾਲਿਨ ਅਗਵਾਈ ਵਾਲੀ ਡੀ. ਐੱਮ. ਕੇ. ਸਰਕਾਰ ਦੀ ਆਲੋਚਨਾ ਕੀਤੀ। ਅੰਨਾਮਲਾਈ ਨੇ ਕਿਹਾ ਕਿ ਮੈਂ ਡੀ. ਐੱਮ. ਕੇ. ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ।
ਇਹ ਵੀ ਪੜ੍ਹੋ- ਜਲ ਸੰਕਟ: ਆਤਿਸ਼ੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਥਿਤੀ ਨਾ ਸੁਧਰੀ ਤਾਂ 21 ਜੂਨ ਤੋਂ ਭੁੱਖ ਹੜਤਾਲ 'ਤੇ ਬੈਠਾਂਗੀ
ਘਟਨਾ ਤੋਂ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਜ਼ਿਲ੍ਹਾ ਕਲੈਕਟਰ ਸ਼ਰਵਣ ਕੁਮਾਰ ਜਾਟਵਥ ਦਾ ਤਬਾਦਲਾ ਕਰ ਦਿੱਤਾ ਹੈ। ਐੱਮ.ਐੱਸ. ਪ੍ਰਸ਼ਾਂਤ ਨੂੰ ਕਾਲਾਕੁਰੀਚੀ ਜ਼ਿਲ੍ਹੇ ਦਾ ਨਵਾਂ ਕਲੈਕਟਰ ਨਿਯੁਕਤ ਕੀਤਾ ਹੈ। ਕਾਲਾਕੁਰੀਚੀ ਦੇ ਐੱਸ. ਪੀ. ਸਮਯਸਿੰਘ ਮੀਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ ਰਜਤ ਚਤੁਰਵੇਦੀ ਨਵੇਂ ਐੱਸ. ਪੀ. ਦੇ ਤੌਰ 'ਤੇ ਕਾਰਜਭਾਰ ਸੰਭਾਲਣਗੇ। ਕਈ ਪੁਲਸ ਅਧਿਕਾਰੀਆਂ ਨੂੰ ਵੀ ਮੁਅਤਲੀ ਦਾ ਸਾਹਮਣਾ ਕਰਨਾ ਪਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e