ਸਰਕਾਰੀ ਹਸਪਤਾਲ ਦੇ ਮਰੀਜ਼ ਬੇਹਾਲ, 45 ਪਾਰ ਹੋਇਆ ਪਾਰਾ, ਪੱਖੇ ਦੇਣ ਲੱਗੇ ਗਰਮ ਹਵਾ
Tuesday, May 28, 2024 - 04:30 PM (IST)
ਗੁਰਦਾਸਪੁਰ (ਵਿਨੋਦ)- ਸਿਵਲ ਹਸਪਤਾਲ ਗੁਰਦਾਸਪੁਰ ਹਮੇਸ਼ਾ ਹੀ ਆਪਣੀਆਂ ਕਮੀਆਂ ਕਾਰਨ ਸੁਰਖੀਆਂ ’ਚ ਰਹਿੰਦਾ ਹੈ। ਇਸ ਸਮੇਂ ਗਰਮੀਆਂ ਦਾ ਮੌਸਮ ਆਪਣੇ ਸਿਖਰ ’ਤੇ ਹੈ, ਪਾਰਾ 45 ਡਿਗਰੀ ਨੂੰ ਪਾਰ ਕਰ ਰਿਹਾ ਹੈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਸਨ। ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਗਰਮੀ ਤੋਂ ਬਚਣ ਦੇ ਤਰੀਕੇ ਲੱਭ ਰਿਹਾ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਹਾਲਤ ਵੀ ਖ਼ਰਾਬ ਹੋ ਗਈ ਹੈ। ਲੋੜੀਂਦੀ ਸਰਵਿਸ ਨਾ ਹੋਣ ਕਾਰਨ ਸਿਵਲ ਹਸਪਤਾਲ ਦੇ ਐਮਰਜੈਂਸੀ ਸਮੇਤ ਸਾਰੇ ਵਾਰਡਾਂ ਦੇ ਏ. ਸੀ. ਬੰਦ ਪਏ ਹਨ, ਪੱਖੇ ਵੀ ਗਰਮ ਹਵਾ ਦੇਣ ਲੱਗ ਪਏ ਹਨ ਅਤੇ ਵਾਰਡਾਂ ਵਿੱਚ ਦਾਖ਼ਲ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਗਰਮੀ ਤੋਂ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ- ਭਵਿੱਖ 'ਚ ਮਨੁੱਖਤਾ ਲਈ ਘਾਤਕ ਸਿੱਧ ਹੋਵੇਗੀ ਗਲੋਬਲ ਵਾਰਮਿੰਗ, ਮਾਹਿਰਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਦਿੱਤੀ ਸਲਾਹ
ਇਸ ਵੇਲੇ ਸਿਵਲ ਹਸਪਤਾਲ ਵਿੱਚ 105 ਏ.ਸੀ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਏ. ਸੀ. ਖ਼ਰਾਬ ਪਏ ਹਨ। ਹਸਪਤਾਲ ਵਿੱਚ ਡਾਕਟਰਾਂ ਅਤੇ ਕੁਝ ਸਟਾਫ਼ ਦੇ ਕਮਰਿਆਂ ਦੇ ਏ. ਸੀ. ਹੀ ਕੰਮ ਕਰ ਰਹੇ ਹਨ, ਬਾਕੀ ਸਾਰੇ ਬੰਦ ਪਏ ਹਨ। ਇਸ ਸਮੇਂ ਜੇਕਰ ਕਿਸੇ ਵਿਅਕਤੀ ਦੀ ਹਾਲਤ ਵਿਗੜ ਜਾਂਦੀ ਹੈ ਜਾਂ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ ਪਹਿਲਾਂ ਐਂਬੂਲੈਂਸ ਜਾਂ ਪਰਿਵਾਰਕ ਮੈਂਬਰਾਂ ਰਾਹੀਂ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਆਂਦਾ ਜਾਂਦਾ ਹੈ ਪਰ ਨਾ ਤਾਂ ਐਮਰਜੈਂਸੀ ਦੀ ਓ.ਟੀ ਅਤੇ ਨਾ ਹੀ ਕਿਸੇ ਵਾਰਡ ਦਾ ਏ.ਸੀ. ਚੱਲ ਰਿਹਾ ਹੈ ਜਿਸ ਕਾਰਨ ਮਰੀਜ਼ ਦੀ ਹਾਲਤ ਵਿਗੜ ਜਾਂਦੀ ਹੈ।
ਇਹ ਵੀ ਪੜ੍ਹੋ- ਤੇਜ਼ ਗਰਮੀ ਤੇ ਲੂ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ, ਸਭ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਪੈ ਰਹੀ ਮਾਰ, ਕਾਰੋਬਾਰ ਹੋਏ ਠੱਪ
ਹਸਪਤਾਲ ਵਿੱਚ ਦਾਖ਼ਲ ਰਾਜ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਦੇ ਪੱਖੇ ਵੀ ਗਰਮ ਹਵਾ ਦਿੰਦੇ ਹਨ। ਵਾਰਡ ਵਿੱਚ ਲੱਗਿਆ ਇੱਕ ਵੀ ਏ.ਸੀ. ਕੰਮ ਨਹੀਂ ਕਰ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਹੱਥ ਪੱਖਿਆਂ ਨਾਲ ਮਰੀਜ਼ਾਂ ਨੂੰ ਹਵਾ ਦੇਣੀ ਪੈ ਰਹੀ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਰੀਜ਼ਾਂ ਨੂੰ ਇਸ ਗਰਮੀ ਤੋਂ ਰਾਹਤ ਦੇਣ ਲਈ ਘੱਟੋ-ਘੱਟ ਵਾਰਡਾਂ ਵਿੱਚ ਲਗਾਏ ਗਏ ਏ.ਸੀ. ਠੀਕ ਕਰਵਾ ਦਿੱਤੇ ਜਾਣ।
ਕੀ ਕਹਿਣਾ ਐੱਸ.ਐੱਮ.ਓ ਅਰਵਿੰਦ ਮਹਾਜਨ
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ: ਅਰਵਿੰਦ ਮਹਾਜਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ 105 ਏ. ਸੀ. ਲੱਗੇ ਹੋਏ ਹਨ, ਜਿਨ੍ਹਾਂ ਵਿੱਚੋਂ 80 ਕੰਮ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਕੁਝ ਏ.ਸੀਜ਼. ਦੀ ਗੈਸ ਵੀ ਖ਼ਤਮ ਹੋ ਗਈ ਹੈ, ਜਿਸ ਕਾਰਨ ਉਹ ਕੂਲਿੰਗ ਨਹੀਂ ਦੇ ਰਹੇ ਹਨ। ਇਹ ਸਭ ਕੁਝ ਫੰਡਾਂ ਦੀ ਘਾਟ ਕਾਰਨ ਹੋ ਰਿਹਾ ਹੈ। ਫਿਰ ਵੀ ਉਨ੍ਹਾਂ ਦੀ ਕੋਸ਼ਿਸ਼ ਹੌਲੀ-ਹੌਲੀ ਸਾਰੇ ਏਸੀ ਨੂੰ ਕੰਮ ਕਰਨ ਦੇ ਮੋਡ ਵਿੱਚ ਲਿਆਉਣ ਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8