ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ

Friday, Mar 29, 2019 - 04:52 AM (IST)

ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ
ਹੁਸ਼ਿਆਰਪੁਰ (ਘੁੰਮਣ)-ਤੰਬਾਕੂ ਪਦਾਰਥਾਂ ਦੇ ਸੇਵਨ ਅਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧੇ ਨੂੰ ਕੰਟਰੋਲ ਕਰਨ ਅਤੇ ਇਸ ਦੇ ਸੇਵਨ ਨਾਲ ਹੋਣ ਵਾਲੀਆਂ ਸਿਹਤ ਸਬੰਧੀ ਬੀਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਬਣਾਏ ਗਏ ਕੋਟਪਾ (ਸਿਗਰਟ ਐਂਡ ਅਦਰ ਟੰਬਾਕੂ ਪ੍ਰੋਡਕਟਸ ਐਕਟ) ਐਕਟ ਅਧੀਨ ਬਲਾਕ ਚੱਕੋਵਾਲ ਦੀ ਟੀਮ ਵੱਲੋਂ ਚਲਾਨ ਕੱਟੇ ਗਏ। ਸਿਵਲ ਸਰਜਨ ਡਾ ਰੇਣੂ ਸੂਦ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਓ. ਪੀ. ਗੋਜਰਾ ਦੀ ਅਗਵਾਈ ਹੇਠ ਬਲਾਕ ਚੱਕੋਵਾਲ ਅਧੀਨ ਪੈਂਦੇ ਸ਼ਾਮਚੁਰਾਸੀ, ਕਾਲਕੱਟ ਚੱਕੋਵਾਲ ਵਿਚ ਵੱਖ-ਵੱਖ ਸਥਾਨਾਂ ’ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਕੋਟਪਾ ਐਕਟ ਤਹਿਤ ਬਣਾਈ ਟੀਮ ਵਿਚ ਹੈਲਥ ਇੰਸਪੈਕਟਰ ਮਨਜੀਤ ਸਿੰਘ ਬਾਜਵਾ, ਮਲਟੀਪਰਪਜ਼ ਹੈਲਥ ਵਰਕਰ (ਮੇਲ) ਦਿਲਬਾਗ ਸਿੰਘ, ਬਲਵਿੰਦਰ ਸਿੰਘ, ਵਿਪਨ ਕੁਮਾਰ ਅਤੇ ਡਰਾਈਵਰ ਹਰਭਜਨ ਸਿੰਘ ਸ਼ਾਮਲ ਸਨ। ਟੀਮ ਮੈਂਬਰਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੁਕਾਨਾਂ ’ਤੇ ਐਕਟ ਅਧੀਨ ਫਲੈਕਸ ਨਾ ਲਾਉਣ ਵਾਲੇ ਅਤੇ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ 13 ਚਲਾਨ ਕੱਟੇ ਗਏ ਅਤੇ 1500 ਰੁਪਏ ਦੀ ਰਾਸ਼ੀ ਜੁਰਮਾਨੇ ਵਜੋਂ ਵਸੂਲੀ ਗਈ। ਇਸ ਮੌਕੇ ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਦੀ ਚੈਕਿੰਗ ਵੀ ਕੀਤੀ ਗਈ। ਜਿਸ ਤਹਿਤ ਗਲੀਆਂ-ਸਡ਼ੀਆਂ ਸਬਜ਼ੀਆਂ ਅਤੇ ਫਲਾਂ ਨੂੰ ਨਸ਼ਟ ਕਰਵਾਇਆ ਗਿਆ ਤਾਂ ਜੋ ਲੋਕਾਂ ਦੀ ਸਿਹਤ ਨੂੰ ਮਾਡ਼ੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਇਸਦੇ ਨਾਲ ਹੀ ਲੋਕਾਂ ਨੂੰ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਨਾ ਕਰਨ ਤੇ ਤੰਬਾਕੂ ਪਦਾਰਥ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। ਡਾ. ਗੋਜਰਾ ਨੇ ਦੱਸਿਆ ਕਿ ਕੋਟਪਾ ਐਕਟ ਅਧੀਨ ਜਾਰੀ ਅਗਵਾਈ-ਲੀਹਾਂ ਅਨੁਸਾਰ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਮਸ਼ਹੂਰੀ ਲਈ ਕਿਸੇ ਵੀ ਇਸ਼ਤਿਹਾਰਬਾਜ਼ੀ ’ਤੇ ਪਾਬੰਦੀ ਹੈ। ਇਸਦੀ ਉਲੰਘਣਾ ਕਰਨ ’ਤੇ ਪਹਿਲੀ ਵਾਰ 2 ਸਾਲ ਦੀ ਕੈਦ ਜਾਂ 1000 ਰੁਪਏ ਜੁਰਮਾਨਾ ਜਾਂ ਦੋਵੇਂ ਅਤੇ ਦੂਜੀ ਵਾਰ ਉਲੰਘਣਾ ਕਰਨ ਵਾਲੇ ਨੂੰ 5 ਸਾਲ ਦੀ ਕੈਦ ਜਾਂ 5000 ਰੁਪਏ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ।

Related News