ਪੰਜਾਬ ਦੇ ਇਸ ਪਿੰਡ ਦੇ 12 ਨੌਜਵਾਨਾਂ ਨੇ ਰਚਿਆ ਇਤਿਹਾਸ, ਇਕੋ ਸਮੇਂ ਹੋਏ ਫ਼ੌਜ 'ਚ ਭਰਤੀ
Thursday, Dec 11, 2025 - 06:01 PM (IST)
ਹਾਜੀਪੁਰ (ਜੋਸ਼ੀ)- ਬਹਾਦਰੀ ਅਤੇ ਦੇਸ਼ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਹੁਸ਼ਿਆਰਪੁਰ ਦੇ ਹਾਜੀਪੁਰ ਦੇ ਪਿੰਡ ਗੇਰਾ ਦੇ 12 ਹੋਣਹਾਰ ਨੌਜਵਾਨਾਂ ਨੇ ਇਕੋ ਸਮੇਂ ਭਾਰਤੀ ਫ਼ੌਜ ਵਿੱਚ ਭਰਤੀ ਹੋ ਕੇ ਪਿੰਡ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸਾਰੇ ਨੌਜਵਾਨਾਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਭਰਤੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਪਾਰ ਕੀਤਾ, ਜਿਸ ਨਾਲ ਪੂਰੇ ਇਲਾਕੇ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਇਨ੍ਹਾਂ ਨੌਜਵਾਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨੂੰ ਵੇਖਦੇ ਹੋਏ ਪਿੰਡ ਗੇਰਾ ਦੀ ਪੰਚਾਇਤ ਨੇ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ। ਜਿਸ ਵਿੱਚ ਪੰਚਾਇਤ ਅਤੇ ਪਿੰਡ ਦੇ ਪਤਵੰਤਿਆਂ ਨੇ ਇਨ੍ਹਾਂ ਸਾਰੇ 12 ਨੌਜਵਾਨਾਂ ਨੂੰ ਸਿਰੋਪਾਓ ਅਤੇ ਇਕ-ਇਕ ਕਿੱਲੋ ਦੇਸੀ ਘਿਓ ਦੇ ਕੇ ਸਨਮਾਨਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪੰਚਾਇਤ ਦੇ ਸਰਪੰਚ ਗੁਰਦੀਪ ਸਿੰਘ ਕਾਲਾ ਨੇ ਇਸ ਮੌਕੇ 'ਤੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਨਾ ਸਿਰਫ਼ ਆਪਣੇ ਪਰਿਵਾਰ ਸਗੋਂ ਪੂਰੇ ਪਿੰਡ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਹੋਵੇਗਾ ਵੱਡਾ ਫਾਇਦਾ! ਇਸ ਟਰੈਕ 'ਤੇ ਬਣੇਗਾ ਅੰਡਰਬ੍ਰਿਜ
ਉਨ੍ਹਾਂ ਨੇ ਦੇਸ਼ ਦੀ ਸੇਵਾ ਲਈ ਚੁਣੇ ਗਏ ਇਸ ਮਾਰਗ ਦੀ ਸ਼ਲਾਘਾ ਕੀਤੀ। ਸਨਮਾਨਤ ਹੋਣ ਵਾਲੇ ਨੌਜਵਾਨਾਂ ਨੇ ਵੀ ਪਿੰਡ ਅਤੇ ਪੰਚਾਇਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਦੇਸ਼ ਦੀ ਸੇਵਾ ਕਰਨਾ ਹੈ। ਇਨ੍ਹਾਂ ਨੌਜਵਾਨਾਂ ਨੇ ਲੰਬੇ ਸਮੇਂ ਤੱਕ ਸਰੀਰਕ ਅਤੇ ਮਾਨਸਿਕ ਤੌਰ 'ਤੇ ਖ਼ੁਦ ਨੂੰ ਤਿਆਰ ਕੀਤਾ। ਉਨ੍ਹਾਂ ਦੀ ਇਹ ਸਮੂਹਿਕ ਸਫ਼ਲਤਾ ਦਰਸਾਉਂਦੀ ਹੈ ਕਿ ਸਹੀ ਮਾਰਗਦਰਸ਼ਨ, ਅਟੁੱਟ ਦ੍ਰਿੜ੍ਹ ਸੰਕਲਪ ਅਤੇ ਸਮੂਹਿਕ ਯਤਨਾਂ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ 'ਤੇ ਸਤਨਾਮ ਸਿੰਘ, ਗੁਰਮੀਤ ਸਿੰਘ, ਬਚਨ ਸਿੰਘ, ਲਾਭ ਸਿੰਘ ਪੰਚ, ਸੂਬੇਦਾਰ ਜਸਵੀਰ ਸਿੰਘ, ਯੁਵਰਾਜ, ਜਗਜੀਤ ਸਿੰਘ ਅਤੇ ਗੁਰਦੀਪ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! ਸਫ਼ਰ ਹੋਵੇਗਾ ਸੌਖਾਲਾ, ਸ਼ੁਰੂ ਹੋਣ ਜਾ ਰਿਹੈ ਇਹ ਵੱਡਾ ਪ੍ਰਾਜੈਕਟ
