ਨਿਊਜ਼ੀਲੈਂਡ ''ਚ ਨਗਰ ਕੀਰਤਨ ਦੇ ਵਿਰੋਧ ''ਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ

Sunday, Dec 21, 2025 - 11:50 AM (IST)

ਨਿਊਜ਼ੀਲੈਂਡ ''ਚ ਨਗਰ ਕੀਰਤਨ ਦੇ ਵਿਰੋਧ ''ਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ

ਅੰਮ੍ਰਿਤਸਰ/ਹੁਸ਼ਿਆਰਪੁਰ (ਪਰਮਜੀਤ ਸਿੰਘ ਮੋਮੀ)- ਸਿੱਖਾਂ ਵੱਲੋਂ ਨਿਊਜ਼ੀਲੈਂਡ ਵਿਚ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾਣਾ ਬੇਹੱਦ ਦੁੱਖ਼ਦਾਈ ਅਤੇ ਚਿੰਤਾਜਨਕ ਹੈ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਸਦਾ ਤੋਂ ਹੀ ਵਿਸ਼ਵ ਭਾਈਚਾਰੇ ਦੀ ਭਲਾਈ, ਸ਼ਾਂਤੀ, ਸਹਿਣਸ਼ੀਲਤਾ ਅਤੇ ਤਰੱਕੀ ਲਈ ਆਪਣਾ ਮਿਸਾਲੀ ਯੋਗਦਾਨ ਪਾਉਂਦਾ ਆ ਰਿਹਾ ਹੈ ਪਰ ਇਸ ਦੇ ਬਾਵਜੂਦ ਸਿੱਖਾਂ ਦੀਆਂ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਵੇਖਿਆ ਜਾਣਾ ਅਤਿ ਨਿੰਦਣਯੋਗ ਹੈ।

ਇਹ ਵੀ ਪੜ੍ਹੋ: ਪੰਜਾਬ 'ਚ DGP ਗੌਰਵ ਯਾਦਵ ਦੀ ਸਖ਼ਤੀ! ਵਧਾਈ ਸੁਰੱਖਿਆ,  494 ਹੌਟਸਪੌਟਾਂ 'ਤੇ ਲਾਏ ਗਏ ਨਾਕੇ

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੀ ਬੁਨਿਆਦ ਸਰਬੱਤ ਦਾ ਭਲਾ, ਭਰਾਤਰੀ ਭਾਵ ਅਤੇ ਮਨੁੱਖਤਾ ਦੀ ਸੇਵਾ ’ਤੇ ਟਿਕੀ ਹੋਈ ਹੈ। ਨਗਰ ਕੀਰਤਨ ਸਿੱਖ ਧਰਮ ਦੀ ਇਕ ਪਵਿੱਤਰ ਧਾਰਮਿਕ ਪਰੰਪਰਾ ਹੈ, ਜੋ ਸਮਾਜ ਵਿਚ ਆਪਸੀ ਸਾਂਝ, ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ ਅਤੇ ਅਜਿਹੇ ਧਾਰਮਿਕ ਸਮਾਗਮਾਂ ਦਾ ਵਿਰੋਧ ਕਰਨਾ ਗੁਰੂ ਸਾਹਿਬਾਨ ਦੇ ਸਰਬ-ਸਾਂਝੇ ਸੰਦੇਸ਼ ’ਤੇ ਸਿੱਧੀ ਸੱਟ ਹੈ।

ਉਨ੍ਹਾਂ ਆਖਿਆ ਕਿ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਵੱਸਦਾ ਸਿੱਖ ਭਾਈਚਾਰਾ ਸਦਾ ਹੀ ਸਥਾਨਕ ਲੋਕਾਂ ਨਾਲ ਰਲ ਮਿਲ ਕੇ ਰਹਿੰਦਾ ਹੈ ਅਤੇ ਹਰ ਦੇਸ਼ ਦੇ ਕਾਨੂੰਨਾਂ ਅਤੇ ਸਥਾਨਕ ਸਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਆਇਆ ਹੈ। ਉਨ੍ਹਾਂ ਹੋਰ ਕਿਹਾ ਕਿ ਸਿੱਖ ਸਮਾਗਮਾਂ ਦੌਰਾਨ ਲੰਗਰ ਅਤੇ ਨਿਸ਼ਕਾਮ ਸੇਵਾ ਰਾਹੀਂ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਦਿੱਤਾ ਜਾਂਦਾ ਹੈ, ਜਿਸ ਨਾਲ ਸਮਾਜਿਕ ਸਾਂਝ ਮਜ਼ਬੂਤ ਹੁੰਦੀ ਹੈ।

ਇਹ ਵੀ ਪੜ੍ਹੋ: ਹਰੀਕੇ ਪੱਤਣ ਦੀ ਡੀ-ਸਿਲਟਿੰਗ ਲਈ ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਨਿਊਜੀਲੈਂਡ ਅਤੇ ਭਾਰਤ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣ ਅਤੇ ਸਿੱਖ ਭਾਈਚਾਰੇ ਨੂੰ ਆਪਣੇ ਧਾਰਮਿਕ ਅਧਿਕਾਰਾਂ ਦੇ ਅਨੁਸਾਰ ਸਮਾਗਮ ਕਰਨ ਲਈ ਸੁਰੱਖਿਅਤ ਅਤੇ ਸਹਿਯੋਗੀ ਮਾਹੌਲ ਮੁਹੱਈਆ ਕਰਵਾਉਣ।  ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਅਤੇ ਆਪਸੀ ਸਤਿਕਾਰ ਹੀ ਕਿਸੇ ਵੀ ਬਹੁ-ਸੱਭਿਆਚਾਰਕ ਸਮਾਜ ਦੀ ਅਸਲ ਪਛਾਣ ਹੁੰਦੀ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਜ਼ੀਲੈਂਡ ਦੇ ਮੋਹਰੀ ਸਿੱਖਾਂ ਨੂੰ ਇਸ ਘਟਨਾ ਸਬੰਧੀ ਉਥੇ ਦੀ ਸਰਕਾਰ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨਾਲ ਮਿਲ ਬੈਠ ਕੇ ਵਿਚਾਰ ਚਰਚਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਉਪਦੇਸ਼ਾਂ ਦੀ ਸੇਧ ਵਿਚ ਹੀ ਇਸ ਮਸਲੇ ਨੂੰ ਨਜਿੱਠਣ ਲਈ ਯਤਨ ਕੀਤੇ ਜਾਣ ਅਤੇ ਤਲਖ਼ੀ ਵਾਲੇ ਮਾਹੌਲ ਤੋਂ ਬਚਿਆ ਜਾਵੇ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News