ਮੋਗੇ 'ਚ ਅਣਖ ਖ਼ਾਤਰ ਇਕ ਹੋਰ ਕਤਲ, ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

Wednesday, Jun 24, 2020 - 05:47 PM (IST)

ਮੋਗੇ 'ਚ ਅਣਖ ਖ਼ਾਤਰ ਇਕ ਹੋਰ ਕਤਲ, ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਮੋਗਾ (ਗੋਪੀ, ਆਜ਼ਾਦ) : ਮੋਗਾ ਨੇੜਲੇ ਪਿੰਡ ਧੱਲੇਕੇ ਵਿਖੇ ਅੱਜ ਤੜਕਸਾਰ ਇਕ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਨੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ, ਜਦੋਂ ਪ੍ਰੇਮ ਸਬੰਧਾਂ ਕਾਰਨ ਕੁੜੀ ਨੂੰ ਮਿਲਣ ਆਏ ਮੁੰਡੇ ਦਾ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਘਰ ਅੰਦਰ ਹੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮਿਲਣ ’ਤੇ ਮੁੰਡੇ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਭਾਰੀ ਗਿਣਤੀ 'ਚ ਘਟਨਾ ਵਾਲੀ ਜਗ੍ਹਾ ’ਤੇ ਇਕੱਠੇ ਹੋ ਗਏ ਅਤੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਅਤੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ।

ਇਹ ਵੀ ਪੜ੍ਹੋ : ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਸਰਚ ਮੁਹਿੰਮ ਦੌਰਾਨ 4 ਮੋਬਾਇਲ ਬਰਾਮਦ

ਥਾਣਾ ਸਦਰ ਦੇ ਮੁੱਖ ਅਫਸਰ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਨੈਬ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਪਿੰਡ ਧੱਲੇਕੇ ਨੇ ਕਿਹਾ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦੇ ਹਨ। ਬੀਤੀ 23 ਜੂਨ ਨੂੰ ਅਸੀਂ ਸਾਰੇ ਪਰਿਵਾਰਕ ਮੈਂਬਰ ਬੱਗੜ ਸਿੰਘ ਦੇ ਖੇਤ 'ਚ ਝੋਨਾ ਲਾਉਣ ਗਏ ਸੀ ਅਤੇ 7 ਵਜੇ ਘਰ ਵਾਪਸ ਆ ਗਏ। ਮੇਰਾ ਛੋਟਾ ਲੜਕਾ ਇੰਦਰਜੀਤ ਸਿੰਘ, ਜਿਸ ਦੇ ਕਥਿਤ ਤੌਰ ’ਤੇ ਪਿੰਡ ਦੀ ਇਕ ਲੜਕੀ ਨਾਲ ਨਾਜਾਇਜ਼ ਸਬੰਧ ਹਨ, ਜੋ ਮੇਰੇ ਬੇਟੇ ਨੂੰ ਅਕਸਰ ਫੋਨ ਕਰਦੀ ਰਹਿੰਦੀ ਸੀ, ਅੱਜ ਸਵੇਰੇ ਜਦੋਂ ਮੈਂ ਉਠ ਕੇ ਦੇਖਿਆਂ ਤਾਂ ਮੇਰਾ ਲੜਕਾ ਕਮਰੇ 'ਚ ਨਹੀਂ ਸੀ, ਜਿਸ ’ਤੇ ਸਾਨੂੰ ਸ਼ੱਕ ਹੋਇਆ ਤਾਂ ਮੇਰਾ ਲੜਕਾ ਬੁੱਧ ਸਿੰਘ ਅਤੇ ਮੇਰਾ ਭਰਾ ਅਜਾਇਬ ਸਿੰਘ ਉਸ ਦੀ ਤਲਾਸ਼ ਲਈ ਨਿਕਲੇ ਤਾਂ ਸਾਨੂੰ ਬਲਵਿੰਦਰ ਸਿੰਘ ਉਰਫ ਬਿੰਦਰ ਦੇ ਘਰੋਂ ਰੌਲੇ ਦੀਆਂ ਆਵਾਜ਼ਾ ਸੁਣੀਆਂ, ਜਦੋਂ ਅਸੀਂ ਜਾ ਕੇ ਦੇਖਿਆ ਤਾਂ ਬਲਵਿੰਦਰ ਸਿੰਘ ਉਰਫ ਬਿੰਦਰ ਉਸ ਦੀ ਪਤਨੀ ਚਰਨਜੀਤ ਕੌਰ, ਕੁਲਵਿੰਦਰ ਸਿੰਘ, ਉਸ ਦੀ ਬੇਟੀ ਅਮਰਜੀਤ ਕੌਰ, ਗੁਰਮੀਤ ਸਿੰਘ, ਰਿੰਕੂ, ਗੁਰਦੀਪ ਸਿੰਘ ਕੀਤਾ ਆਦਿ ਮੇਰੇ ਲੜਕੇ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਰ ਕਰ ਰਹੇ ਸਨ, ਜਿਸ ’ਤੇ ਮੈਂ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਨੂੰ ਫੋਨ ਕਰਕੇ ਬੁਲਾਇਆ ਅਤੇ ਆਪਣੇ ਬੇਟੇ ਇੰਦਰਜੀਤ ਸਿੰਘ ਨੂੰ ਉਨ੍ਹਾਂ ਦੀ ਚੁੰਗਲ ’ਚੋਂ ਛੁਡਵਾ ਕੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਜਿੱਥੇ ਮੇਰੇ ਬੇਟੇ ਦੀ ਜ਼ਖਮਾਂ ਦੀ ਤਾਬ ਨੂੰ ਸਹਾਰਦੇ ਹੋਏ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਮੇਰੇ ਬੇਟੇ ਇੰਦਰਜੀਤ ਸਿੰਘ ਨੂੰ ਕਥਿਤ ਦੋਸ਼ੀਆਂ ਨੇ ਬਹਾਨੇ ਨਾਲ ਘਰ ਬੁਲਾ ਕੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਬਰੇਹਿਮੀ ਨਾਲ ਕਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਕਾਰਨ 2 ਮਰੀਜ਼ਾਂ ਦੀ ਮੌਤ, 38 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਕੀ ਹੋਈ ਪੁਲਸ ਕਾਰਵਾਈ
ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ ਬਲਵਿੰਦਰ ਸਿੰਘ, ਉਸਦੀ ਪਤਨੀ ਚਰਨਜੀਤ ਕੌਰ, ਕੁਲਵਿੰਦਰ ਸਿੰਘ ਉਰਫ ਮੱਦੀ, ਅਮਰਜੀਤ ਕੌਰ, ਗੁਰਦੀਪ ਸਿੰਘ ਉਰਫ ਕੀਤਾ, ਰਿੰਕੂ ਅਤੇ ਗੁਰਮੀਤ ਸਿੰਘ ਸਾਰੇ ਨਿਵਾਸੀ ਪਿੰਡ ਧੱਲੇਕੇ ਖਿਲਾਫ਼ ਥਾਣਾ ਸਦਰ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।
 

 

 


author

Babita

Content Editor

Related News