1947 ਹਿਜਰਤਨਾਮਾ 1 : ਪਿੰਡ ਥੋਹਾ ਖ਼ਾਲਸਾ ਵਿਖੇ ਕਤਲੇਆਮ ਦੀ ਕਹਾਣੀ (ਵੀਡੀਓ)

Tuesday, Apr 07, 2020 - 05:13 PM (IST)

ਹਿਜਰਤਨਾਮਾ -1947 ਸਫਾ-1
ਪਿੰਡ ਥੋਹਾ ਖਾਲਸਾ ਕਤਲੇਆਮ ਦੀ ਕਹਾਣੀ
ਪ੍ਰਿਤਪਾਲ ਸਿੰਘ ਚੰਡੀਗੜ੍ਹ ਦੀ ਜ਼ੁਬਾਨੀ

‘‘ ਸਨ 47 ਦੇ ਰੌਲਿਆਂ ਸਮੇਂ ਪਿੰਡ ਥੋਹਾ ਖਾਲਸਾ ਤਹਿਸੀਲ ਕਹੂਟਾ ਜ਼ਿਲ੍ਹਾ ਰਾਵਲਪਿੰਡੀ ਵਿਚ ਵਾਪਰੇ ਸਿੱਖਾਂ ਦੇ ਦਰਦਨਾਕ ਕਤਲੇਆਮ ਨੇ ਇਸ ਪਿੰਡ ਨੂੰ ਅੰਤਰਾਸ਼ਟਰੀ ਨਕਸ਼ੇ ’ਤੇ ਉਭਾਰ ਦਿੱਤਾ। ਸਿੱਖ ਸਰਦਾਰਾਂ ਵਲੋਂ ਇੱਜ਼ਤ ਅਤੇ ਅਣਖ ਖਾਤਰ ਆਪਣੀਆਂ ਮੁਟਿਆਰ ਬਹੂ-ਬੇਟੀਆਂ ਦੇ ਹੱਥ, ਧੌਣਾਂ ਵੱਢ ਦੇਣ ਅਤੇ ਖੂਹਾਂ ਵਿਚ ਛਾਲਾਂ ਮਰਵਾ ਦੇਣ ਉਪਰੰਤ ਬਾਹਰ ਨਿਕਲ ਕੇ ਦੰਗਈਆਂ ਨਾਲ ਮੁਕਾਬਲਾ ਕਰਦਿਆਂ ਸ਼ਹੀਦੀ ਪਾ ਜਾਣ ਦੀ ਅਜਬ ਦਾਸਤਾਨ ਹੈ। ਪੇਸ਼ ਹੈ ਇਸ ਘਟਨਾ ਦੇ ਬਚ ਗਏ ਚਸ਼ਮਦੀਦ ਗਵਾਹ ਸ. ਪ੍ਰਿਤਪਾਲ ਸਿੰਘ ਕਰਨਾਲ ਦੀ ਦਰਦ ਬਿਆਨੀ : -

‘ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦੇ 2 ਪਿੰਡ ਵਿਕਸਤ ਕੀਤੇ ਗਏ ਸਨ। ਡੇਰਾ ਖਾਲਸਾ ਅਤੇ ਥੋਹਾ ਖਾਲਸਾ। ਇਹੋ ਥੋਹਾ ਖਾਲਸਾ ਸਾਡਾ ਆਬਾਈ ਗਰਾਂ ਸੀ। ਸਾਡੇ ਵਡੇਰੇ ਦਾ ਨਾਮ ਸ. ਹਰੀ ਸਿੰਘ ਧੀਰ ਸੀ ਅਤੇ ਅੱਗੇ ਇਨ੍ਹਾਂ ਦਾ ਪੁੱਤਰ ਭਗਤ ਸਿੰਘ ਹੋਇਆ। ਭਗਤ ਸਿੰਘ ਦੇ ਅੱਗੇ ਪੁੱਤਰ ਬਿਸ਼ਨ ਸਿੰਘ, ਇੰਦਰ ਸਿੰਘ, ਹਰਬੰਸ ਸਿੰਘ ਤੇ ਗੁਰਬਚਨ ਸਿੰਘ ਹੋਏ। ਇਨ੍ਹਾਂ ’ਚੋਂ ਸ. ਇੰਦਰ ਸਿੰਘ ਦੇ ਘਰ ਮੇਰੀ ਪੈਦਾਇਸ਼ 24-07-1936 ਦੀ ਹੈ। ਮੈਂ ਪਿੰਡ ਚੌਥੀ ਜਮਾਤ ਪਾਸ ਕਰਨ ਉਪਰੰਤ ਮਾਰਚ 1946 ਨੂੰ ਮਟੋਰ ਦੇ ਮਿਡਲ ਸਕੂਲ ਦੀ 5ਵੀਂ ਜਮਾਤ ਵਿਚ ਜਾ ਦਾਖਲ ਹੋਇਆ। ਮਿਡਲ ਸਕੂਲ ਤਾਂ ਪਿੰਡ ਵੀ ਸੀ ਪਰ ਉਥੇ 5ਵੀਂ ਤੋਂ ਫਾਰਸੀ ਪੜ੍ਹਨੀ ਪੈਂਦੀ ਸੀ, ਜਦਕਿ ਮਟੋਰ ਦੇ ਮਿਡਲ ਸਕੂਲ ਵਿਚ 5ਵੀਂ ਤੋਂ ਅੰਗਰੇਜ਼ੀ ਹੀ ਸੀ। ਬਜ਼ੁਰਗਾਂ ਨੇ ਫਾਰਸੀ ਤੋਂ ਅੰਗਰੇਜ਼ੀ ਨੂੰ ਤਰਜੀਹ ਦਿੱਤੀ। ਮਟੋਰ ਜਨਰਲ ਸ਼ਾਹ ਨਵਾਜ (ਆਜ਼ਾਦ ਹਿੰਦ ਫੌਜ ਦੀ ਮਸ਼ਾਹੂਰ ਤਿੱਕੜੀ ਸਹਿਗਲ-ਢਿੱਲੋ-ਸ਼ਾਹ ਨਵਾਜ) ਦਾ ਪਿੰਡ ਹੈ। ਸਲਾਮ ਹੈ ਕਿ ਉਨ੍ਹਾਂ ਨੇ ਮਟੋਰ ਖਾਲਸਾ ਦੇ ਕਿਸੇ ਵੀ ਸਿੱਖ ਦਾ ਵਾਲ ਤੱਕ ਵਿੰਗਾ ਨਹੀਂ ਹੋਣ ਦਿੱਤਾ।

PunjabKesari

ਸਾਰੀਆਂ ਕੌਮਾ ਵਿਚ ਬਹੁਤ ਇਤਫਾਕ ਅਤੇ ਸਾਂਝ ਸੀ। ਕਈ 150 ਕੁ ਘਰ ਸਿੱਖਾਂ ਦੇ, 15-16 ਘਰ ਹਿੰਦੂ ਮਿਸ਼ਰ ਗੋਤੀਆਂ ਦੇ ਅਤੇ 50-60 ਕੁ ਘਰ ਮੁਸਲਿਮ ਆਬਾਦੀ ਦੇ ਸਨ। ਉਨ੍ਹਾਂ ਦੀ ਰਿਹਾਇਸ਼ ਪਿੰਡ ਤੋਂ ਕੁਝ ਹਟ ਕੇ ਉਚੀ ਥਾਂ ’ਤੇ ਵੱਖਰੀ ਬਸਤੀ ਦੇ ਰੂਪ ਵਿਚ ਸੀ, ਜਿਸ ਨੂੰ ਢੋਕ ਆਖਦੇ ਸਾਂ। ਪਿੰਡ ’ਚੋਂ ਮਸੀਤ ਕੋਈ ਨਹੀਂ ਸੀ ਪਰ ਦੋ ਮੁਸਲਿਮ ਕਬਰਿਸਤਾਨ ਪਿੰਡ ਵਿਚ ਹੀ ਮੌਜੂਦ ਸਨ।

ਹਾਲਤ ਖਰਾਬ ਹੋ ਸਕਦੇ ਹਨ ਦੀ ਮਿਸਾਲ ਸਾਨੂੰ ਦਸੰਬਰ 1946 ਵਿਚ ਲੱਗੀ। ਜਦੋਂ ਮਟੋਰ ਸਕੂਲ ਤੋਂ ਅਸੀਂ ਕੋਈ 30-35 ਮੁੰਡੇ ਸਕੂਲ ਮਾਸਟਰ ਰਘਬੀਰ ਸਿੰਘ ਜੋ ਸਾਡੇ ਪਿੰਡ ਤੋਂ ਹੀ ਸਨ, ਨਾਲ ਪਿੰਡ ਵਾਪਸ ਆ ਰਹੇ ਸਾਂ ਤਾਂ ਇਕ ਮਜ੍ਹਬੀ ਤੁਅਸਬ ਨਾਲ ਭਰੇ ਮਸੁਲਿਮ ਰਿਟਾਇਰਡ ਫੌਜੀ ਨੇ ਸਾਡਾ ਰਾਹ ਰੋਕ ਕੇ ਸਾਨੂੰ ਗਾਣਾ ਸੁਣਾਉਣ ਲਈ ਕਿਹਾ। ਅਸੀਂ ਗਾਣਾ ਤਾਂ ਸੁਣਾ ਦਿੱਤਾ ਪਰ ਉਸ ਸ਼ਾਬਾਸ਼ ਦੇਣ ਦੀ ਥਾਂ ਸਾਨੂੰ ਓਧਰੋਂ ਜ਼ਬਰੀ ਕੱਢ ਦੇਣਅਤੇ ਪਾਕਿਸਤਾਨੀ ਬਣ ਜਾਣ ਦੀ ਧਮਕੀ ਦਿੱਤੀ। ਚੜ੍ਹਦੇ ਫਰਵਰੀ ਵਿਚ ਇਹ ਖਬਰਾਂ ਆਉਣ ਲੱਗੀਆਂ ਕਿ ਅੰਗਰੇਜ ਭਾਰਤ ਨੂੰ ਛੱਡ ਕੇ ਜਾ ਰਹੇ ਹਨ। ਆਜ਼ਾਦ ਹੁੰਦਿਆ ਭਾਰਤ ਦੀ ਵੰਡ ਹੋ ਕੇ ਵਿਚ ਪਾਕਿ ਬਣੇਗਾ ਪਰ ਸਾਡੇ ਵਾਸਤੇ ਇਹ ਖਬਰ ਨਾ ਯਕੀਨ ਕਰਨ ਵਾਲੀ ਸੀ। ਅਗਲੇ ਹਫਤੇ ਹੀ ਆਲੇ-ਦੁਆਲੇ ਦੰਗੇ ਫਸਾਦ ਅਤੇ ਅਗਜਨੀ ਦੀਆਂ ਸਰਗੋਸ਼ੀਆਂ ਹੋਣ ਲੱਗੀਆਂ। ਫਿਰ ਇਕ ਦਿਨ 8 ਮਾਰਚ ਨੂੰ ਕੋਹ ਮਰੀ ਕਸਬੇ ’ਚ ਅੱਗ ਦੇ ਲਾਂਬੂ ਉਠਦੇ ਦੇਖੇ ਗਏ।

9 ਮਾਰਚ ਦੀ ਢਲੀ ਸ਼ਾਮ ਨੂੰ ਬਾਹਰੀ ਪਿੰਡਾਂ ਦੇ ਲੁੱਟ ਖੋਹ ਅਤੇ ਬਦਮਾਸ਼ ਬਿਰਤੀ ਵਾਲੇ ਮੁਸਲਿਮਾ ,ਕਬਾਇਲੀ ਮੁਸਲਿਮਾ ਨਾਲ ਮਿਲ ਕੇ ਬਾਹਰੀ ਆਬਾਦੀ ’ਤੇ ਹਮਲਾ ਕੀਤਾ। ਸਿੱਖ ਆਬਾਦੀ ਦੇ ਕਈ ਘਰਾਂ ਨੂੰ ਲੁੱਟ-ਪੁੱਟ ਕੇ ਅੱਗ ਲਗਾ ਦਿੱਤੀ। ਪਿੰਡ ਦੇ ਸਿਆਣੇ ਅਤੇ ਮੋਹਤਬਰ ਸਰਦਾਰਾਂ ਦੀ, ਸ. ਗੁਲਾਬ ਸਿੰਘ ਦੀ ਹਵੇਲੀ ਹੋਈ ਬੈਠਕ ਵਿਚ ਮੌਕੇ ਦੇ ਹਾਲਾਤ ’ਤੇ ਵਿਚਾਰ ਚਰਚਾ ਕੀਤੀ ਗਈ । 4-5 ਸਿੱਖ ਸਰਦਾਰਾਂ ਪਾਸ ਬੰਦੂਕਾਂ ਅਤੇ ਸ. ਅਵਤਾਰ ਸਿੰਘ ਪਾਸ ਪਿਸਤੌਲ ਸੀ। ਕੁਝ ਕਸ਼ਮ ਕਸ਼ ਤੋਂ ਬਾਅਦ ਉਹ ਦੰਗਈ ਹਜੂਮ ਹੋਰਸ ਪਿੰਡਾਂ ਵੱਲ ਨਿਕਲ ਗਿਆ। ਫਿਰ ਇਵੇਂ ਹੀ 10 ਅਤੇ 11 ਮਾਰਚ ਨੂੰ ਮੁਸਲਿਮ ਹਜੂਮ ਪਿੰਡ ’ਤੇ ਧਾਵਾ ਬੋਲਣ ਲਈ ਆ ਚੜਿਆ। ਦੋਵਾਂ ਵਾਰੀ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹਥਿਆਰ ਅਤੇ ਗਹਿਣਾ ਗੱਟਾ ਉਨ੍ਹਾਂ ਨੂੰ ਦੇ ਪਿੰਡ ਛੱਡ ਜਾਈਏ ਪਰ ਸਿੱਖ ਸਰਦਾਰ ਜਾਣਦੇ ਸਨ ਕਿ ਇਸ ਵਿਚ ਉਨ੍ਹਾਂ ਦਾ ਛੱਲ ਹੈ ਤਾਂ ਸਿੱਖ ਮੋਹਰੀਆਂ ਨੇ ਵੰਗਾਰ ਦਿਆਂ ਕਿਹਾ ਕਿ ਤੁਸੀਂ ਅੱਗੇ ਵਧੋ ਪਰ ਕਿਸੇ ਵੀ ਧਿਰ ਨੇ ਹਮਲਾ ਨਾ ਕੀਤਾ। ਕੁਝ ਕਸ਼ਮ ਕਸ਼ ਤਾਂ ਬਾਅਦ ਉਹ ਵਾਪਸ ਪਰਤ ਗਏ। ਇਸੇ ਸਮੇਂ ਦੌਰਾਨ ਸਭ ਹਿੰਦੂ-ਸਿੱਖਾਂ ਨੇ ਆਪਣਾ ਕੁਝ ਕੁ ਜਰੂਰੀ ਸਾਮਾਨ ਗੁਲਾਬ ਸਿੰਘ ਦੀ ਹਵੇਲੀ ਅਤੇ ਕਈਆਂ ਨੇ ਨਜਦੀਕੀ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ। ਵੈਸੇ ਇਕ ਗੁਰਦੁਆਰਾ ਹੋਰ, ਦੁਖਭੰਜਨੀ ਨਾਮੇ ਸੀ, ਜਿਥੇ 3 ਹਾੜ ਨੂੰ ਮੇਲਾ ਲਗਦਾ ਹੁੰਦਾ ਸੀ। ਉਥੇ ਨੇੜੇ ਹੀ ਝਲਿਹਾਰੀ (ਪਾਣੀ ਦਾ ਚਸ਼ਮਾ) ਫੁੱਟਦਾ ਸੀ, ਜਿਥੇ ਇਸ਼ਨਾਨ ਲਈ ਔਰਤਾਂ-ਮਰਦਾਂ ਵਾਸਤੇ ਵੱਖ-ਵੱਖ ਹੌਜ ਬਣੇ ਹੋਏ ਸਨ, ਦੇ ਨਾਲ ਹੀ ਕਸ ਵਗਦੀ ਸੀ।

PunjabKesari

ਫਿਰ 12 ਮਾਰਚ ਦੀ ਦੁਪਹਿਰ ਨੂੰ ਢੋਲ ਵਜਾਉਂਦਾ, ਛਵੀਆਂ ਭਾਲਿਆਂ ਨਾਲ ਲੈਸ ਯਾ ਅਲੀ, ਅੱਲਾ-ਹੂ-ਅਕਬਰ ਦੇ ਨਾਅਰੇ ਮਾਰਦਾ ਮੁਸਲਿਮ ਦੰਗਈਆਂ ਦਾ ਇਕ ਵੱਡਾ ਹਜੂਮ ਬਦਮਾਸ਼ ਬਿਰਤੀ ਵਾਲੇ ਮਸੁਲਿਮਾ ਦੀ ਅਗਵਾਈ ਵਿਚ ਥੋਹਾ ਖਾਲਸਾ ’ਤੇ ਹਮਲਾ ਕਰਨ ਲਈ ਆਇਆ। ਉਹੀ ਉਨ੍ਹਾਂ ਹਥਿਆਰਾਂ, ਮਾਲ ਇਸਬਾਬ ਦੇ ਨਾਲ ਔਰਤਾਂ ਦੀ ਮੰਗ ਕੀਤੀ ਕਿ ਉਹ ਸਾਨੂੰ ਦੇ ਦਿਓ ਤਾਂ ਅਸੀਂ ਚਲੇ ਜਾਂਦੇ। ਸਿੰਘ ਸਰਦਾਰਾਂ ਜਿਨਾਂ ਗੁਰਦੁਆਰਾ ਸੁਧਾਰ ਲਹਿਰ ਵਿਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲਿਆ, ਨੇ ਲਲਕਾਰਦਿਆਂ ਕਿਹਾ ਕਿ ਸਾਡੇ ਪੁਰਖੇ ਤਾਂ ਹਿੰਦੂ ਕੁੜੀਆਂ ਨੂੰ ਕਾਬਲ ਕੰਧਾਰ ਤੋਂ ਛੁਡਾ ਕੇ ਲਿਆਉਂਦੇ ਰਹੇ ਅਤੇ ਅਸੀਂ ਆਪਣੀ ਕੁੜੀਆਂ ਤੁਹਾਨੂੰ ਆਪਣੇ ਹੱਥੀਂ ਕਿਵੇਂ ਦੇ ਦਈਏ?

ਬਾਹਰ ਵੈਰੀ ਦਾ ਘੇਰਾ ਬੜਾ ਜਬਰਦਸਤ ਸੀ। ਉਹ ਭਾਰੀ ਹੁੜਦੰਗ ਮਚਾ ਰਹੇ ਸਨ। ਸਾਰੇ ਸਿੱਖ ਪਰਿਵਾਰ ਹਵੇਲੀ ਵਿਚ ਇਕੱਠੇ ਸਨ। ਨੌਜਵਾਨਾਂ ਦੀ ਬਹੁਤਾਤ ਤਾਂ ਫੌਜ ਪੁਲਸ ਵਿਚ ਭਰਤੀ ਸੀ ਅਤੇ ਜਾਂ ਬਾਹਰ ਦੂਰ-ਦੁਰਾਡੇ ਰੁਜ਼ਗਾਰ ਵਿਚ ਲੱਗੇ ਹੋਏ ਸਨ। ਸੋ ਪਿੰਡ ’ਚ ਹਾਜ਼ਰ ਨੌਜਵਾਨ ਬਹੁਤ ਥੋੜੀ ਗਿਣਤੀ ਵਿਚ ਸਨ। ਕੋਈ ਵਾਹ ਨਾ ਚਲਦੀ ਦੇਖ, ਸਿੱਖ ਹਿਫਾਜਤੀ ਦਸਤੇ ਦੀ ਅਗਵਾਈ ਕਰ ਰਹੇ ਸਰਦਾਰਾਂ ਨੇ ਮਿਲ ਕੇ ਇਕ ਬਹੁਤ ਭਿਆਨਕ ਅਤੇ ਦਿਲ ਸੋਜ ਫੈਸਲਾ ਲੈ ਲਿਆ। ਉਹ ਫੈਸਲਾ ਇਹ ਸੀ ਕਿ ਸਾਰੀਆਂ ਮੁਟਿਆਰ, ਔਰਤਾਂ ਨੂੰ ਆਪਣੇ ਹੀ ਹੱਥੋਂ ਸਿਰ ਕਲਮ ਕਰਨ ਦਾ ਫੈਸਲਾ। ਰਾਜਾ ਸਿੰਘ ਜੀ ਨੇ ਸਭ ਤੋਂ ਪਹਿਲਾਂ ਆਪਣੀ ਵੱਡੀ ਬੇਟੀ ਨਾਮ ਕੌਰ, ਜੋ ਕਰੀਬ 19 ਕੁ ਸਾਲ ਦੀ ਸੀ ਅਤੇ ਵਿਆਹ ਦੇ ਲਾਈਕ ਸੀ, ਨੂੰ ਆਵਾਜ਼ ਮਾਰੀ।ਕਹਿ ਉਸ, ‘ਨਾਮ ਬੇਟਾ ਆ ਜਾ ਰਾਜਾ ਸਿੰਘ ਜੀ ਦੇ ਹੱਥ ਵਿਚ ਇਕ ਭਾਰੀ ਦੋ ਧਾਰੀ ਖੰਡਾ ਫੜਿਆ ਹੋਇਆ ਸੀ। ‘ਨਾਮ ਕੌਰ ਨੇ ਇਕ ਵਾਰ ਵੀ ਸੀ ਨਾ ਕੀਤੀ। ਉਹ ਆਪਣੇ ਪਿਤਾ ਜੀ ਦੇ ਸਾਹਮਣੇ ਆ ਬੈਠੀ ਅਤੇ ਇਸ ਦੇ ਨਾਲ ਹੀ ਹੋਰ 3-4 ਬੀਮਾਰ ਜਾਂ ਬਜ਼ੁਰਗ ਸਰਦਾਰਾਂ ਨੂੰ ਵੀ ਸ਼ਹੀਦ ਕੀਤਾ।

ਇਸੇ ਤਰਾਂ ਹਵੇਲੀ ਦੇ ਉਪਰ ਚੁਬਾਰੇ ਵਿਚ 26-27 ਹੋਰ ਸਿੱਖ ਕੁੜੀਆਂ-ਔਰਤਾਂ, ਜਿਨ੍ਹਾਂ ’ਚ ਨਵ ਵਿਆਹੁਤਾ ਚੂੜੇ ਵਾਲੀਆਂ ਮੁਟਿਆਰਾਂ ਵੀ ਸਨ, ਨੂੰ ਆਪਣੇ ਹੀ ਹੱਥੀਂ ਸ਼ਹੀਦ ਕਰ ਦਿੱਤਾ। ਖਾਸ ਗੱਲ ਇਹ ਰਹੀ ਕਿ ਉਸ ਸਮੇਂ ਸਾਰਿਆਂ ’ਤੇ ਸ਼ਹੀਦੀ ਰੰਗ ਚੜ੍ਹਿਆ ਹੋਇਆ ਸੀ। ਕੋਈ ਨੱਸੀ ਨਹੀਂ, ਕਿਸੇ ਨੇ ਇਨਕਾਰ ਨਹੀਂ ਕੀਤਾ। ਬਸ ਇਕੋ ਖੱਟਖੱਟ ਜਾਂ ਵਾਹਿਗੁਰੂ ਦੀ ਆਵਾਜ਼ ਹੀ ਆਉਂਦੀ ਸੀ। 

ਹਿਫਾਜਤੀ ਦਸਤੇ ਦੇ ਮੋਹਰੀਆਂ ਨੇ ਮਿਲ ਕੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਧਰਮ, ਇੱਜ਼ਤ ਅਤੇ ਅਣਖ ਖਾਤਰ ਅਸੀਂ ਇਹ ਕਰਨ ਲਈ ਮਜਬੂਰ ਹੋਏ ਹਾਂ। ਇਸ ਦੇ ਲਈ ਸੁਮੱਤ ਅਤੇ ਸ਼ਕਤੀ ਬਖਸ਼ੋ। ਉਨ੍ਹਾਂ ਜੈਕਾਰਾ ਛੱਡਿਆ ਅਤੇ ਬਾਹਰ ਨਿਕਲ ਕੇ ਜ਼ਾਲਮਾਂ ਨਾਲ ਟੱਕਰ ਲੈਂਦੇ ਹੋਏ ਸ਼ਹੀਦੀ ਪਾ ਲਈ।

ਉਪਰੰਤ ਸ.ਅਜੈਬ ਸਿੰਘ ਦੀ ਪਤਨੀ ਮਾਈ ਬਸੰਤ ਕੌਰ, ਗੁਲਾਬ ਸਿੰਘ ਦੀ ਪਤਨੀ ਮਾਈ ਲਾਜ ਕੌਰ ਅਤੇ ਡਾ. ਨੇ ਅਰਦਾਸ ਕੀਤੀ। ਉਸ ਵਕਤ ਬੀਬੀਆਂ ਅਤੇ ਬੱਚੇ ਖੂਹ ਦੇ ਉਚੇ ਥੜ੍ਹੇ ’ਤੇ ਅਤੇ ਬਚੇ ਹੋਏ ਮਰਦ ਸਾਰੇ ਥੱਲੇ ਘਾਹ ਉਪਰ ਬੈਠੇ ਹੋਏ ਸਨ। ਕਰੀਬ ਸੌ, ਸਵਾ ਸੌ ਬੀਬੀਆਂ ਅਤੇ ਬੱਚਿਆਂ ਨੇ ਹਵੇਲੀ ਦੇ ਨੇੜੇ ਪੈਂਦੇ ਬਾਹਰੀ ਖੂਹ ’ਚ ਛਾਲਾਂ ਮਾਰ ਦਿੱਤੀਆਂ। ਇਨ੍ਹਾਂ ਵਿਚ ਬਸੰਤ ਕੌਰ ਦੀਆਂ ਦੋ ਕੁੜੀਆਂ ਵੀ ਸ਼ਾਮਲ ਸਨ। ਇਥੇ ਵੀ ਇਕ ਦਿਲਚਸਪ ਘਟਨਾ ਵਾਪਰੀ ਕਿ ਬੱਸ ਸਟੈਂਡ ਦੇ ਨਾਲ ਸਾਡਾ ਘਰ ਸੀ। ਮੇਰੇ ਪਿਤਾ ਸ.ਚਰਨ ਸਿੰਘ ਬਿਦੰਰਾ ਤਦੋਂ ਭਾਰਤੀ ਫੌਜ ਵਿਚ ਮੇਰਠ ਵਿਖੇ ਨੌਕਰ ਸਨ। ਮੈਂ, ਮੇਰਾ ਛੋਟਾ ਭਰਾ ਕੁਲਦੀਪ, ਇਕ ਭੈਣ ਅਤੇ ਮਾਤਾ, ਮਾਮਾ ਜੀ ਦੇ ਦੋ ਪੁੱਤਰ ਅਤੇ ਦੋ ਕੁੜੀਆਂ ਨੇ ਵੀ ਖੂਹ ਵਿਚ ਛਾਲਾਂ ਮਾਰ ਦਿੱਤੀਆਂ। ਖੂਹ ਵਿਚ ਛਾਲਾਂ ਮਾਰਨ ਤੋਂ ਐਨ ਪਹਿਲੇ ਮੈਂ ਦੂਜੇ ਪਾਸੇ ਖੂਹ ਦੀ ਮੌਣ ’ਤੇ ਬੈਠੀ ਆਪਣੀ ਮਾਂ ਹਰਬੰਸ ਕੌਰ ਪਾਸ ਗਿਆ ਅਤੇ ਹੱਥ ਜੋੜ ਕੇ ਆਖਿਆ ਕਿ ਅੰਮਾ ਕੋਈ ਗਲਤੀ ਹੋਈ ਹੋਏ ਤਾਂ ਮੁਆਫ ਕਰਦੇ। ਅੰਨਾ ਨੇ ਆਪਣਾ ਗੱਚ ਭਰਦਿਆਂ ਆਖਿਆ ਕਿ ਨਹੀਂ ਪੁੱਤਰ ਤੈਥੋਂ ਕੋਈ ਗਲਤੀ ਨਹੀਂ ਹੋਈ। ਮੈਂ ਮੁੜ ਆਪਣੀ ਜਗ੍ਹਾ ਮੌਣ ਦੇ ਦੂਜੇ ਪਾਸੇ ਆ ਬੈਠਾ। ਤਦੋਂ ਹੀ ਸਾਰਿਆਂ ਨੇ ਇਕੱਠੇ ਹੋ ਕੇ ਖੂਹ ਵਿਚ ਛਾਲਾਂ ਮਾਰ ਦਿੱਤੀਆਂ। ਖੂਹ ਤਾਂ ਪਹਿਲਾਂ ਹੀ ਕਾਫੀ ਭਰ ਗਿਆ ਸੀ। ਮੈਂ ਵੀ 1-2 ਗੋਤੇ ਖਾ ਕੇ ਪਾਣੀ ਦੇ ਉਪਰ ਆ ਗਿਆ।

ਪਰ ਚੰਗੇ ਭਾਗੀਂ ਮਾਮਾ ਜੀ ਦੀ ਇਕ ਬੇਟੀ ਗੁਰਚਰਨ ਕੌਰ, ਜੋ ਉਦੋਂ ਵਿਆਹ ਦੇ ਲਾਈਕ ਸੀ ਅਤੇ ਮੈਂ ਪ੍ਰਿਤਪਾਲ ਸਿੰਘ ਬਿੱਲੂ, ਜੋ ਉਸ ਵੇਲੇ 12 ਸਾਲ ਦਾ ਸੀ ਸਮੇਤ ਮਾਈ ਬਸੰਤ ਕੌਰ, ਹੋਰ 7-8 ਨੂੰ, ਸਜਵੰਦ ਸਿੰਘ ਆਟਾ ਚੱਕੀ ਵਾਲਿਆਂ ਅਤੇ 2-3 ਹੋਰਾਂ ਨੇ ਖੂਹ ਵਿਚ ਆਪਣੀਆਂ ਪੱਗਾਂ ਲਮਕਾ ਕੇ ਸਾਨੂੰ ਬਾਹਰ ਕੱਢ ਲਿਆ। ਉਪਰੰਤ ਅਸੀਂ ਸੁਜਾਨ ਸਿੰਘ ਦੀ ਹਵੇਲੀ ਚਲੇ ਗਏ। ਮੇਰੇ ਦਾਦਾ ਜੀ ਨੂੰ ਦਗੰਈਆਂ ਨੇ 13 ਮਾਰਚ ਦੇ ਦਿਨ ਮਕਾਨ ਨੂੰ ਅੱਗ ਲਗਾ ਕੇ ਜਿੰਦਾ ਸਾੜ ਦਿੱਤਾ ਪਰ ਮੈਂ, ਮੇਰੀ ਦਾਦੀ ਜੀ ਅਤੇ ਮਾਮਾ ਜੀ, ਜੋ ਸੁਜਾਨ ਸਿੰਘ ਦੀ ਹਵੇਲੀ ’ਚ ਸਨ, ਬਚ ਗਏ। ਜਿੱਦ ਤਾਂ ਮੈਂ ਵੀ ਦਾਦਾ ਜੀ ਦੇ ਪਾਸ ਘਰ ਜਾਣ ਦੀ ਕਰ ਰਿਹਾ ਸਾਂ ਪਰ ਮਾਮਾ ਜੀ ਨੇ ਇਹ ਕਹਿੰਦਿਆਂ ਰੋਕ ਦਿੱਤਾ ਕਿ ਬਾਹਰ ਮੁਸਲੇ ਫਿਰਦੇ ਹਨ।

ਉਪਰੰਤ ਦੰਗਈ ਥਮਾਲੀ ਪਿੰਡ ਵੱਲ ਚਲੇ ਗਏ, ਜਿੱਥੇ ਸਿੱਖਾਂ ਦਾ ਕਾਫੀ ਜ਼ੋਰ ਸੀ ਅਤੇ ਉਹ ਪਿਛਲੇ 10 ਦਿਨਾਂ ਤੋਂ ਲਗਾਤਾਰ, ਹਮਲਾਵਰਾਂ ਨੂੰ ਬਰਾਬਰ ਦੀ ਟਕੱਰ ਦੇ ਰਹੇ ਸਨ। ਇਥੇ ਇਕ ਹੋਰ ਦੁਖਦਾਈ ਘਟਨਾ ਵਾਪਰੀ ਸੀ ਕਿ ਮੁਕਾਬਲੇ ਲਈ ਨਿੱਕਲਣ ਤੋਂ ਪਹਿਲਾ ਅਵਤਾਰ ਸਿੰਘ ਬਿੰਦਰਾ ਨੇ ਆਪਣੀ ਗਰਭਵਤੀ ਪਤਨੀ ਹਰਨਾਮ ਕੌਰ ਨੂੰ ਗੋਲੀ ਮਾਰ ਦਿੱਤੀ।
13 ਮਾਰਚ ਨੂੰ ਫਿਰ ਖਤਰਾ ਜਾਣ ਕੇ, ਬਚ ਗਈਆਂ 3-4 ਮੁਟਿਆਰਾਂ ਨੇ ਬਾਅਦ ਵਿਚ ਸੁਜਾਨ ਸਿੰਘ ਦੀ ਹਵੇਲੀ ਵਿਚਲੇ ਖੂਹ ਵਿਚ ਛਾਲਾਂ ਮਾਰੀਆਂ। ਅਗਲੇ ਦਿਨ ਸਵੇਰੇ ਸਾਡੇ ਸਕੂਲ ਮਾਸਟਰ ਸਾਦਕ, ਜੋ ਪਿੰਡ ਮਟੋਰ ਤਹਿਸੀਲ ਕਹੂਟਾ ਦਾ ਰਹਿਣ ਵਾਲਾ ਅਤੇ ਆਜ਼ਾਦ ਹਿੰਦ ਫੌਜ ਵਾਲੇ ਸ਼ਾਹ ਨਵਾਜ ਦਾ ਸਕਾ ਸਾਲਾ ਸੀ, ਪਤਾ ਲੱਗਣ ’ਤੇ ਘੋੜੀ ਉਪਰ ਕੁਝ ਹੋਰ ਸਾਥੀਆਂ ਸਮੇਤ ਮੌਕਾ ਦੇਖਣ ਆਏ। ਉਹ ਡੱਬ ਵਿਚ ਪਸਤੌਲ ਰੱਖਣ ਦੇ ਵੀ ਸ਼ੌਕੀਨ ਸਨ। ਉਨ੍ਹਾਂ ਨੇ ਹਵੇਲੀ ਅੰਦਰਲੇ ਖੂਹ ਦਾ ਵੀ ਰੁੱਖ ਕੀਤਾ ਤਾਂ ਦੇਖਿਆ ਕਿ ਖੂਹ ’ਚੋਂ ਜਪੁਜੀ ਸਾਹਿਬ ਦੇ ਪਾਠ ਦੀ ਆਵਾਜ਼ ਪਈ ਆਏ। ਸਭ ਕੁੜੀਆਂ ਖੂਹ ਵਿਚ ਬੈਠੀਆਂ ਪਾਠ ਕਰ ਰਹੀਆਂ ਸਨ। ਉਨ੍ਹਾਂ ਗੁਆਂਢੀ ਪਿੰਡ ਮੰਡਿਆਲਾ ਜਾ ਕੇ ਰੱਸਾ ਲਿਆਂਦਾ। ਇਸ ਤਰਾਂ ਉਹ ਬਚ ਗਈਆਂ।

ਸਾਡੇ ਪਿੰਡ ਦੀ ਮਸੁਲਿਮ ਬਸਤੀ ਦਾ ਚੌਧਰੀ ਬੋਸਤਾਨ ਤੇ ਸਿੱਖ ਸਰਦਾਰਾਂ ’ਚੋਂ ਇਕ ਬਾਜ ਸਿੰਘ ਚੰਡੋਕ ਦਰਮਿਆਨੇ ਦਰਜੇ ਦਾ ਅਤੇ ਦੂਜਾ ਵੱਡਾ ਰਈਸ ਚੌਧਰੀ ਸੀ। ਉਪਰ ਜਿਕਰ ਵਾਲਾ, ਸ. ਸੁਜਾਨ ਸਿੰਘ ਜਿਨਾਂ ਦੀ ਹਵੇਲੀ ਅਕਸਰ ਅਨਾਜ ਨਾਲ ਭਰੀ ਰਹਿੰਦੀ ਸੀ। ਵਪਾਰ ਦੇ ਧੰਦੇ ਕਰਕੇ ਜ਼ਿਆਦਾ ਸਮਾਂ ਰਾਵਲਪਿੰਡੀ ਹੀ ਰਿਹਾਇਸ਼ ਰੱਖਦੇ ਸਨ। ਇਕ ਹੋਰ ਚਧੌਰੀ ਸੀ, ਸ. ਸੁੰਦਰ ਸਿੰਘ ਧੀਰ ਅਤੇ ਉਸ ਦਾ ਪੁੱਤਰ ਗੁਰਬਖਸ਼ ਸਿੰਘ, ਜਿਨਾਂ ਦੇ 8-10 ਟਰੱਕ ਚਲਦੇ ਸਨ। ਉਹ 10 ਮਾਰਚ ਨੂੰ ਜੰਗਲ ਦੇ ਰਸਤੇ ਨਿਕਲਣ ਉਪਰੰਤ ਰਾਵਲਪਿੰਡੀ ਡੀ.ਸੀ ਸਾਹਿਬ ਨੂੰ ਮਿਲਣ ਵਿਚ ਕਾਮਯਾਬ ਰਹੇ। ਡੀ.ਸੀ ਨਾਲ ਉਨ੍ਹਾਂ ਦਾ ਪਹਿਲਾਂ ਹੀ ਉੱਠਣ ਬੈਠਣ ਸੀ। ਉਹ ਅਗਲੇ ਦਿਨ ਕੁਝ ਸਰਕਾਰੀ ਅਮਲੇ ਸਮੇਤ ਤਿੰਨ ਟਰੱਕ ਲੈ ਆਏ, ਜੋ ਇਸ ਭਿਆਨਕ ਤੂਫਾਨ ’ਚੋਂ ਬਚ ਗਏ। ਆਲੇ-ਦੁਆਲੇ ਦਿਲ ਦਹਿਲਾ ਦੇਣ ਵਾਲਾ ਮੰਜਰ ਸੀ। 14 ਮਾਰਚ ਨੂੰ ਟਰੱਕ ਆਏ, ਉਹ ਅੱਗਿਓਂ ਮਟੋਰ ਵੱਲ ਹਿੰਦੂ-ਸਿੱਖਾਂ ਨੂੰ ਲੈਣ ਚਲੇ ਗਏ। ਦੁਪਹਿਰ ਵੇਲੇ ਟਰੱਕ ਆਇਆ ਤਾਂ ਉਸ ਵਿਚ ਕਾਫੀ ਲੋਕ ਜਾ ਚੜ੍ਹੇ। ਮੈਂ ਵੀ ਅਣਭੋਲ ਟਰੱਕ ਦੇ ਨੇੜੇ ਖੜ੍ਹਾ ਸੀ ਤਾਂ ਇਕ ਸਰਦਾਰ ਮੇਰੇ ਪਾਸ ਆਇਆ। ਕਿਹਾ ਉਹ ਤੂੰ ਬਿੱਲੂ ਹੈ? ਮੇਰੇ ਹਾਂ ਕਹਿਣ ’ਤੇ ਉਸ ਨੇ ਉਵੇਂ ਹੀ ਮੈਨੂੰ ਚੁੱਕ ਕੇ ਟਰੱਕ ਵਿਚ ਬਿਠਾ ਦਿੱਤਾ।

ਸਾਡੇ ਟਰੱਕਾਂ ਦੇ ਕਾਫਲੇ ਦਾ ਪਹਿਲਾ ਪੜਾਅ ਰਵਾਤ ਵਿਖੇ ਹੋਇਆ। ਤਦੋਂ ਮੈਂ ਕਛਹਿਰਾ ਅਤੇ ਕਮੀਜ਼ ਹੀ ਪਹਿਨੇ ਹੋਏ ਸਨ। ਮੈਂ ਸਿਰ ਪੈਰੋਂ ਨੰਗਾ ਹੀ ਸਾਂ। ਇਕ ਬੰਦਾ ਛੋਲਿਆਂ ਦੀ ਮੁੱਠ-ਮੁੱਠ ਵੰਡ ਰਿਹਾ ਸੀ। ਮੈਂ ਵੀ ਲੈ ਕੇ ਖਾਧੇ। ਰਾਤ ਉਥੇ ਸੜਕ ’ਤੇ ਹੀ ਸੁੱਤਾ। ਅਗਲੇ ਦਿਨ ਸਵੇਰੇ ਸਾਡੇ ਪਿੰਡ ਦਾ ਇਕ ਸਰਦਾਰ ਮੇਰੇ ਪਾਸ ਆਇਆ ਅਤੇ ਉਹ ਮੈਨੂੰ ਚਾਰ ਆਨੇ ਦੇ ਗਿਆ। ਭੁੱਖ ਮੈਨੂੰ ਡਾਹਢੀ ਲੱਗੀ ਹੋਈ ਸੀ। ਕੋਲ ਪੈਂਦੀ ਇਕ ਮੁਸਲਿਮ ਦੀ ਦੁਕਾਨ ਤੇ ਜਾ ਕੇ ਰੋਟੀ ਮੰਗੀ ਤਾਂ ਉਸ ਨੇ ਮੈਨੂੰ ਇਕ ਆਨੇ ਵਿਚ ਆਚਾਰ ਨਾਲ ਮੱਕੀ ਦੀ ਇਕ ਰੋਟੀ ਦੇ ਦਿੱਤੀ। ਉਹ ਖਾ ਕੇ ਮੈਂ ਨੇੜਲੇ ਖੂਹ ਤੋਂ ਪਾਣੀ ਪੀਤਾ। ਅਗਲੇ ਦਿਨ 15 ਮਾਰਚ ਸਵੇਰੇ ਟਰੱਕ ਰਾਹੀਂ ਮੇਰੀ ਦਾਦੀ ਵੀ ਆ ਪਹੁੰਚੀ। ਦਾਦੀ ਜੀ ਨੇ ਮੈਨੂੰ ਬੜਾ ਜ਼ੋਰ ਲਾਇਆ ਕਿ ਮੈਂ ਉਨ੍ਹਾਂ ਨਾਲ ਅਗਲੇ ਕੈਂਪ ਗੁਜਰਖਾਨ ਲਈ ਚੱਲਾਂ ਪਰ ਮੈਂ ਨਾ ਮੰਨਿਆਂ। ਅਗਲੇ ਦਿਨ ਰਾਵਲਪਿੰਡੀ ਬਸੰਤ ਕੌਰ ਦਾ ਪਤੀ ਡਾ. ਅਜੈਬ ਸਿੰਘ, ਜੋ ਮੇਰੀ ਮਾਮੀ ਜੀ ਦਾ ਰਿਸ਼ਤੇਦਾਰ ਸੀ, ਕੈਂਪ ਵਿਚ ਮੈਨੂੰ ਲੱਭਣ ਲਈ ਆਇਆ ਅਤੇ ਮੈਨੂੰ ਨਾਲ ਹੀ ਲੈ ਗਿਆ। ਉਸ ਮੈਨੂੰ ਨਹਾਇਆ-ਧੁਲਾਇਆ ਅਤੇ ਆਪਣੇ ਬੇਟੇ ਦੇ ਕਪੜੇ ਮੈਨੂੰ ਪਹਿਨਣ ਲਈ ਦਿੱਤੇ। ਮੈਂ ਉਥੇ 5-6 ਦਿਨ ਰਿਹਾ। ਮੇਰੇ ਪਿਤਾ ਜੀ ਵੀ ਮੈਨੂੰ ਲੱਭਦੇ ਹੋਏ ਉਥੇ ਆ ਪੁੱਜੇ। ਮੈਂ ਉਨ੍ਹਾਂ ਦੇ ਗਲ ਲੱਗ ਕੇ ਜਾਰ-ਜਾਰ ਰੋਇਆ। ਪਿਤਾ ਜੀ ਮੈਨੂੰ ਤਾਇਆ ਜੀ ਗੁਰਚਰਨ ਸਿੰਘ, ਜੋ ਲਾਲ ਕੁਰਤੀ ਮੁਹੱਲੇ ਵਿਚ ਰਹਿੰਦੇ ਸਨ, ਦੇ ਘਰ ਲੈ ਗਏ।
ਉਥੇ ਅੱਗੇ ਇਕ ਹੋਰ ਚਾਚਾ ਜੀ, ਜੋ ਆਇਲ ਫੈਕਟਰੀ ਵਿਚ ਕੰਮ ਕਰਦੇ ਸਨ,ਪਾਸ ਚਲੇ ਗਏ। ਇਥੇ ਦਾਦੀ ਜੀ ਵੀ ਆ ਗਏ। ਰੇਲ ਗੱਡੀ ਰਾਹੀਂ ਲਾਹੌਰ, ਅੰਮ੍ਰਿਤਸਰ ਅਤੇ ਆਖੀਰ ਰਸਤੇ ਦੀਆਂ ਦੁੱਖ ਤਕਲੀਫ਼ਾਂ ਅਤੇ ਫਾਕੇ ਕੱਟਦਿਆਂ ਨੂਰਮਹਿਲ ਭੂਆ ਜੀ ਘਰ ਆ ਕੇ ਆਰਾਮ ਕੀਤਾ। ਸਾਡੇ ਤੋਂ ਪਹਿਲਾਂ ਆਈਆਂ ਲਗਾਤਾਰ ਦੋ ਗੱਡੀਆਂ ਨੂੰ ਦੰਗਈ ਮੁਸਲਿਮਾਂ ਨੇ ਵੱਢ ਦਿੱਤਾ ਸੀ ਪਰ ਅਸੀਂ ਠੀਕ-ਠਾਕ ਪਹੁੰਚ ਗਏ। ਕਰੀਬ ਪੰਜ ਕੁ ਮਹੀਨੇ ਉਥੇ ਰਹਿਣ ਤੋਂ ਬਾਅਦ ਕਰਨਾਲ ਆ ਗਿਆ, ਜਿਥੇ ਅੱਜ ਵੀ 47 ਦੀ ਪੀੜ ਦਾ ਦਰਦ ਦਿਲ ਵਿਚ ਸਮੋਈ ਬੈਠੇ ਆਂ। ਇਸ ਘਟਨਾਕ੍ਰਮ ਨੂੰ ਨੰਗੇ ਪਿੰਡੇ ਹੰਡਾਉਣ ਉਪਰੰਤ ਵੀ ਸੱਚ ਨਹੀਂ ਆਉਂਦਾ। ਇਹੀ ਲੱਗਦਾ ਹੈ ਕਿ ਉਹ ਇਕ ਬੁਰਾ ਸੁਪਨਾ ਸੀ, ਜੋ ਆਇਆ ਅਤੇ ਲੰਘ ਗਿਆ ।

ਸਤਵੀਰ ਸਿੰਘ ਚਾਨੀਆਂ
92569-73526

ਜਗਬਾਣੀ ਵਲੋਂ 1947 ਦੇ ਅੱਲ੍ਹੇ ਜ਼ਖ਼ਮਾਂ ਦੀ ਦਾਸਤਾ ਹਿਜਰਤਨਾਮਾ ਅਸੀਂ ਲੜੀਵਾਰ ਆਪਣੇ ਪਾਠਕਾਂ ਲਈ ਪ੍ਰਕਾਸ਼ਿਤ ਕਰਾਂਗੇ। 


author

rajwinder kaur

Content Editor

Related News