ਚੰਡੀਗੜ੍ਹ : ਅਫਸਰ ਦੀ ਧੀ ਨਾਲ ਛੇੜਛਾੜ ਮਾਮਲੇ ''ਚ ਨਵਾਂ ਮੋੜ, ਅਦਾਲਤ ਨੇ ਰੱਦ ਕੀਤੀ ਪਟੀਸ਼ਨ

08/23/2017 1:36:35 PM

ਚੰਡੀਗੜ੍ਹ : ਸ਼ਹਿਰ 'ਚ ਆਈ. ਏ. ਐੱਸ. ਅਫਸਰ ਦੀ ਧੀ ਨਾਲ ਹੋਈ ਛੇੜਛਾੜ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਸਬੰਧੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਜਾਣਕਾਰੀ ਮੁਤਾਬਕ ਇਸ ਕੇਸ 'ਚ ਚੰਡੀਗੜ੍ਹ ਪੁਲਸ ਦੀ ਜਾਂਚ 'ਤੇ ਸਵਾਲ ਚੁੱਕਦੇ ਹੋਏ ਵਕੀਲ ਰੰਜਨ ਲਖਨਪਾਲ ਨੇ ਅਦਾਲਤ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਇਸ ਮਾਮਲੇ 'ਚ ਸਿਆਸੀ ਦਖਲਅੰਦਾਜ਼ੀ ਕਾਰਨ ਚੰਡੀਗੜ੍ਹ ਪੁਲਸ ਤੋਂ ਨਿਰਪੱਖ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਇਸ ਲਈ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਦੇ ਦੇਣੀ ਚਾਹੀਦੀ ਹੈ। ਇਸ ਮਾਮਲੇ 'ਚ ਅਦਾਲਤ ਨੇ ਕਿਹਾ ਕਿ ਪੈਂਡਿੰਗ ਕ੍ਰਿਮੀਨਲ ਕੇਸ 'ਚ ਦਖਲ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਜੇਕਰ ਪੀੜਤ ਜਾਂ ਪੀੜਤ ਦਾ ਪਰਿਵਾਰ ਪਟੀਸ਼ਨ ਦਾਇਰ ਕਰੇ ਤਾਂ ਉਸ ਨੂੰ ਸੁਣਿਆ ਜਾ ਸਕਦਾ ਹੈ। ਮਾਮਲੇ ਦੀ ਜਾਂਚ ਰਿਪੋਰਟ ਦੇਖਣ ਤੋਂ ਬਾਅਦ ਬੈਂਚ ਨੇ ਮੰਨਿਆ ਕਿ ਜਾਂਚ ਸਹੀ ਚੱਲ ਰਹੀ ਹੈ ਅਤੇ ਲੜਕੀ ਨੂੰ ਕੋਈ ਸ਼ਿਕਾਇਤ ਨਹੀਂ ਹੈ, ਅਜਿਹੇ 'ਚ ਥਰਡ ਪਾਰਟੀ ਨੂੰ ਮਾਮਲੇ 'ਚ ਦਖਲ ਦੇਣ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਅਜਿਹੀ ਪਟੀਸ਼ਨ ਮਾਮਲੇ ਨੂੰ ਪ੍ਰਭਾਵਿਤ ਕਰਨ ਲਈ ਵੀ ਦਾਖਲ ਕੀਤੀ ਜਾ ਸਕਦੀ ਹੈ। ਬੈਂਚ ਨੇ ਕਿਹਾ ਕਿ ਇਹ ਪਟੀਸ਼ਨ ਸਿਰਫ ਮੀਡੀਆ ਰਿਪੋਰਟ 'ਤੇ ਆਧਾਰਿਤ ਹੈ। ਅਦਾਲਤ ਨੇ ਜਦੋਂ ਪਟੀਸ਼ਨ ਨੂੰ ਰੱਦ ਕਰਨ ਦਾ ਸੰਕੇਤ ਦਿੱਤਾ ਤਾਂ ਪਟੀਸ਼ਨ ਕਰਤਾ ਰੰਜਨ ਲਖਨਪਾਲ ਨੇ ਪਟੀਸ਼ਨ ਵਾਪਸ ਲੈਣ ਦੀ ਅਪੀਲ ਕੀਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰਦੇ ਹੋਏ ਪਟੀਸ਼ਨ ਰੱਦ ਕਰ ਦਿੱਤੀ।


Related News