ਲਾਅ ਕਾਲਜ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਨਵਾਂ ਮੋੜ

Wednesday, May 15, 2024 - 05:22 PM (IST)

ਲਾਅ ਕਾਲਜ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਨਵਾਂ ਮੋੜ

ਫ਼ਰੀਦਕੋਟ (ਰਾਜਨ) : ਬੀਤੇ ਸਾਲ ਇੱਥੋਂ ਦੇ ਲਾਅ ਕਾਲਜ ਵਿਚ ਪੜ੍ਹਦੀ ਇਕ ਵਿਦਿਆਰਥਣ ਵੱਲੋਂ ਆਤਮ ਹੱਤਿਆ ਕਰ ਲੈਣ ਦੇ ਮਾਮਲੇ ਵਿਚ ਪੁਲਸ ਤਫਤੀਸ਼ ਮੁਕੰਮਲ ਹੋਣ ਉਪਰੰਤ ਜ਼ਿਲ੍ਹਾ ਗੁਜਰਾਤ ਨਿਵਾਸੀ ਇਕ ਦੋਸ਼ੀ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇੱਥੋਂ ਦੇ ਲਾਅ ਕਾਲਜ ਵਿਚ ਪੜ੍ਹਦੀ ਅਮਨਦੀਪ ਕੌਰ ਨੇ 26 ਸਤੰਬਰ 2023 ਨੂੰ ਆਪਣੇ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਅਤੇ ਘਟਨਾ ਵੇਲੇ ਥਾਣਾ ਸਿਟੀ ਪੁਲਸ ਵੱਲੋਂ ਰਪਟ ਨੰਬਰ 31 ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਸੀ। ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕੀਤੀ ਗਈ ਤਾਂ ਮ੍ਰਿਤਕ ਲੜਕੀ ਦੀ ਮਾਤਾ ਬਲਵਿੰਦਰ ਕੌਰ ਪਤਨੀ ਬਗੀਚਾ ਸਿੰਘ ਵਾਸੀ ਸੇਠਾਂ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਇਹ ਤੱਥ ਸਾਹਮਣੇ ਲਿਆਂਦੇ ਕਿ ਅਮਨਦੀਪ ਕੌਰ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ ਅਤੇ ਉਸਦੀ ਦਵਾਈ ਵੀ ਫ਼ਿਰੋਜ਼ਪੁਰ ਦੇ ਇਕ ਡਾਕਟਰ ਪਾਸੋਂ ਚੱਲ ਰਹੀ ਸੀ। 

ਮ੍ਰਿਤਕ ਦੀ ਮਾਤਾ ਅਨੁਸਾਰ ਉਸਨੇ ਸਬੰਧਤ ਡਾਕਟਰ ਨੂੰ ਇਹ ਦੱਸਿਆ ਸੀ ਕਿ ਜਦ ਉਹ ਜਲੰਧਰ ਵਿਖੇ ਰਹਿੰਦੇ ਸਨ ਤਾਂ ਉਹ ਛੋਟੀ ਸੀ ਪ੍ਰੰਤੂ ਉਸ ਨਾਲ ਮਲੂਕ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਥਾਣਾ ਦਿਆਲਪੁਰ (ਗੁਜਰਾਤ) ਨੇ ਗਲਤ ਹਰਕਤਾਂ ਕੀਤੀਆਂ ਸਨ ਜਿਸ ਕਾਰਣ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਈ। ਮ੍ਰਿਤਕ ਦੀ ਮਾਤਾ ਨੇ ਦੋਸ਼ ਲਗਾਇਆ ਸੀ ਕਿ ਇਸੇ ਹੀ ਪ੍ਰੇਸ਼ਾਨੀ ਦੇ ਚੱਲਦਿਆਂ ਉਸਦੀ ਬੇਟੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 


author

Gurminder Singh

Content Editor

Related News