ਲੋਕਾਂ ਨੂੰ ਭੁਗਤਣਾ ਪੈ ਰਿਹੈ ਕੁਦਰਤ ਨਾਲ ਛੇੜਛਾੜ ਕਰਨ ਦਾ ਖਾਮਿਆਜ਼ਾ, ਹੁਣ ਸਾਊਦੀ ਅਰਬ ’ਚ ਬਣੇ ਹੜ੍ਹ ਵਰਗੇ ਹਾਲਾਤ
Saturday, May 04, 2024 - 06:23 PM (IST)
ਜਲੰਧਰ (ਇੰਟ.) : ਮੌਜੂਦਾ ਸਮੇਂ ’ਚ ਪੂਰੀ ਦੁਨੀਆ ਨੂੰ ਕੁਦਰਤ ਨਾਲ ਛੇੜਛਾੜ ਕਰਨ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਵਿਕਾਸ ਦੀ ਕੋਸ਼ਿਸ਼ ’ਚ ਕੁਦਰਤ ਦੀ ਜੋ ਤਬਾਹੀ ਹੋਈ ਹੈ, ਉਹ ਆਉਣ ਵਾਲੇ ਦਹਾਕਿਆਂ ’ਚ ਜਲਵਾਯੂ ਤਬਦੀਲੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਦੀ ਘੰਟੀ ਵਜਾ ਰਹੀ ਹੈ। ਇਸ ਦੇ ਬਾਵਜੂਦ ਇਨਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤ ਵਿਰੁੱਧ ਮੁਹਿੰਮਾਂ ਬੰਦ ਕਰਨ ਲਈ ਤਿਆਰ ਨਹੀਂ। ਬੀਤੇ ਮਹੀਨੇ ਬਨਾਉਟੀ ਮੀਂਹ ਪਵਾਉਣ ਦਾ ਦੁਬਈ ਵਾਸੀਆਂ ਨੂੰ ਜਿੱਥੇ ਭਾਰੀ ਖਾਮਿਆਜ਼ਾ ਭੁਗਤਣਾ ਪਿਆ ਸੀ, ਉੱਥੇ ਹੀ ਹੁਣ ਸਾਊਦੀ ਅਰਬ ’ਚ ਵੀ ਲੋਕਾਂ ਨੂੰ ਇਸੇ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਸਾਊਦੀ ਅਰਬ ਹੜ੍ਹ ਨਾਲ ਤਬਾਹ ਹੋਣ ਵਾਲਾ ਨਵਾਂ ਖਾੜੀ ਦੇਸ਼ ਹੈ। ਇੱਥੇ ਪੈਦਾ ਹੋਏ ਹੜ੍ਹ ਵਰਗੇ ਹਾਲਾਤ ਨੂੰ ਲੈ ਕੇ ਵੀ ਹੁਣ ਇਹ ਸਵਾਲ ਉੱਠਣ ਲੱਗੇ ਹਨ ਕਿ ਕੀ ਇੱਥੇ ਵੀ ਬਨਾਉਟੀ ਮੀਂਹ ਪਵਾਉਣ ਲਈ ‘ਕਲਾਊਡ ਸੀਡਿੰਗ’ ਤਕਨੀਕ ਦੀ ਵਰਤੋਂ ਤਾਂ ਨਹੀਂ ਕੀਤੀ ਗਈ ਸੀ। ਰਿਪੋਰਟ ਮੁਤਾਬਕ ਸਾਊਦੀ ਅਰਬ ਦੇ ਰਿਆਦ ’ਚ ਅਚਾਨਕ ਆਏ ਹੜ੍ਹ ਨਾਲ ਸੜਕਾਂ ਜਲਮਗਨ ਹੋ ਗਈਆਂ ਹਨ। ਇੱਥੋਂ ਦੇ ਅਧਿਕਾਰੀਆਂ ਨੇ ਖਾੜੀ ’ਚ ਅਚਾਨਕ ਆਏ ਹੜ੍ਹ ਤੋਂ ਬਾਅਦ ਕਈ ਖੇਤਰਾਂ ’ਚ ਸਕੂਲ ਬੰਦ ਕਰ ਦਿੱਤੇ ਹਨ। ਕੌਮੀ ਮੌਸਮ ਵਿਗਿਆਨ ਕੇਂਦਰ ਨੇ ਕਾਸਿਮ ਤੇ ਹੋਰ ਖੇਤਰਾਂ, ਰਾਜਧਾਨੀ ਰਿਆਦ ਤੇ ਲਾਲ ਸਾਗਰ ਦੀ ਹੱਦ ਨਾਲ ਲੱਗੇ ਮਦੀਨਾ ਸੂਬੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਨੇ ਤੇਜ਼ ਹਵਾ ਦੇ ਨਾਲ ਭਾਰੀ ਮੀਂਹ, ਹੋਰੀਜ਼ੋਂਟਲ ਵਿਜ਼ੀਬਿਲਟੀ ਦੀ ਕਮੀ, ਗੜੇਮਾਰੀ, ਮੋਹਲੇਧਾਰ ਮੀਂਹ ਤੇ ਬਿਜਲੀ ਡਿੱਗਣ ਦੀ ਚਿਤਾਵਨੀ ਦਿੱਤੀ ਹੈ। ਸਾਊਦੀ ਅਰਬ ’ਚ ਇਸ ਹਫਤੇ ਦਾ ਭਾਰੀ ਮੀਂਹ ਅਪ੍ਰੈਲ ਦੇ ਵਿਚਕਾਰ ’ਚ ਇਸ ਖੇਤਰ ’ਚ ਪਏ ਭਾਰੀ ਮੀਂਹ ਤੋਂ ਬਾਅਦ ਪਿਆ ਹੈ, ਜਿਸ ’ਚ ਓਮਾਨ ’ਚ 21 ਅਤੇ ਸੰਯੁਕਤ ਅਰਬ ਅਮੀਰਾਤ ’ਚ 4 ਵਿਅਕਤੀਆਂ ਦੀ ਮੌਤ ਹੋ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਸਾਊਦੀ ਅਰਬ ’ਚ ਇਹ ਤੂਫਾਨ ਦੁਬਈ ਦੇ ਤਬਾਹਕੁੰਨ ਹੜ੍ਹ ਦੇ ਮੱਦੇਨਜ਼ਰ ਆਏ ਹਨ, ਜਿਸ ਦੇ ਲਈ ਵਿਆਪਕ ਤੌਰ ’ਤੇ ਅਤਿ-ਉਤਸ਼ਾਹੀ ‘ਕਲਾਊਡ ਸੀਡਿੰਗ’ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਅਮੇਠੀ ’ਚ ਗਾਂਧੀ ਪਰਿਵਾਰ ਦੀ ਸਿਆਸੀ ਵਿਰਾਸਤ ਸੰਭਾਲਣ ਵਾਲੇ ਕਿਸ਼ੋਰੀ ਲਾਲ ਸ਼ਰਮਾ ਦਾ ਹੈ ਲੁਧਿਆਣਾ ਕੁਨੈਕਸ਼ਨ
ਦੁਬਈ ’ਚ ਹੋ ਗਏ ਸਨ ਜਲ ਪਰਲੋ ਵਰਗੇ ਹਾਲਾਤ
ਬੀਤੇ ਮਹੀਨੇ ਦੇ ਅੱਧ ’ਚ ਦੁਬਈ ਬੁਰੀ ਤਰ੍ਹਾਂ ਹੜ੍ਹ ਦੀ ਲਪੇਟ ’ਚ ਆ ਗਿਆ ਸੀ। ਸੜਕਾਂ ਜਿੱਥੇ ਪਾਣੀ ’ਚ ਜਲਮਗਨ ਹੋ ਗਈਆਂ ਸਨ, ਉੱਥੇ ਹੀ ਸਕੂਲ-ਕਾਲਜ, ਸ਼ਾਪਿੰਗ ਮਾਲ, ਪਾਰਕਿੰਗ ਤੇ ਏਅਰਪੋਰਟ ਪਾਣੀ ’ਚ ਡੁੱਬ ਗਏ ਸਨ। ਕਈ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਵਿਗਿਆਨੀਆਂ ਨੇ ਮੀਂਹ ਦੀ ਕਮੀ ਦੂਰ ਕਰਨ ਲਈ ਬਨਾਉਟੀ ਮੀਂਹ ਪਵਾਉਣ ਵਾਸਤੇ ‘ਕਲਾਊਡ ਸੀਡਿੰਗ’ ਤਕਨੀਕ ਦੀ ਵਰਤੋਂ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਸ ਤਕਨੀਕ ਦੀ ਵਰਤੋਂ ਕਰਨ ਵੇਲੇ ਬੱਦਲ ਫਟਣ ਦੀ ਭਿਆਨਕ ਘਟਨਾ ਵਾਪਰੀ ਅਤੇ ਦੁਬਈ ’ਚ ਜਲ ਪਰਲੋ ਵਰਗੇ ਹਾਲਾਤ ਪੈਦਾ ਹੋ ਗਏ। ਕਿਹਾ ਜਾ ਰਿਹਾ ਹੈ ਕਿ ਦੁਬਈ ’ਚ ਜਿੰਨਾ ਮੀਂਹ ਡੇਢ ਸਾਲ ’ਚ ਪੈਂਦਾ ਹੈ, ਉਹ ਕੁਝ ਹੀ ਘੰਟਿਆਂ ’ਚ ਪੈ ਗਿਆ। ਮੌਸਮ ਵਿਭਾਗ ਨੇ ਬੀਤੇ ਮਹੀਨੇ 5.7 ਇੰਚ ਤਕ ਮੀਂਹ ਦਰਜ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : 31 ਏਕੜ ਜ਼ਮੀਨ ਅਫ਼ਸਰਾਂ ਨੇ ਬਿਲਡਰ ਨੂੰ ਵੇਚ ਕੇ ਕੀਤਾ ਕਰੋੜਾਂ ਦਾ ਘਪਲਾ, ਹਾਈ ਕੋਰਟ ਨੇ ਜਾਰੀ ਕੀਤੇ ਆਦੇਸ਼
ਕੀ ਹੈ ਕਲਾਊਡ ਸੀਡਿੰਗ ਦਾ ਕੰਸੈਪਟ?
ਕਲਾਊਡ ਸੀਡਿੰਗ ਨਾਲ ਮੀਂਹ ਪਵਾਉਣ ਲਈ ਆਮ ਤੌਰ ’ਤੇ ਏਅਰਕ੍ਰਾਫਟ ਦੀ ਵਰਤੋਂ ਕੀਤੀ ਜਾਂਦੀ ਹੈ। ਏਅਰਕ੍ਰਾਫਟ ’ਚ ਸਿਲਵਰ ਆਇਓਡਾਈਡ ਦੇ 2 ਬਰਨਰ ਜਾਂ ਜਨਰੇਟਰ ਲੱਗੇ ਹੁੰਦੇ ਹਨ, ਜਿਨ੍ਹਾਂ ’ਚ ਸਿਲਵਰ ਆਇਓਡਾਈਡ ਦਾ ਘੋਲ ਉੱਚ ਦਬਾਅ ਨਾਲ ਭਰਿਆ ਹੁੰਦਾ ਹੈ। ਤੈਅ ਇਲਾਕੇ ਵਿਚ ਇਸ ਨੂੰ ਹਵਾ ਦੀ ਪੁੱਠੀ ਦਿਸ਼ਾ ’ਚ ਚਲਾਇਆ ਜਾਂਦਾ ਹੈ। ਬੱਦਲ ਨਾਲ ਸਾਹਮਣਾ ਹੁੰਦੇ ਹੀ ਬਰਨਰ ਚਾਲੂ ਕਰ ਦਿੱਤੇ ਜਾਂਦੇ ਹਨ। ਉਡਾਣ ਦਾ ਫੈਸਲਾ ਕਲਾਊਡ ਸੀਡਿੰਗ ਅਧਿਕਾਰੀ ਮੌਸਮ ਦੇ ਅੰਕੜਿਆਂ ਦੇ ਆਧਾਰ ’ਤੇ ਕਰਦੇ ਹਨ। ਖੁਸ਼ਕ ਬਰਫ ਪਾਣੀ ਨੂੰ ਜ਼ੀਰੋ ਡਿਗਰੀ ਸੈਲਸੀਅਸ ਤਕ ਠੰਡਾ ਕਰ ਦਿੰਦੀ ਹੈ, ਜਿਸ ਨਾਲ ਹਵਾ ’ਚ ਮੌਜੂਦ ਪਾਣੀ ਦੇ ਕਣ ਜੰਮ ਜਾਂਦੇ ਹਨ। ਕਣ ਇੰਝ ਬਣਦੇ ਹਨ ਜਿਵੇਂ ਉਹ ਕੁਦਰਤੀ ਬਰਫ਼ ਹੋਣ। ਇਸ ਦੇ ਲਈ ਬੈਲੂਨ ਵਿਸਫੋਟਕ ਰਾਕੇਟ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਕਲਾਊਡ ਸੀਡਿੰਗ ਪਹਿਲੀ ਵਾਰ ਜਨਰਲ ਇਲੈਕਟ੍ਰਿਕ ਲੈਬ ਵੱਲੋਂ ਫਰਵਰੀ 1947 ’ਚ ਬਾਥੁਰਸਟ, ਆਸਟ੍ਰੇਲੀਆ ਵਿਚ ਕਰਵਾਈ ਗਈ ਸੀ। ਉਸ ਤੋਂ ਬਾਅਦ ਬਾਕੀ ਦੇਸ਼ਾਂ ਨੇ ਇਸ ਨੂੰ ਅਪਣਾਇਆ।
ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਭਾਜਪਾ ਨੇ ਪੁਰਾਣੇ ਕੱਦਾਵਰਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਮੈਦਾਨ ’ਚ ਉਤਾਰਿਆ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8