ਹੈਪੀ ਹੱਤਿਆਕਾਂਡ ; ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ''ਤੇ ਰੋਸ ਪ੍ਰਦਰਸ਼ਨ

11/29/2017 5:37:43 AM

ਜਲੰਧਰ, (ਰਾਜੇਸ਼)— ਬਸਤੀਆਂ ਵਿਚ ਹੋਏ ਸਨਸਨੀਖੇਜ਼ ਅਸ਼ੋਕ ਕੁਮਾਰ ਹੈਪੀ ਹੱਤਿਆਕਾਂਡ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਰੋਸ ਵਧਦਾ ਜਾ ਰਿਹਾ ਹੈ। ਅੱਜ ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ ਨੇ ਅਲੀ ਮੁਹੱਲਾ ਰੋਡ 'ਤੇ ਰੋਸ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 72 ਘੰਟਿਆਂ ਦੇ ਅੰਦਰ-ਅੰਦਰ  ਕਤਲਕਾਂਡ ਦੇ ਮੁੱਖ ਦੋਸ਼ੀ ਰੂਪ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਜਲੰਧਰ ਬੰਦ ਦੇ ਨਾਲ-ਨਾਲ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ ਵੱਲੋਂ ਕਮਿਸ਼ਨਰੇਟ ਪੁਲਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਸ਼ੋਕ ਕੁਮਾਰ ਉਰਫ ਹੈਪੀ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਨੇ ਬਲਾਈਂਡ ਮਰਡਰ ਟ੍ਰੇਸ ਕਰਦਿਆਂ ਵਾਰਦਾਤ ਵਿਚ ਸ਼ਾਮਲ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਸਾਰੇ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਪਰ ਕਰੀਬ ਇਕ ਹਫਤਾ ਬੀਤ ਜਾਣ ਦੇ ਬਾਵਜੂਦ ਮੁੱਖ ਮੁਲਜ਼ਮ ਰੂਪ ਤੇ ਉਸਦੇ ਸਾਥੀ ਫਰਾਰ ਹਨ। ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ ਦੇ ਪ੍ਰਧਾਨ ਰਾਜੀਵ ਗਿੱਲ ਉਰਫ ਗੋਰਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਸ ਦੇ ਖਿਲਾਫ ਪ੍ਰਦਰਸ਼ਨ ਤੋਂ ਬਾਅਦ ਰਾਜੀਵ ਗਿੱਲ ਨੇ ਕਿਹਾ ਕਿ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ ਤੇ ਮੋਬਾਇਲ ਤੇ ਫੇਸਬੁੱਕ ਲਗਾਤਾਰ ਐਕਟਿਵ ਹਨ। 
ਇਸਦੇ ਬਾਵਜੂਦ ਪੁਲਸ ਮੁਲਜ਼ਮਾਂ ਨੂੰ ਨਹੀਂ ਫੜ ਰਹੀ। ਰਾਜੀਵ ਗਿੱਲ ਨੇ ਦੱਸਿਆ ਕਿ ਫੈਸਲਾ ਕੀਤਾ ਗਿਆ ਹੈ ਕਿ ਜੇਕਰ 72 ਘੰਟਿਆਂ ਦੇ ਅੰਦਰ ਮੁਲਜ਼ਮ ਗ੍ਰਿਫਤਾਰ ਨਾ ਹੋਏ ਤਾਂ ਰੋਸ ਪ੍ਰਦਰਸ਼ਨ ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਰਾਜੀਵ ਦੇ ਮੁਤਾਬਿਕ ਹੱਤਿਆਕਾਂਡ ਵਿਚ ਸ਼ਾਮਲ 9 ਮੁਲਜ਼ਮ ਫਰਾਰ ਹਨ ਜੋ ਪੀੜਤ ਪਰਿਵਾਰ ਲਈ ਵੀ ਖਤਰਾ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਕੇਸ ਦੀ ਜਾਂਚ ਕਰਨ ਦਾ ਦੋਸ਼ ਲਾਇਆ। ਪ੍ਰਦਰਸ਼ਨ ਦੌਰਾਨ ਰਾਜੀਵ ਗੋਰਾ ਦੇ ਨਾਲ ਰਾਜੂ ਖੋਸਲਾ, ਅਸ਼ਵਨੀ, ਸੂਰਜ ਗਿੱਲ, ਰਿਸ਼ੀ ਸਹੋਤਾ, ਰਾਹੁਲ ਥਾਪਰ, ਅਭੀ ਸਿੱਕਾ, ਪੰਕਜ ਬੱਤਰਾ, ਲੱਕੀ ਕਲਿਆਣ, ਅਜੇ ਖੋਸਲਾ, ਅਨੂਪ ਥਾਪਰ, ਪੰਕਜ ਬੱਤਰਾ, ਰਿੰਕੂ, ਸੰਜੂ ਹੰਸ, ਰਾਹੁਲ, ਸੋਨੂੰ ਹੰਸ, ਪ੍ਰਦੀਪ ਬਾਹਰੀ, ਸੰਦੀਪ ਭਾਟੀਆ, ਪਾਰਸ ਸਹੋਤਾ, ਸੋਮਾ ਗਿੱਲ, ਰਮਨ, ਜਤਿਨ, ਅਕਸ਼ੈ, ਸੂਰਜ ਸਹੋਤਾ ਤੇ ਹੋਰ ਪ੍ਰਦਰਸ਼ਨਕਾਰੀ ਮੌਜੂਦ ਸਨ।


Related News