ਆਪਰੇਸ਼ਨ ''ਬਲੂ ਸਟਾਰ'' ਦੀ 40 ਸਾਲ ਪੂਰੇ ਹੋਣ ਮੌਕੇ ਵਿਦੇਸ਼ਾਂ ''ਚ ਭਾਰਤੀ ਅੰਬੈਸੀ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ

06/07/2024 3:04:07 AM

ਲੰਡਨ (ਸਰਬਜੀਤ ਸਿੰਘ ਬਨੂੜ)- ਇੰਗਲੈਂਡ ਤੇ ਯੂਰਪ ਵਿੱਚ ਭਾਰਤ ਸਫ਼ਾਰਤਖ਼ਾਨਿਆਂ ਬਾਹਰ ਜੂਨ 1984 'ਚ ਵਾਪਰੇ ਆਪਰੇਸ਼ਨ ਬਲੂ ਸਟਾਰ ਖੂਨੀ ਘੱਲੂਘਾਰੇ ਦੀ 40ਵੇਂ ਵਰ੍ਹੇ ਦੀ ਯਾਦ ਵਿੱਚ ਸਿੱਖਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਸਿੱਖਾਂ ਵੱਲੋਂ ਭਾਰਤੀ ਜ਼ੁਲਮਾਂ ਦੇ ਖ਼ਿਲਾਫ਼ ਆਵਾਜ਼ ਚੁੱਕਦੇ ਹੋਏ ਤਿਰੰਗੇ ਦੀ ਮੁੜ ਬੇਅਦਬੀ ਕੀਤੀ ਗਈ ਤੇ ਪੈਰਾਂ ਵਿੱਚ ਰੋਲਿਆ ਗਿਆ। ਅੰਬੈਸੀ ਬਾਹਰ ਤਿਰੰਗੇ ਉਪਰ ਖੜ੍ਹ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਝੰਡੇ ਨੂੰ ਪਾੜ ਦਿੱਤਾ ਗਿਆ ਤੇ ਪੁਲਸ ਸਖ਼ਤ ਸੁਰੱਖਿਆ ਇੰਤਜ਼ਾਮ ਹੋਣ ਦੇ ਬਾਵਜੂਦ ਮੂਕ ਦਰਸ਼ਕ ਬਣੀ ਖੜ੍ਹੀ ਰਹੀ। 

ਮਾਰਚ 2023 'ਚ ਲੰਡਨ ਅੰਬੈਸੀ ਤੋਂ ਤਿਰੰਗੇ ਨੂੰ ਉਤਾਰਨ ਦੀ ਘਟਨਾ ਤੋਂ ਬਾਅਦ ਲੰਡਨ ਅੰਬੈਸੀ ਬਾਹਰ ਤਿਰੰਗੇ ਝੰਡੇ ਨੂੰ ਪਾੜਨ ਦੀ ਇਹੀ ਤੀਜੀ ਵੱਡੀ ਘਟਨਾ ਹੈ। ਬਰਤਾਨੀਆ ਵਿੱਚ ਲੰਡਨ, ਬਰਮਿੰਘਮ, ਗਲਾਸਗੋ, ਫਰੈਂਕਫੋਰਟ, ਫਰਾਂਸ ਤੇ ਬੈਲਜੀਅਮ ਵਿੱਚ ਭਾਰਤੀ ਅੰਬੈਸੀਆਂ ਬਾਹਰ ਸੈਂਕੜੇ ਸਿੱਖਾਂ ਨੇ ਆਪਰੇਸ਼ਨ ਬਲੂ ਸਟਾਰ ਘੱਲੂਘਾਰੇ ਦੀ ਯਾਦ ਵਿੱਚ ਭਾਰਤ ਸਰਕਾਰ ਨੂੰ ਦੋਸ਼ੀ ਦੱਸਦਿਆਂ ਇਸ ਸਾਕੇ ਦੌਰਾਨ ਸ਼ਹੀਦ ਸਿੰਘਾਂ ਨੂੰ ਯਾਦ ਕੀਤਾ ਗਿਆ। 

ਇਹ ਵੀ ਪੜ੍ਹੋ- ਪੰਜਾਬ 'ਚ ਨਹੀਂ ਗਲ ਸਕੀ ਦਲ-ਬਦਲੂਆਂ ਦੀ ਦਾਲ, ਕਾਂਗਰਸ ਛੱਡ ਕੇ ਜਾਣ ਵਾਲੇ ਕਾਂਗਰਸੀਆਂ ਤੋਂ ਹੀ ਹਾਰੇ

ਲੰਡਨ ਅੰਬੈਸੀ ਬਾਹਰ ਸਿੱਖਸ ਫਾਰ ਜਸਟਿਸ ਦੇ ਭਾਈ ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਗੁਰਚਰਨ ਸਿੰਘ, ਸਿੱਖ ਫੈਡਰੇਸਨ ਦੇ ਜਸਪਾਲ ਸਿੰਘ ਚਾਹਲ ਆਗੂਆਂ ਸਮੇਤ ਔਰਤਾਂ ਤੇ ਬੱਚੇ ਵੀ ਖਾਲਿਸਤਾਨ ਦੇ ਝੰਡੇ ਚੁੱਕੀ ਅੰਬੈਸੀ ਬਾਹਰ ਖਾਲਿਸਤਾਨ ਜ਼ਿੰਦਾਬਾਦ ਤੇ ਹਰਦੀਪ ਸਿੰਘ ਨਿੱਝਰ ਦੇ ਨਾਅਰੇ ਲਾ ਰਹੇ ਸਨ। ਬਰਮਿੰਘਮ ਅੰਬੈਸੀ ਬਾਹਰ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਗੁਰਮੇਜ ਸਿੰਘ ਗਿੱਲ, ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂਕੇ ਦੇ ਕੋਆਡੀਨੇਟਰ ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।

ਇਸ ਮੌਕੇ ਸਿੱਖ ਸੰਗਤਾਂ ਨੇ ਖਾਲਿਸਤਾਨ ਦੇ ਝੰਡੇ, ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਦੀਆਂ ਤਸਵੀਰਾਂ ਵਾਲੇ ਬੈਨਰ ਚੁੱਕੇ ਹੋਏ ਸਨ। ਇਕੱਤਰ ਆਗੂਆਂ ਨੇ ਕਿਹਾ ਕਿ ਖਾਲਿਸਤਾਨ ਬਣ ਕੇ ਰਹੇਗਾ। ਭਾਰਤ ਦੀਆਂ ਏਜੰਸੀਆਂ ਵਿਦੇਸ਼ਾਂ ਵਿੱਚ ਖਾਲਿਸਤਾਨੀ ਸਿੱਖਾਂ ਦੇ ਕਤਲ ਵਿੱਚ ਸਿੱਧੀਆਂ ਜ਼ਿੰਮੇਵਾਰ ਹਨ। ਸਿੱਖਾਂ ਦੀਆਂ ਲਿਸਟਾਂ ਬਣਾ ਕੇ ਸਿੱਖਾਂ ਨੂੰ ਕਿਸੇ ਵੀ ਕੀਮਤ 'ਤੇ ਡਰਾਇਆ ਧਮਕਾਇਆ ਨਹੀਂ ਜਾ ਸਕਦਾ। 

ਇਹ ਵੀ ਪੜ੍ਹੋ- ਕੰਗਨਾ ਥੱਪੜ ਮਾਮਲੇ 'ਚ ਬੋਲੇ ਕਿਸਾਨ ਆਗੂ ਸਰਵਣ ਪੰਧੇਰ, ਕਿਹਾ- ''ਸਾਡੀਆਂ ਮਾਵਾਂ-ਭੈਣਾਂ ਨੂੰ ਗ਼ਲਤ ਬੋਲਿਆ ਸੀ ਤਾਂ...''

ਉਨ੍ਹਾਂ ਕਿਹਾ ਕਿ ਸਰਕਾਰ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਸਮੇਤ ਹੋਰ 37 ਗੁਰਦੁਆਰਿਆ 'ਤੇ ਫੌਜੀ ਕਾਰਵਾਈ ਕਰ ਕੇ ਸਿੱਖ ਨਸਲਕੁਸ਼ੀ ਕੀਤੀ ਸੀ ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਇਸ ਖੂਨੀ ਘੱਲੂਘਾਰੇ ਨੂੰ ਸਿੱਖ ਕਦੇ ਭੁਲਾ ਨਹੀ ਸਕਦੇ। ਜਰਮਨ ਦੇ ਫਰੈਂਕਫੋਰਟ ਵਿੱਚ ਭਾਰਤੀ ਅੰਬੈਸੀ ਬਾਹਰ ਬੱਬਰ ਖਾਲਸਾ ਦੇ ਭਾਈ ਰੇਸ਼ਮ ਸਿੰਘ ਬੱਬਰ, ਸਿੱਖ ਫੈਡਰੇਸਨ ਦੇ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਗਤਾਰ ਸਿੰਘ ਮਾਹਲ ਸਮੇਤ ਸਿੱਖ ਆਗੂਆਂ ਨੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਖਾਲਿਸਤਾਨ ਦੀ ਅਜ਼ਾਦੀ ਤੱਕ ਸੰਘਰਸ਼ ਲੜਨ ਦਾ ਮੁੜ ਐਲਾਨ ਕੀਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Harpreet SIngh

Content Editor

Related News