ਜਦੋਂ ਧੀ ਨੇ ਮਾਂ ਨੂੰ ਦੱਸਿਆ, ''ਮੰਮੀ ਤੁਹਾਡੀ ਕੱਟੀ ਹੋਈ ਗੁੱਤ ਹੇਠਾਂ ਪਈ ਹੈ'', ਇਹ ਸੁਣ ਮਾਂ ਦਾ ਹੋਇਆ ਬੁਰਾ ਹਾਲ
Thursday, Aug 24, 2017 - 07:20 PM (IST)
ਨੂਰਪੁਰਬੇਦੀ(ਭੰਡਾਰੀ)— ਹੁਣ ਪਿੰਡ ਗੋਚਰ ਵਿਖੇ ਰਸੋਈ 'ਚ ਕੰਮ ਕਰ ਰਹੀ ਇਕ ਔਰਤ ਦੇ ਵਾਲ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਵਾਲ ਕੱਟਣ ਦਾ ਪਤਾ ਲੱਗਣ 'ਤੇ ਔਰਤ ਦੀ ਤਬੀਅਤ ਵਿਗੜ ਗਈ, ਜਿਸ ਨੂੰ ਤੁਰੰਤ ਸ੍ਰੀ ਆਨੰਦਪੁਰ ਸਾਹਿਬ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਅੱਡਾ ਗੋਚਰ ਵਿਖੇ ਲੱਕੜ ਦਾ ਵਪਾਰ ਕਰਦੇ ਗੁਰੂ ਨਾਨਕ ਟ੍ਰੇਡਿੰਗ ਦੇ ਮਾਲਕ ਗੁਰਨੈਬ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਦੋਂ ਬੇਟੇ ਨੂੰ ਰਾਤ 8 ਕੁ ਵਜੇ ਦਵਾਈ ਪਿਲਾ ਰਹੀ ਸੀ ਤਾਂ ਉਸ ਦੀ ਲੜਕੀ ਨੇ ਦੱਸਿਆ ਕਿ ਮੰਮੀ ਤੁਹਾਡੀ ਕੱਟੀ ਹੋਈ ਗੁੱਤ ਹੇਠਾਂ ਪਈ ਹੈ।
ਉਸ ਨੇ ਦੱਸਿਆ ਕਿ ਜਦੋਂ ਉਹ ਸਾਢੇ 7 ਕੁ ਵਜੇ ਦੁੱਧ ਚੋਅ ਰਹੀ ਸੀ ਤਾਂ ਉਸ ਨੂੰ ਇੰਝ ਮਹਿਸੂਸ ਹੋਇਆ ਸੀ ਕਿ ਕੋਈ ਉਸ ਦੀ ਪਿੱਠ ਨਾਲ ਲੱਗਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਕੀ ਕਲਵਾਂ ਤੋਂ ਵੀ ਪੁਲਸ ਮੁਲਾਜ਼ਮ ਪਹੁੰਚ ਗਏ ਪਰ ਉਨ੍ਹਾਂ ਨੂੰ ਵੀ ਇਸ ਘਟਨਾ ਸਬੰਧੀ ਕੁਝ ਸਮਝ ਨਹੀਂ ਆਇਆ।
