"ਮਾਂ! ਮੈਂ ਚੱਲਿਆਂ...." ਫ਼ੋਨ ਕੱਟਦਿਆਂ ਹੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Tuesday, Mar 31, 2026 - 07:10 PM (IST)

"ਮਾਂ! ਮੈਂ ਚੱਲਿਆਂ...." ਫ਼ੋਨ ਕੱਟਦਿਆਂ ਹੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਸਮਰਾਲਾ (ਵਿਪਨ): ਸਮਰਾਲਾ ਤੋਂ ਇਕ ਰੂਹ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 20 ਸਾਲਾ ਨੌਜਵਾਨ ਮੁਹੰਮਦ ਇਰਫਾਨ ਵੱਲੋਂ ਕਥਿਤ ਤੌਰ 'ਤੇ ਨੀਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਹੈ। ਇਸ ਮਾਮਲੇ ਵਿਚ ਪਰਿਵਾਰ ਨੇ ਠੇਕੇਦਾਰ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਤਲ ਦੀ ਸੰਭਾਵਨਾ ਵੀ ਜਤਾਈ ਹੈ। ਮ੍ਰਿਤਕ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਮਾਂ ਨੂੰ ਫੋਨ ਕਰ ਕਿਹਾ "ਠੇਕੇਦਾਰ ਨੇ ਮੈਨੂੰ ਕੁੱਟਿਆ, ਮੈਂ ਆਤਮ ਹੱਤਿਆ ਕਰਨ ਲੱਗਿਆ ਹਾਂ।"

ਮ੍ਰਿਤਕ ਦੇ ਪਿਤਾ ਸ਼ੌਕਤ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੱਬੂ ਨਾਮਕ ਠੇਕੇਦਾਰ ਕੋਲ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ ਅਤੇ ਉਹ ਅਕਸਰ ਮਜ਼ਦੂਰਾਂ ਨੂੰ ਪੈਸਿਆਂ ਲਈ ਤੰਗ ਕਰਦਾ ਸੀ। 20 ਤਾਰੀਖ਼ ਨੂੰ ਇਰਫਾਨ ਹਿਮਾਚਲ ਤੋਂ ਲੁਧਿਆਣਾ ਆਇਆ ਸੀ ਅਤੇ ਉਸ ਨੇ ਦੱਸਿਆ ਸੀ ਕਿ ਉਹ ਨਵੀਂ ਫੈਕਟਰੀ ਵਿਚ ਕੰਮ ਸ਼ੁਰੂ ਕਰਨ ਵਾਲਾ ਹੈ। ਪਰਿਵਾਰ ਅਨੁਸਾਰ, 28 ਤਰੀਕ ਨੂੰ ਠੇਕੇਦਾਰ ਨੇ ਇਰਫਾਨ ਨੂੰ ਫੋਨ ਕਰਕੇ ਬੁਲਾਇਆ। ਉਸੇ ਦਿਨ ਸ਼ਾਮ ਨੂੰ ਠੇਕੇਦਾਰ ਨੇ ਘਰ ਫੋਨ ਕਰਕੇ ਦੱਸਿਆ ਕਿ ਇਰਫਾਨ ਉਸ ਨੂੰ ਗਾਲਾਂ ਕੱਢ ਰਿਹਾ ਹੈ। ਜਦੋਂ ਪਿਤਾ ਨੇ ਪੁੱਤਰ ਨਾਲ ਗੱਲ ਕੀਤੀ ਤਾਂ ਉਹ ਰੋਂਦਾ ਹੋਇਆ ਬੋਲਿਆ ਕਿ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਉਹ ਚੱਲਣ ਦੇ ਯੋਗ ਨਹੀਂ ਹੈ।

ਕੁਝ ਸਮੇਂ ਬਾਅਦ ਇਰਫਾਨ ਦਾ ਦੁਬਾਰਾ ਫੋਨ ਆਇਆ, ਜਿਸ ਵਿਚ ਉਸ ਨੇ ਦੱਸਿਆ ਕਿ ਉਸਦਾ ਮੋਟਰਸਾਈਕਲ ਗੜ੍ਹੀ ਪੁਲ ਕੋਲ ਖੜ੍ਹਾ ਹੈ ਅਤੇ ਉਹ ਨਹਿਰ ਵਿਚ ਛਾਲ ਮਾਰਨ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਦਾ ਕੋਈ ਸੰਪਰਕ ਨਹੀਂ ਹੋਇਆ। ਦੁੱਖ ਦੀ ਗੱਲ ਹੈ ਕਿ ਇਰਫਾਨ ਦਾ ਵਿਆਹ ਸਿਰਫ 11 ਮਹੀਨੇ ਪਹਿਲਾਂ ਹੋਇਆ ਸੀ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।     

ਸਮਰਾਲਾ ਪੁਲਿਸ ਦੇ ਐਸ ਐਚ ਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਠੇਕੇਦਾਰ ਬੱਬੂ ਅਤੇ 2-3 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਪਰ ਪੁਲਸ ਦਾ ਦਾਅਵਾ ਹੈ ਕਿ ਤਫਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।


author

Anmol Tagra

Content Editor

Related News