ਭਵਾਨੀਗੜ੍ਹ ''ਚ NH-7 ਦੀਆਂ ਖਸਤਾ ਹਾਲ ਸੜਕਾਂ ਦਾ ਮਾਮਲਾ: ਗਡਕਰੀ ਤੇ NHAI ਚੇਅਰਮੈਨ ਨੂੰ ਭੇਜਿਆ ਨੋਟਿਸ

Thursday, Apr 09, 2026 - 07:03 AM (IST)

ਭਵਾਨੀਗੜ੍ਹ ''ਚ NH-7 ਦੀਆਂ ਖਸਤਾ ਹਾਲ ਸੜਕਾਂ ਦਾ ਮਾਮਲਾ: ਗਡਕਰੀ ਤੇ NHAI ਚੇਅਰਮੈਨ ਨੂੰ ਭੇਜਿਆ ਨੋਟਿਸ

​​ਭਵਾਨੀਗੜ੍ਹ (ਵਿਕਾਸ ਮਿੱਤਲ) : ਭਵਾਨੀਗੜ੍ਹ ਵਿਖੇ ਨੈਸ਼ਨਲ ਹਾਈਵੇ-7 'ਤੇ ਬਣੇ ਫਲਾਈਓਵਰ ਦੇ ਨਾਲ ਲੱਗਦੀਆਂ ਸਰਵਿਸ ਸੜਕਾਂ ਦੀ ਬਦਤਰ ਹਾਲਤ ਨੂੰ ਲੈ ਕੇ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ ਸੀਨੀਅਰ ਐਡਵੋਕੇਟ ਕਮਲ ਆਨੰਦ ਤੇ ਉੱਘੇ ਸਮਾਜ ਸੇਵੀ ਜਤਿੰਦਰ ਕਾਲੜਾ ਸੰਗਰੂਰ ਵੱਲੋਂ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸਮੇਤ ਐੱਨਐੱਚਏਆਈ ਦੇ ਚੇਅਰਮੈਨ ਨੂੰ ਇੱਕ ਰਸਮੀ ਨੋਟਿਸ-ਕਮ-ਸ਼ਿਕਾਇਤ ਪੱਤਰ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਮਨੀ ਐਕਸਚੇਂਜਰ ਦੀ ਮਹਿਲਾ ਕੈਸ਼ੀਅਰ 20 ਲੱਖ ਰੁਪਏ ਦੀ ਚੋਰੀ ਕਰ ਕੇ ਹੋਈ ਫ਼ਰਾਰ

ਇਸ ਸਬੰਧੀ ਐਡਵੋਕੇਟ ਆਨੰਦ ਨੇ ਦੱਸਿਆ ਕਿ ਭਵਾਨੀਗੜ੍ਹ-ਨਾਭਾ ਰੋਡ ਨੂੰ ਜੋੜਨ ਵਾਲੀਆਂ ਸਰਵਿਸ ਸੜਕਾਂ ਮੌਜੂਦਾ ਸਮੇਂ ਵਿਚ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸੜਕਾਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰ ਖੇਤਰ 'ਚ ਆਉਂਦੀਆਂ ਹਨ ਪ੍ਰੰਤੂ ਇਨ੍ਹਾਂ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸੜਕ 'ਤੇ ਪਏ ਡੂੰਘੇ ਟੋਏ ਵਾਹਨਾਂ ਦਾ ਨੁਕਸਾਨ ਕਰ ਰਹੇ ਹਨ ਉੱਥੇ ਹੀ ਬਰਸਾਤ ਦੌਰਾਨ ਇੱਥੇ ਪਾਣੀ ਜਮ੍ਹਾਂ ਹੋਣ ਕਾਰਨ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ ਜੋ ਸਿੱਧੇ ਤੌਰ 'ਤੇ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਹੈ। ਇਸੇ ਤਰ੍ਹਾਂ ਸਮਾਜ ਸੇਵੀ ਕਾਲੜਾ ਨੇ ਸਖ਼ਤ ਸ਼ਬਦਾਂ 'ਚ ਆਖਿਆ ਕਿ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਯਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਟੁੱਟੀਆਂ ਸੜਕਾਂ ਕਾਰਨ ਉੱਡਦੀ ਧੂੜ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਜਿਸ ਨਾਲ ਆਮ ਲੋਕਾਂ ਤੇ ਦੁਕਾਨਦਾਰਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। 

ਇਹ ਵੀ ਪੜ੍ਹੋ : ਕੇਦਾਰਨਾਥ ਧਾਮ 'ਚ 20 ਘੰਟਿਆਂ ਤੋਂ ਲਗਾਤਾਰ ਬਰਫ਼ਬਾਰੀ, 22 ਅਪ੍ਰੈਲ ਨੂੰ ਖੁੱਲ੍ਹਣਗੇ ਬਾਬਾ ਕੇਦਾਰ ਦੇ ਕਪਾਟ

ਦੂਜੇ ਪਾਸੇ ਐਨਐਚਏਆਈ ਅਧੀਨ ਕਾਲਾਝਾੜ ਟੋਲ ਪਲਾਜ਼ਾ 'ਤੇ ਲੋਕਾਂ ਕੋਲੋਂ ਮੋਟਾ ਟੋਲ ਵਸੂਲ ਕੀਤਾ ਜਾ ਰਿਹਾ ਜਦਕਿ ਸੜਕਾਂ ਦੇ ਨਾਂ 'ਤੇ ਉਨ੍ਹਾਂ ਨੂੰ ਸਿਰਫ਼ ਖੱਡੇ ਤੇ ਧੂੜ ਮਿਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਉਕਤ ਸੜਕਾਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ ਉਦੋਂ ਤੱਕ ਕਾਲਾਝਾੜ ਟੋਲ ਪਲਾਜ਼ਾ 'ਤੇ ਵਾਹਨ ਚਾਲਕਾਂ ਕੋਲੋਂ ਟੋਲ ਦੀ ਵਸੂਲੀ ਤੁਰੰਤ ਪ੍ਰਭਾਵ ਨਾਲ ਰੋਕੀ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸ਼ਿਕਾਇਤਕਰਤਾਵਾਂ ਨੇ ਕੇਂਦਰੀ ਮੰਤਰੀ ਤੇ ਐਨਐਚਏਆਈ ਦੇ ਚੇਅਰਮੈਨ ਨੂੰ ਭੇਜੀ ਸ਼ਿਕਾਇਤ ਵਿਚ ​ਧੂੜ ਨੂੰ ਰੋਕਣ ਲਈ ਤੁਰੰਤ ਪਾਣੀ ਦਾ ਛਿੜਕਾਅ ਕਰਨ, ​ਸਰਵਿਸ ਰੋਡ ਦੀ ਜਲਦ ਤੋਂ ਜਲਦ ਬਿਟੂਮਿਨਸ ਰੀ-ਸਰਫੇਸਿੰਗ ਕਰਨ, ​ਫਲਾਈਓਵਰ ਦੇ ਹੇਠਾਂ ਡਰੇਨੇਜ ਸਿਸਟਮ ਤੇ ਸੁਰੱਖਿਆ ਬੋਰਡਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ​ਇਸ ਮੌਕੇ ਉਨ੍ਹਾਂ ਨੇ ਸਬੂਤ ਵਜੋਂ ਖਸਤਾ ਹਾਲ ਸੜਕ ਦੀਆਂ ਜਿਓ-ਟੈਗਡ ਤਸਵੀਰਾਂ ਵੀ ਜਾਰੀ ਕੀਤੀਆਂ ਜੋ ਵਿਭਾਗ ਨੂੰ ਭੇਜੀਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News