6 ਮਹੀਨੇ ਦੀ ਧੀ ਨੂੰ ਲੈ ਕੇ ਪੇਕੇ ਗਈ ਸੀ ਪਤਨੀ, ਪਤੀ ਨੇ ਕੀਤੀ ਖ਼ੁਦਕੁਸ਼ੀ

Sunday, Mar 29, 2026 - 01:45 PM (IST)

6 ਮਹੀਨੇ ਦੀ ਧੀ ਨੂੰ ਲੈ ਕੇ ਪੇਕੇ ਗਈ ਸੀ ਪਤਨੀ, ਪਤੀ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਵੈੱਬ ਡੈਸਕ, ਤਰੁਣ) : ਲੁਧਿਆਣਾ ਦੇ ਬਾਲ ਸਿੰਘ ਨਗਰ ਇਲਾਕੇ 'ਚ ਇੱਕ 28 ਸਾਲਾ ਨੌਜਵਾਨ ਵੱਲੋਂ ਆਪਣੀ ਪਤਨੀ ਅਤੇ ਧੀ ਦੇ ਵਿਯੋਗ 'ਚ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਵਜੋਂ ਹੋਈ ਹੈ, ਜੋ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਖੇਮਰਾਜ ਅਨੁਸਾਰ ਬਿਕਰਮਜੀਤ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਕਾਜਲ ਨਾਲ ਹੋਇਆ ਸੀ। ਕਰੀਬ ਦੋ ਮਹੀਨੇ ਪਹਿਲਾਂ ਉਸ ਦੀ ਪਤਨੀ ਕਾਜਲ ਲੜਾਈ-ਝਗੜਾ ਕਰਕੇ ਆਪਣੀ 6 ਮਹੀਨੇ ਦੀ ਧੀ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਸੀ। ਪਰਿਵਾਰ ਵੱਲੋਂ ਕਈ ਵਾਰ ਸਮਝਾਉਣ ਦੇ ਬਾਵਜੂਦ ਉਹ ਵਾਪਸ ਨਹੀਂ ਪਰਤੀ, ਜਿਸ ਕਾਰਨ ਬਿਕਰਮਜੀਤ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ।

26 ਮਾਰਚ ਦੀ ਰਾਤ ਨੂੰ ਉਸ ਨੇ ਫ਼ਾਹਾ ਲਗਾ ਲਿਆ। ਪਹਿਲਾਂ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀ ਪਰ ਸਸਕਾਰ ਤੋਂ ਬਾਅਦ ਜਦੋਂ ਪਰਿਵਾਰ ਨੇ ਬਿਕਰਮਜੀਤ ਦਾ ਕਮਰਾ ਖੰਗਾਲਿਆ ਤਾਂ ਉੱਥੋਂ ਦੋ ਖ਼ੁਦਕੁਸ਼ੀ ਨੋਟ ਬਰਾਮਦ ਹੋਏ। ਇਨ੍ਹਾਂ ਨੋਟਾਂ 'ਚ ਮ੍ਰਿਤਕ ਨੇ ਆਪਣੀ ਮੌਤ ਲਈ ਆਪਣੀ ਪਤਨੀ ਕਾਜਲ ਅਤੇ ਸੱਸ ਰਾਜ ਰਾਣੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਥਾਣਾ ਦਰੇਸੀ ਦੇ ਮੁਖੀ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਨੋਟ ਮਿਲਣ ਤੋਂ ਬਾਅਦ ਪੁਲਸ ਨੇ ਕਾਜਲ ਅਤੇ ਉਸਦੀ ਮਾਂ ਰਾਜ ਰਾਣੀ (ਵਾਸੀ ਸੁਭਾਸ਼ ਨਗਰ) ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News