ਨਸ਼ਾ ਸਮੱਗਲਰਾਂ ਦੇ ਫੜੇ ਜਾਣ ''ਤੇ ਨੰਬਰਦਾਰ ਜ਼ਮਾਨਤ ਨਹੀਂ ਕਰਵਾਉਣਗੇ : ਸਮਰਾ

Tuesday, Jul 10, 2018 - 02:11 PM (IST)

ਨਸ਼ਾ ਸਮੱਗਲਰਾਂ ਦੇ ਫੜੇ ਜਾਣ ''ਤੇ ਨੰਬਰਦਾਰ ਜ਼ਮਾਨਤ ਨਹੀਂ ਕਰਵਾਉਣਗੇ : ਸਮਰਾ

ਜਲੰਧਰ (ਮਹੇਸ਼)— ਪੰਜਾਬ ਨੰਬਰਦਾਰ ਯੂਨੀਅਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਨਸ਼ੇ ਦੇ ਮੁਕੰਮਲ ਖਾਤਮੇ ਸਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਦਾ ਸਮਰਥਨ ਕੀਤਾ ਹੈ ਅਤੇ ਨਾਲ ਹੀ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ (ਸਰਹਾਲੀ) ਨੇ ਕਿਹਾ ਹੈ ਕਿ ਨਸ਼ਾ ਸਮੱਗਲਰਾਂ ਦੇ ਫੜੇ ਜਾਣ 'ਤੇ ਕੋਈ ਵੀ ਨੰਬਰਦਾਰ ਉਨ੍ਹਾਂ ਦੀ ਜ਼ਮਾਨਤ ਨਹੀਂ ਕਰਵਾਏਗਾ। ਉਨ੍ਹਾਂ ਨੇ ਮਾਨਸਾ ਵਿਖੇ ਨੰਬਰਦਾਰਾਂ ਦੇ ਰੱਖੇ ਗਏ ਇਕ ਵੱਡੇ ਇਕੱਠ 'ਚ ਸ਼ਮੂਲੀਅਤ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੇ ਕਾਰਨ ਹਰ ਰੋਜ਼ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣਾ ਸਮੇਂ ਦੀ ਮੁੱਖ ਜ਼ਰੂਰਤ ਹੈ, ਜਿਸ ਵਾਸਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨਾ ਹੋਵੇਗਾ। 
ਇਸੇ ਦੌਰਾਨ ਹਾਜ਼ਰ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ, ਜਨਰਲ ਸਕੱਤਰ ਲਾਭ ਸਿੰਘ ਕੜੈਲ, ਨਾਜਰ ਸਿੰਘ ਮਾਨਸਾ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ ਭੀਖੀ, ਬਿੱਕਰ ਸਿੰਘ ਬੁਢਲਾਡਾ ਆਦਿ ਨੇ ਵੀ ਸੂਬਾ ਪ੍ਰਧਾਨ ਦੇ ਨਸ਼ਿਆਂ ਦੇ ਵਿਰੋਧ ਵਿਚ ਲਏ ਗਏ ਫੈਸਲੇ 'ਤੇ ਆਪਣੀ ਮੋਹਰ ਲਾਈ। ਇਸ ਦੌਰਾਨ ਨੰਬਰਦਾਰਾਂ ਦੀਆਂ ਮੁੱਖ ਮੰਗਾਂ 'ਤੇ ਵੀ ਚਰਚਾ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਨਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਦਿੱਤੇ ਗਏ ਮੈਮੋਰੰਡਮ ਵਿਚ ਕਿਹਾ ਗਿਆ ਕਿ ਜੱਦੀ ਪੁਸ਼ਤੀ ਨੰਬਰਦਾਰੀ ਦਾ ਵਾਅਦਾ ਪੂਰਾ ਕੀਤਾ ਜਾਵੇ, ਮਾਣ ਭੱਤਾ 1500 ਤੋਂ 5000 ਰੁਪਏ ਕੀਤਾ ਜਾਵੇ। ਜਿਨ੍ਹਾਂ ਜ਼ਿਲਿਆਂ ਵਿਚ ਨੰਬਰਦਾਰਾਂ ਦੇ ਬੈਠਣ ਲਈ ਕਮਰੇ ਅਲਾਟ ਨਹੀਂ ਹੋਏ, ਜਲਦੀ ਕੀਤੇ ਜਾਣ। ਹਰਿਆਣਾ ਦੀ ਤਰਜ਼ 'ਤੇ ਪੰਜਾਬ ਦੇ ਨੰਬਰਦਾਰਾਂ ਨੂੰ ਮੁਫਤ ਬੱਸ ਪਾਸ ਸਹੂਲਤ ਮਿਲੇ। ਇਸ ਇਲਾਵਾ ਹੋਰ ਲਟਕ ਰਹੀਆਂ ਜਾਇਜ਼ ਮੰਗਾਂ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।


Related News