ਡੇਰਾ ਮੁਖੀ ''ਤੇ ਆ ਰਹੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਇਹ ਮੈਸੇਜ, ਜ਼ਰੂਰ ਦੇਖੋ

08/22/2017 7:34:41 PM

ਕੋਟਕਪੂਰਾ (ਨਰਿੰਦਰ ਬੈੜ) : ਆ ਰਹੀ 25 ਅਗਸਤ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਸੰਬੰਧੀ ਲਏ ਜਾਣ ਵਾਲੇ ਕਿਸੇ ਵੀ ਸੰਭਾਵੀ ਫੈਸਲੇ ਨੂੰ ਧਿਆਨ ਵਿਚ ਰੱਖਦੇ ਹੋਏ, ਜਿੱਥੇ ਸਰਕਾਰਾਂ, ਪੁਲਸ ਪ੍ਰਸ਼ਾਸਨ ਅਤੇ ਖੁਫ਼ੀਆ ਏਜੰਸੀਆਂ ਚੌਕਸ ਹੋ ਕੇ ਚੱਲ ਰਹੀਆਂ ਹਨ, ਉੱਥੇ ਹੀ ਸ਼ੋਸ਼ਲ ਮੀਡੀਆ 'ਤੇ ਚੱਲ ਰਹੇ ਅਨੇਕਾਂ ਗਰੁੱਪ ਐਡਮਿੰਨ ਵੀ ਚੌਕਸ ਹੋ ਗਏ ਹਨ। ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਈ ਗਰੁੱਪ ਐਡਮਿੰਨ ਵੱਲੋਂ ਬਕਾਇਦਾ ਆਪਣੇ ਗਰੁੱਪ ਮੈਂਬਰਾਂ ਲਈ ਜ਼ਰੂਰੀ ਸੂਚਨਾ ਹੈੱਡਲਾਈਨ ਦੇ ਤਹਿਤ ਅਪੀਲ ਜਾਰੀ ਕੀਤੀ ਗਈ ਹੈ, ਜਿਸ ਵਿਚ ਕਿਸੇ ਨੂੰ ਵੀ ਗਰੁੱਪ ਵਿਚ ਕਿਸੇ ਤਰ੍ਹਾਂ ਦੀ ਵੀ ਅਭੱਦਰ ਜਾਂ ਭੜਕਾਊ ਟਿੱਪਣੀ ਕਰਨ ਤੋਂ ਗੁਰੇਜ਼ ਵਰਤਨ ਦੀ ਹਦਾਇਤ ਕੀਤੀ ਗਈ ਹੈ। ਇਸ ਵਿਚ ਹਦਾਇਤ ਨਾ ਮੰਨਣ ਦੀ ਸੂਰਤ 'ਚ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਉਕਤ ਵਿਅਕਤੀ ਨੂੰ ਗਰੁੱਪ 'ਚੋਂ ਬਾਹਰ ਕੱਢਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ।
ਇਕ ਗਰੁੱਪ ਐਡਮਿੰਨ ਵੱਲੋਂ ਕੀਤੀ ਗਈ ਹਦਾਇਤ 'ਸਾਰੇ ਗਰੁੱਪ ਮੈਂਬਰਾਂ ਨੂੰ ਬੇਨਤੀ ਹੈ ਕਿ 25 ਅਗਸਤ ਨੂੰ ਮੁੱਖ ਰੱਖ ਕੇ ਕਿਸੇ ਵਿਅਕਤੀ ਜਾਂ ਵਿਅਕਤੀ ਵਿਸ਼ੇਸ਼ ਖਿਲਾਫ ਗਰੁੱਪ 'ਚ ਕੋਈ ਵੀ ਕੁਮੈਂਟ, ਟਿੱਪਣੀ ਜਾਂ ਵਿਅੰਗ ਨਾ ਕੱਸਿਆ ਜਾਵੇ। ਹਾਲਾਤ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਸਾਰੇ ਸੱਜਣ ਸੰਜਮ ਵਰਤਣ ਅਤੇ ਭੜਕਾਊ ਬਿਆਨਾਂ ਅਤੇ ਪੋਸਟਾਂ ਤੋਂ ਸੌ ਫੀਸਦੀ ਪ੍ਰਹੇਜ਼ ਕਰਨ। ਜਿਸ ਨੇ ਕਿਸੇ ਵੀ ਧਰਮ, ਕੌਮ ਜਾਂ ਮਜ਼ਹਬ ਨੂੰ ਮਜ਼ਾਕ ਦਾ ਪਾਤਰ ਬਨਾਉਣ ਦੀ ਕੋਸ਼ਿਸ਼ ਕੀਤੀ ਤਾਂ ਬਿਨਾਂ ਦੱਸੇ ਜਾਂ ਕਿਸੇ ਚਿਤਾਵਨੀ ਦੇ ਗਰੁੱਪ 'ਚੋਂ ਰਿਮੂਵ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਲਈ ਐਡਮਿਨ ਜ਼ਿੰਮੇਵਾਰ ਨਾ ਹੋ ਕੇ ਉਲੰਘਣਾ ਕਰਨ ਵਾਲਾ ਖੁਦ ਹੀ ਜ਼ਿੰਮੇਵਾਰ ਹੋਵੇਗਾ।


Related News