ਸੋਸ਼ਲ ਮੀਡੀਆ ਦੀ ਬੁਰੀ ਆਦਤ ’ਤੇ ਕੰਟਰੋਲ ਜ਼ਰੂਰੀ
Friday, Mar 29, 2024 - 03:05 PM (IST)
ਕੁਝ ਸਮਾਂ ਪਹਿਲਾਂ ਤੱਕ ਇਕ ਆਮ ਧਾਰਨਾ ਸੀ ਕਿ ਜਦ ਵੀ ਕਦੀ ਘਰ ਦੀ ਬੇਟੀ ਸਮਝਦਾਰ ਹੋ ਜਾਵੇ ਤਾਂ ਉਸ ਦੇ ਵਿਆਹ ਲਈ ਵਿਚਾਰ ਸ਼ੁਰੂ ਹੋ ਜਾਂਦੀ ਸੀ। ਉਸੇ ਤਰ੍ਹਾਂ ਜੇ ਘਰ ਦਾ ਬੇਟਾ ਵਿਗੜਣ ਲੱਗ ਜਾਵੇ ਤਾਂ ਉਸ ਨੂੰ ਠੀਕ ਕਰਨ ਦੀ ਮਨਸ਼ਾ ਨਾਲ ਵੀ ਉਸ ਦੇ ਵਿਆਹ ਬਾਰੇ ਸੋਚਿਆ ਜਾਂਦਾ ਸੀ।
ਪਰ ਅੱਜਕੱਲ ਦੇ ਦੌਰ ’ਚ ਅਜਿਹਾ ਨਹੀਂ ਹੈ। ਅੱਜਕੱਲ ਦਾ ਨੌਜਵਾਨ ਜਿਸ ਤਰ੍ਹਾਂ ਸੋਸ਼ਲ ਮੀਡੀਆ ’ਤੇ ਘੰਟਿਆਂਬੱਧੀ ਸਮਾਂ ਬਿਤਾਉਂਦਾ ਹੈ, ਉਸ ਨੂੰ ਲੈ ਕੇ ਵੀ ਮਾਂ-ਬਾਪ ਦੀ ਚਿੰਤਾ ਵਧਦੀ ਜਾਂਦੀ ਹੈ। ਪਿਛਲੇ ਦਿਨੀਂ ਤੁਸੀਂ ਸੋਸ਼ਲ ਮੀਡੀਆ ’ਤੇ ਹੋਲੀ ਦੇ ਸਬੰਧ ’ਚ ਅਜਿਹੇ ਕਈ ਵਾਇਰਲ ਵੀਡੀਓ ਦੇਖੇ ਹੋਣਗੇ ਜਿੱਥੇ ਲੜਕੇ-ਲੜਕੀਆਂ ਖੁੱਲ੍ਹੇਆਮ ਅਜਿਹੀਆਂ ਹਰਕਤਾਂ ਕਰਦੇ ਦਿਖਾਈ ਦਿੱਤੇ ਕਿ ਸਾਰੇ ਸ਼ਰਮਸਾਰ ਹੋਏ। ਅਖੀਰ ਇਸ ਸਮੱਸਿਆ ਦਾ ਕੀ ਕਾਰਨ ਹੈ ਅਤੇ ਇਸ ਨਾਲ ਕਿਵੇਂ ਨਜਿੱਠਿਆ ਜਾਵੇ?
ਦਿੱਲੀ ਮੈਟਰੋ ’ਚ ਦੋ ਲੜਕੀਆਂ ਵਲੋਂ ਅਸ਼ਲੀਲ ਵੀਡੀਓ ਰੀਲ ਬਣਾਉਣ ਨੂੰ ਲੈ ਕੇ ਕਾਫੀ ਰੌਲਾ ਪਿਆ। ਜਿਉਂ ਹੀ ਇਸ ਵੀਡੀਓ ਨੂੰ ਲੈ ਕੇ ਦਿੱਲੀ ਵਾਲਿਆਂ ਨੇ ਮੈਟਰੋ ਪ੍ਰਸ਼ਾਸਨ ਕੋਲੋਂ ਸਵਾਲ ਪੁੱਛੇ ਤਾਂ ਦਿੱਲੀ ਮੈਟਰੋ ਨੇ ਇਸ ਨੂੰ ‘ਡੀਪ ਫੇਕ’ ਕਹਿ ਕੇ ਇਸ ਤੋਂ ਪੱਲਾ ਝਾੜਨ ਦਾ ਯਤਨ ਕੀਤਾ ਪਰ ਜਦ ਕੁਝ ਲੋਕਾਂ ਨੇ ਇਸ ਦੀ ਜਾਂਚ ਕੀਤੀ ਤਾਂ ਇਹ ਵੀਡੀਓ ਸਹੀ ਪਾਇਆ ਗਿਆ ਅਤੇ ਵੀਡੀਓ ’ਚ ਦੇਖੀਆਂ ਗਈਆਂ ਲਕੜੀਆਂ ਨੇ ਵੀ ਇਸ ਨੂੰ ਸਵੀਕਾਰ ਕੀਤਾ।
ਇਹ ਲੜਕੀਆਂ ਇੱਥੇ ਹੀ ਨਹੀਂ ਰੁਕੀਆਂ, ਉਨ੍ਹਾਂ ਨੇ ਦਿੱਲੀ ਨਾਲ ਲੱਗਦੇ ਨੋਇਡਾ ’ਚ ਇਕ ਸਕੂਟੀ ’ਤੇ ਬੈਠ ਕੇ ਅਜਿਹੀ ਹੀ ਇਕ ਹੋਰ ਅਸ਼ਲੀਲ ਵੀਡੀਓ ਬਣਾ ਦਿੱਤੀ। ਵੀਡੀਓ ਸਾਹਮਣੇ ਆਉਣ ਪਿੱਛੋਂ ਨੋਇਡਾ ਪੁਲਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਦਾ 33 ਹਜ਼ਾਰ ਰੁਪਏ ਦਾ ਚਲਾਨ ਵੀ ਕੱਟਿਆ ਪਰ ਕੀ ਸਿਰਫ ਚਲਾਨ ਹੀ ਇਸ ਸਮੱਸਿਆ ਦਾ ਹੱਲ ਹੈ?
ਅਜਿਹਾ ਦੇਖਿਆ ਗਿਆ ਹੈ ਕਿ ਨਾ ਸਿਰਫ ਅਜਿਹੇ ਅਸ਼ਲੀਲ ਵੀਡੀਓ ਬਣਦੇ ਹਨ ਸਗੋਂ ਅਜਿਹੇ ਹੋਰ ਵੀਡੀਓ ਵੀ ਬਣਾਏ ਜਾਂਦੇ ਹਨ ਜਿੱਥੇ ਨੌਜਵਾਨ ਖਤਰਨਾਕ ਸਟੰਟ ਕਰਦੇ ਹੋਏ ਦਿਖਾਈ ਦਿੰਦੇ ਹਨ। ਕਦੀ-ਕਦੀ ਤਾਂ ਅਜਿਹੇ ਵੀਡੀਓ ਜਾਨਲੇਵਾ ਵੀ ਸਾਬਤ ਹੁੰਦੇ ਹਨ।
ਪਰ ਕੀ ਕਿਸੇ ਨੇ ਸੋਚਿਆ ਹੈ ਕਿ ਇਹ ਨੌਜਵਾਨ ਇੰਨੇ ਬੇਲਗਾਮ ਕਿਉਂ ਹੁੰਦੇ ਜਾ ਰਹੇ ਹਨ? ਸੋਸ਼ਲ ਮੀਡੀਆ ’ਤੇ ਅਜਿਹੇ ਵੀਡੀਓ ਪਾ ਕੇ ਅਖੀਰ ਉਹ ਕੀ ਹਾਸਲ ਕਰਨਾ ਚਾਹੁੰਦੇ ਹਨ? ਅਜਿਹੀਆਂ ਹਰਕਤਾਂ ਕਰ ਕੇ ਉਹ ਕੁਝ ਸਮੇਂ ਤੱਕ ਤਾਂ ਸੋਸ਼ਲ ਮੀਡੀਆ ’ਤੇ ਜ਼ਰੂਰ ਮਸ਼ਹੂਰ ਹੋ ਜਾਣਗੇ ਪਰ ਉਸ ਪਿੱਛੋਂ ਕੀ? ਕੀ ਇਸ ਮਸ਼ਹੂਰੀ ਨਾਲ ਉਨ੍ਹਾਂ ਨੂੰ ਕੋਈ ਆਰਥਿਕ ਲਾਭ ਹੋਵੇਗਾ? ਕੀ ਇਸ ਪ੍ਰਸਿੱਧੀ ਦਾ ਉਨ੍ਹਾਂ ਦੀ ਵਿੱਦਿਅਕ ਯੋਗਤਾ ’ਤੇ ਚੰਗਾ ਅਸਰ ਪਵੇਗਾ? ਕੀ ਅਜਿਹਾ ਕਰਨ ਨਾਲ ਉਨ੍ਹਾਂ ਦਾ ਮਾਣ-ਤਾਣ ਵਧੇਗਾ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ‘ਨਹੀਂ’ ਹੀ ਹੈ। ਤਾਂ ਫਿਰ ਇਹ ਮਸ਼ਹੂਰੀ ਜਾਂ ਅਜਿਹੀਆਂ ਹਰਕਤਾਂ ਕਿਸ ਕੰਮ ਦੀਆਂ।
ਉੱਥੇ ਹੀ ਜੇ ਇਨ੍ਹਾਂ ਨੌਜਵਾਨਾਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਨ੍ਹਾਂ ਹਰਕਤਾਂ ਪਿੱਛੇ ਨਾ ਸਿਰਫ ਸਹੀ ਸੰਗਤ ਦੀ ਘਾਟ ਹੈ ਸਗੋਂ ਉਸ ਤੋਂ ਵੀ ਵੱਧ ਰੋਜ਼ਗਾਰ ਦੀ ਘਾਟ ਹੈ। ਜੇ ਇਨ੍ਹਾਂ ਨੌਜਵਾਨਾਂ ਨੂੰ ਸਮੇਂ ਸਿਰ ਇਨ੍ਹਾਂ ਦੀ ਯੋਗਤਾ ਅਨੁਸਾਰ ਸਹੀ ਰੋਜ਼ਗਾਰ ਮਿਲ ਜਾਂਦਾ ਤਾਂ ਸ਼ਾਇਦ ਅਜਿਹੇ ਦ੍ਰਿਸ਼ ਦੇਖਣ ਨੂੰ ਨਾ ਮਿਲਦੇ। ਜਿਸ ਤਰ੍ਹਾਂ ਮੋਬਾਈਲ ਜ਼ਰੀਏ ਸੋਸ਼ਲ ਮੀਡੀਆ ਨੇ ਹਰ ਘਰ ’ਚ ਆਪਣੀ ਜਗ੍ਹਾ ਬਣਾ ਲਈ ਹੈ, ਅਜਿਹੀਆਂ ਸਰਗਰਮੀਆਂ ਤੋਂ ਛੁਟਕਾਰਾ ਪਾਉਣਾ ਅਸੰਭਵ ਹੁੰਦਾ ਜਾ ਰਿਹਾ ਹੈ।
ਬੱਚਾ ਹੋਵੇ, ਨੌਜਵਾਨ ਹੋਵੇ ਜਾਂ ਘਰ ਦਾ ਕੋਈ ਵੱਡਾ ਮੈਂਬਰ ਜਿਸ ਨੂੰ ਦੇਖੋ ਉਸ ਦੀ ਗਰਦਨ ਝੁਕੀ ਹੀ ਰਹਿੰਦੀ ਹੈ। ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਦੇ ਦੌਰ ’ਚ ਉਹੀ ਸਿਰ ਉਠਾ ਕੇ ਰਹਿ ਸਕਦਾ ਹੈ ਜਿਸ ਕੋਲ ਸਮਾਰਟਫੋਨ ਨਹੀਂ ਹੈ। ਇਹ ਤਾਂ ਹੋਈ ਮਜ਼ਾਕ ਦੀ ਗੱਲ ਪਰ ਕੀ ਅਸਲ ’ਚ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ? ਅਜਿਹੇ ਕਈ ਛੋਟੇ ਅਤੇ ਸੌਖੇ ਇਲਾਜ ਹਨ ਜਿਸ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਤਾਂ ਸਕ੍ਰੀਨ ਟਾਈਮ ’ਤੇ ਰਾਸ਼ਨ ਲਾਉਣਾ ਜ਼ਰੂਰੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਦਿਨ ਦੇ 24 ਘੰਟਿਆਂ ’ਚ ਤੁਸੀਂ ਕਿੰਨਾ ਸਮਾਂ ਆਪਣੇ ਮੋਬਾਈਲ ਫੋਨ ਜਾਂ ਕੰਪਿਊਟਰ ’ਤੇ ਲਾਉਂਦੇ ਹੋ? ਕੀ ਤੁਸੀਂ ਆਪਣੇ ਪਰਿਵਾਰ, ਸਮਾਜ ਅਤੇ ਸਾਥੀ ਮੁਲਾਜ਼ਮਾਂ ਨਾਲ ਉਸ ਦਾ ਕੁਝ ਹਿੱਸਾ ਵੀ ਬਿਤਾਉਂਦੇ ਹੋ? ਅੱਜ ਦੇ ਦੌਰ ’ਚ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਹੀ ਹਨ ਜੋ ਸਾਨੂੰ ਆਪਣੇ ਸਮਾਜ ਤੋਂ ਦੂਰ ਕਰ ਕੇ ਬੁਰੇ ਬਣਾ ਰਹੇ ਹਨ।
ਜੇ ਅਸੀਂ ਆਪਣੇ ਪਰਿਵਾਰਾਂ ’ਚ ਇਕ ਗੱਲ ਯਕੀਨੀ ਬਣਾ ਲਈਏ ਕਿ ਦਿਨ ਦੇ 24 ਘੰਟਿਆਂ ’ਚ ਇਕ ਮਿੱਥਿਆ ਸਮਾਂ ਅਜਿਹਾ ਹੋਵੇ ਜਦ ਪਰਿਵਾਰ ਦਾ ਹਰ ਮੈਂਬਰ ਆਪਣਾ-ਆਪਣਾ ਮੋਬਾਈਲ ਛੱਡ ਕੇ ਇਕ-ਦੂਜੇ ਨਾਲ ਗੱਲ ਕਰੇ, ਨਾਲ ਬੈਠ ਕੇ ਭੋਜਨ ਜਾਂ ਭਜਨ ਕਰੇ ਤਾਂ ਇਸ ਸਮੱਸਿਆ ਦਾ ਹੱਲ ਆਸਾਨੀ ਨਾਲ ਹੋ ਜਾਵੇਗਾ। ਇਕ ਵਾਰ ਕੁਝ ਮਿੱਤਰਾਂ ਨੇ ਮਿਲਣ ਦਾ ਪ੍ਰੋਗਰਾਮ ਬਣਾਇਆ। ਇਕ ਮਹਿੰਗੇ ਜਿਹੇ ਰੈਸਟੋਰੈਂਟ ’ਚ ਮਿਲਣਾ ਤੈਅ ਹੋਇਆ। ਸਾਰੇ ਮਿੱਤਰ ਆਪਣੇ-ਆਪਣੇ ਕਾਰਜ ਖੇਤਰਾਂ ’ਚ ਕਾਫੀ ਪ੍ਰਸਿੱਧ ਅਤੇ ਸੰਪੰਨ ਸਨ, ਸਾਰਿਆਂ ਦੇ ਹੱਥਾਂ ’ਚ ਮਹਿੰਗੇ ਮੋਬਾਈਲ ਫੋਨ ਵੀ ਸਨ। ਜਿਉਂ ਹੀ ਸਾਰੇ ਮਿੱਤਰ ਇਕੱਠੇ ਹੋਏ ਤਾਂ
ਜਿਸ ਮਿੱਤਰ ਨੇ ਇਸ ਪਾਰਟੀ ਦਾ ਆਯੋਜਨ ਕੀਤਾ, ਉਸ ਨੇ ਖੜ੍ਹੇ ਹੋ ਕੇ ਇਕ ਐਲਾਨ ਕੀਤਾ। ਉਸ ਨੇ ਸਾਰੇ ਮਿੱਤਰਾਂ ਨੂੰ ਕਿਹਾ ਕਿ ਅੱਜ ਦੀ ਪਾਰਟੀ ਹਮੇਸ਼ਾ ਵਾਂਗ ਨਹੀਂ ਹੈ।
ਜਿਵੇਂ ਕਿ ਸਾਰੇ ਮਿੱਤਰ ਹਮੇਸ਼ਾ ਕਰਦੇ ਹਨ ਕਿ ਰੈਸਟੋਰੈਂਟ ਦੇ ਬਿੱਲ ਦਾ ਭੁਗਤਾਨ ਮਿਲ ਵੰਡ ਕੇ ਕਰਦੇ ਹਨ, ਅੱਜ ਅਜਿਹਾ ਨਹੀਂ ਹੋਵੇਗਾ। ਸਾਰਿਆਂ ਨੇ ਪੁੱਛਿਆ ਕਿ ਫਿਰ ਅੱਜ ਪਾਰਟੀ ਕੌਣ ਦੇ ਰਿਹਾ ਹੈ? ਇਸ ਤੋਂ ਪਹਿਲਾਂ ਕਿ ਜਵਾਬ ਮਿਲਦਾ, ਆਯੋਜਕ ਨੇ ਟੇਬਲ ਦੇ ਵਿਚਾਲੇ ਰੱਖੀ ਇਕ ਟੋਕਰੀ ਵੱਲ ਇਸ਼ਾਰਾ ਕੀਤਾ ਅਤੇ ਸਾਰਿਆਂ ਨੂੰ ਆਪਣਾ-ਆਪਣਾ ਫੋਨ ਉਸ ’ਚ ਰੱਖਣ ਨੂੰ ਕਿਹਾ। ਫਿਰ ਉਹ ਬੋਲਿਆ ਕਿ ਇਹ ਸਮਾਂ ਅਸੀਂ ਸਾਰੇ ਇਕ-ਦੂਜੇ ਨਾਲ ਬਤੀਤ ਕਰੀਏ ਅਤੇ ਆਪਣੇ ਫੋਨ ਨੂੰ ਵੀ ਆਰਾਮ ਕਰਨ ਦੇਈਏ। ਫੋਨ ਦੀ ਘੰਟੀ ਵੱਜਣ ’ਤੇ ਜਿਹੜਾ ਵੀ ਵਿਅਕਤੀ ਸਭ ਤੋਂ ਪਹਿਲਾਂ ਇਸ ਟੋਕਰੀ ’ਚੋਂ ਆਪਣਾ ਫੋਨ ਉਠਾਵੇਗਾ, ਉਹ ਹੀ ਸਾਰਿਆਂ ਦਾ ਬਿੱਲ ਭਰੇਗਾ।
ਇਸ ਅਜੀਬ ਸ਼ਰਤ ਨੂੰ ਸਾਰਿਆਂ ਨੇ ਮੰਨਿਆ। ਬਸ ਫਿਰ ਕੀ ਸੀ, ਭਾਵੇਂ ਹੀ ਕਈਆਂ ਦੇ ਫੋਨ ਦੀ ਘੰਟੀ ਵੱਜੀ ਪਰ ਜਿੰਨੀ ਦੇਰ ਵੀ ਪਾਰਟੀ ਚੱਲੀ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਅਖੀਰ ’ਚ ਹਮੇਸ਼ਾ ਵਾਂਗ ਬਿੱਲ ਸਾਰਿਆਂ ਦੇ ਦਰਮਿਆਨ ਬਰਾਬਰ ਵੰਡਿਆ ਗਿਆ ਅਤੇ ਸਾਰੇ ਮਿੱਤਰ ਕੁਝ ਪਲ ਲਈ ਹੀ ਸਹੀ ਪਰ ਕਾਫੀ ਤਾਜ਼ਾ ਮਹਿਸੂਸ ਕਰਨ ਲੱਗੇ। ਇਹ ਤਾਂ ਇਕ ਮਿਸਾਲ ਹੈ। ਜੇ ਤੁਸੀਂ ਲੱਭੋਗੇ ਤਾਂ ਤੁਹਾਨੂੰ ਇਸ ਸਮੱਸਿਆ ਦੇ ਕਈ ਹੱਲ ਮਿਲ ਜਾਣਗੇ ਅਤੇ ਨੌਜਵਾਨ ਹੋਣ ਜਾਂ ਹੋਰ, ਸਾਰੇ ਕੰਟਰੋਲ ਹੋ ਜਾਣਗੇ।
ਰਜਨੀਸ਼ ਕਪੂਰ