ਬੇਮੌਸਮੀ ਬਾਰਸ਼ ਨੇ ਫੇਰਿਆ ਕਿਸਾਨਾਂ ਦੀਆਂ ਉਮੀਦਾਂ ''ਤੇ ਪਾਣੀ

09/29/2019 10:38:54 AM

ਗੁਰਦਾਸਪੁਰ (ਹਰਮਨਪ੍ਰੀਤ) : ਗੁਰਦਾਸਪੁਰ ਸਮੇਤ ਵੱਖ-ਵੱਖ ਇਲਾਕਿਆਂ 'ਚ ਹੋਈ ਭਾਰੀ ਬਾਰਸ਼ ਨੇ ਇਸ ਸਾਲ ਵੀ ਅਨੇਕਾਂ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ। ਖਾਸ ਤੌਰ 'ਤੇ ਨੀਵੇਂ ਇਲਾਕਿਆਂ 'ਚ ਹੋਈ ਮੋਹਲੇਧਾਰ ਨੇ ਪੱਕਣ ਕਿਨਾਰੇ ਖੜ੍ਹੀ ਝੋਨੇ ਦੀ ਫਸਲ ਨੂੰ ਲਪੇਟ ਵਿਚ ਲੈ ਕੇ ਆਰਥਕ ਪੱਖੋਂ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਇਸ ਦੇ ਨਾਲ ਚਾਰੇ ਵਾਲੀਆਂ ਫਸਲਾਂ ਅਤੇ ਸਰਦੀਆਂ ਦੀਆਂ ਫਸਲਾਂ ਨੂੰ ਵੀ ਇਸ ਬਾਰਸ਼ ਨੇ ਕਾਫੀ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਨੂੰ ਦੇਖ ਕੇ ਕਿਸਾਨ ਮਾਯੂਸ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਸਾਉਣੀ ਦੇ ਇਸ ਸੀਜ਼ਨ ਦੌਰਾਨ ਕਿਸਾਨ ਪਾਣੀ ਦੀ ਕਿੱਲਤ ਨਾਲ ਜੂਝਦੇ ਰਹੇ ਹਨ। ਪਰ ਹੁਣ ਜਦੋਂ ਝੋਨੇ ਦੀ ਫਸਲ ਪੱਕ ਕੇ ਖੇਤਾਂ ਵਿਚ ਵਾਢੀ ਲਈ ਤਿਆਰ ਹੋਣ ਕਿਨਾਰੇ ਪਹੁੰਚ ਚੁੱਕੀ ਹੈ ਤਾਂ ਬੀਤੀ ਰਾਤ ਹੋਈ ਭਾਰੀ ਬਾਰਸ਼ ਨੇ ਫਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਗੁਰਦਾਸਪੁਰ ਜ਼ਿਲੇ ਦੇ ਦੋਰਾਂਗਲਾ, ਕਲਾਨੌਰ, ਗੁਰਦਾਸਪੁਰ, ਕਾਹਨੂੰਵਾਨ ਅਤੇ ਦੀਨਾਨਗਰ ਆਦਿ ਸਮੇਤ ਵੱਖ-ਵੱਖ ਬਲਾਕਾਂ 'ਚ ਅਨੇਕਾਂ ਥਾਈਂ ਝੋਨੇ ਦੀ ਫਸਲ ਖੇਤਾਂ ਵਿਚ ਵਿਛ ਗਈ ਹੈ। ਕਈ ਖੇਤ ਅਜਿਹੇ ਹਨ ਜਿਥੇ ਖੇਤਾਂ ਵਿਚ ਪਹਿਲਾਂ ਹੀ ਕਾਫੀ ਸਿੱਲ ਹੋਣ ਕਾਰਣ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਹੁਣ ਜਿਹੜੇ ਖੇਤਾਂ ਵਿਚ ਪਾਣੀ ਖੜ੍ਹਾ ਹੋ ਗਿਆ ਹੈ।

ਬੇਟ ਇਲਾਕੇ ਦੇ ਕਿਸਾਨ ਬਲਜਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਸੀਜ਼ਨ ਵਿਚ ਵੀ ਜਦੋਂ ਫਸਲ ਪੱਕਣ ਕਿਨਾਰੇ ਖੜ੍ਹੀ ਸੀ ਤਾਂ ਉਸ ਮੌਕੇ ਹੋਈ ਬਾਰਸ਼ ਨੇ ਫਸਲਾਂ ਦਾ ਅਜਿਹਾ ਨੁਕਸਾਨ ਕੀਤਾ ਸੀ ਕਿ ਕਿਸਾਨਾਂ ਨੂੰ ਆਪਣਾ ਝੋਨਾ ਕਟਵਾਉਣ ਲਈ 4 ਬਾਈ 4 ਇੰਜਣ ਵਾਲੀਆਂ ਵਿਸ਼ੇਸ਼ ਕੰਬਾਈਨਾਂ ਮੰਗਵਾ ਕੇ ਪ੍ਰਤੀ ਏਕੜ ਕਟਾਈ ਲਈ 7-7 ਹਜ਼ਾਰ ਰੁਪਏ ਖਰਚ ਕਰਨੇ ਪਏ ਸਨ। ਇਸ ਸਾਲ ਮੁੜ ਪੱਕੀ ਫਸਲ 'ਤੇ ਹੋਈ ਬਾਰਸ਼ ਨੇ ਪਿਛਲੇ ਸਾਲ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ।

ਖਾਸ ਤੌਰ 'ਤੇ ਜਿਹੜੇ ਖੇਤਾਂ ਵਿਚ ਫਸਲ ਵਿਛ ਗਈ ਹੈ, ਉਨ੍ਹਾਂ ਖੇਤਾਂ ਵਿਚ ਫਸਲ ਦੀ ਪੈਦਾਵਾਰ ਤਾਂ ਘਟਣੀ ਹੈ, ਸਗੋਂ ਫਸਲ ਦੀ ਗੁਣਵੱਤਾ ਵੀ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਖੜ੍ਹੇ ਪਾਣੀ ਵਿਚ ਫਸਲ ਦੇ ਵਿਛ ਜਾਣ ਕਾਰਣ ਜਿਥੇ ਦਾਣਿਆਂ ਦੀ ਸਿੱਲ 'ਚ ਵਾਧਾ ਹੋ ਜਾਵੇਗਾ, ਉਥੇ ਦਾਣਿਆਂ ਦਾ ਰੰਗ ਤੇ ਆਕਾਰ ਵੀ ਪ੍ਰਭਾਵਿਤ ਹੋਵੇਗਾ।

ਇਸੇ ਤਰ੍ਹਾਂ ਹਰਦੋਛੰਨੀ, ਦੋਸਤਪੁਰ ਅਤੇ ਆਸ-ਪਾਸ ਨੀਵੇਂ ਇਲਾਕੇ ਵਿਚ ਵੀ ਫਸਲਾਂ ਦਾ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈ ਜਿਥੇ ਕਈ ਥਾਈਂ ਚਾਰੇ ਵਾਲੀਆਂ ਫਸਲਾਂ ਵੀ ਪਾਣੀ ਦੀ ਮਾਰ ਹੇਠ ਹਨ। ਜਿਹੜੇ ਕਿਸਾਨਾਂ ਨੇ ਸਰਦੀਆਂ ਦੇ ਮੌਸਮ ਲਈ ਸਬਜ਼ੀਆਂ ਦੀ ਬੀਜਾਈ ਕੀਤੀ ਹੈ, ਉਨ੍ਹਾਂ ਲਈ ਵੀ ਇਹ ਬਾਰਸ਼ ਆਫਤ ਤੋਂ ਘੱਟ ਨਹੀਂ ਹੈ।


Baljeet Kaur

Content Editor

Related News