ਲੜਕੀ ਪੱਖ ਨੇ ਪ੍ਰੇਮੀ ਦੀ ਮਾਂ ਨਾਲ ਕੀਤੀ ਕੁੱਟਮਾਰ

01/09/2020 6:09:54 AM

ਗੁਰਦਾਸਪੁਰ (ਵਿਨੋਦ) : ਜਿਸ ਲੜਕੀ ਨੂੰ ਉਸ ਦਾ ਪ੍ਰੇਮੀ ਭਜਾ ਕੇ ਲੈ ਗਿਆ ਸੀ, ਉਸ ਲੜਕੀ ਦੇ ਪਰਿਵਾਰ ਵਾਲਿਆਂ ਨੇ ਗੁੱਸੇ ਵਿਚ ਆ ਕੇ ਪ੍ਰੇਮੀ ਦੀ ਮਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਣ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਅਨੁਸਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਸੱਚਾਈ ਸਾਹਮਣੇ ਆਵੇਗੀ ਉਸ ਅਨੁਸਾਰ ਕਾਰਵਾਈ ਹੋਵੇਗੀ।

ਕੀ ਹੈ ਮਾਮਲਾ
ਨਜ਼ਦੀਕੀ ਪਿੰਡ ਤਿੱਬੜ ਤੋਂ ਬੀਤੇ ਦਿਨ ਇਕ ਲੜਕਾ ਬੱਬੂ ਪੁੱਤਰ ਸ਼ਿਵ ਕੁਮਾਰ ਪਿੰਡ ਦੀ ਹੀ ਇਕ ਲੜਕੀ ਜੋ 12ਵੀਂ ਕਲਾਸ ਦੀ ਵਿਦਿਆਰਥਣ ਹੈ, ਨੂੰ ਭਜਾ ਕੇ ਲੈ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਦੋਵੇਂ ਬਾਲਗ ਹਨ ਅਤੇ ਦੋਵਾਂ ਵਿਚ ਪ੍ਰੇਮ ਸਬੰਧ ਸੀ। ਲੜਕੀ 12ਵੀਂ ਵਿਚ ਪੜ੍ਹਦੀ ਹੈ ਜਦਕਿ ਲੜਕਾ ਫੇਰੀ ਲਾਉਂਦਾ ਹੈ। ਲੜਕੀ ਪੱਖ ਨੇ ਇਸ ਸਬੰਧੀ ਸ਼ਿਕਾਇਤ ਤਿੱਬੜ ਪੁਲਸ ਨੂੰ ਦੇ ਦਿੱਤੀ ਸੀ ਪਰ ਦੋਵਾਂ ਦਾ ਕੁਝ ਪਤਾ ਨਹੀਂ ਚਲ ਰਿਹਾ ਹੈ।

ਕੀ ਕਹਿਣਾ ਹੈ ਪ੍ਰੇਮੀ ਦੀ ਮਾਂ ਦਾ
ਸਿਵਲ ਹਸਪਤਾਲ ਵਿਚ ਦਾਖਲ ਪ੍ਰੇਮੀ ਬੱਬੂ ਦੀ ਮਾਂ ਕਾਂਤਾ ਰਾਣੀ ਨੇ ਦੱਸਿਆ ਕਿ ਇਹ ਠੀਕ ਹੈ ਕਿ ਸਾਡਾ ਲੜਕਾ ਬੱਬੂ ਪਿੰਡ ਦੀ ਹੀ ਲੜਕੀ ਨੂੰ ਭਜਾ ਕੇ ਲੈ ਗਿਆ ਹੈ ਅਤੇ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਲੜਕੀ ਪੱਖ ਨੇ ਇਸ ਸਬੰਧੀ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਪੱਤਰ ਦਿੱਤਾ ਸੀ ਅਤੇ ਸਾਨੂੰ ਪੁਲਸ ਨੇ 11 ਵਜੇ ਪੁਲਸ ਸਟੇਸ਼ਨ ਬੁਲਾਇਆ ਸੀ ਪਰ ਸਵੇਰੇ ਲਗਭਗ 9 ਵਜੇ ਜਦ ਮੈਂ ਬਾਜ਼ਾਰ ਵਿਚ ਸੀ ਤਾਂ ਲੜਕੀ ਪੱਖ ਦੇ ਲੋਕਾਂ ਨੇ ਮੇਰੇ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਜ਼ਖਮੀ ਕਰ ਦਿੱਤਾ। ਮੇਰੇ ਪਰਿਵਾਰ ਦੇ ਲੋਕਾਂ ਨੇ ਮੈਨੂੰ ਹਸਪਤਾਲ ਦਾਖਲ ਕਰਵਾਇਆ।

ਕੀ ਕਹਿਣਾ ਹੈ ਤਿੱਬੜ ਪੁਲਸ ਸਟੇਸ਼ਨ ਇੰਚਾਰਜ ਦਾ
ਇਸ ਸਬੰਧੀ ਤਿੱਬੜ ਪੁਲਸ ਸਟੇਸ਼ਨ ਇੰਚਾਰਜ ਜਬਰਜੀਤ ਸਿੰਘ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਬੱਬੂ ਪਿੰਡ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਸੀ ਅਤੇ ਅਸੀਂ ਦੋਵਾਂ ਪੱਖਾਂ ਨੂੰ ਪੁਲਸ ਸਟੇਸ਼ਨ ਵੀ ਬੁਲਾਇਆ ਸੀ ਪਰ ਉਸ ਤੋਂ ਪਹਿਲਾਂ ਹੀ ਦੋਵਾਂ ਪੱਖਾਂ ਵਿਚ ਝਗੜਾ ਹੋ ਗਿਆ। ਦੋਵਾਂ ਪੱਖਾਂ ਨੂੰ ਫਿਰ ਬੁਲਾਇਆ ਗਿਆ ਹੈ ਅਤੇ ਦੋਵਾਂ ਪੱਖਾਂ ਦੀ ਗੱਲ ਸੁਣੀ ਜਾਵੇਗੀ। ਜਦ ਇਨ੍ਹਾਂ ਵਿਚ ਆਪਸੀ ਸਮਝੌਤਾ ਹੋ ਜਾਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News