ਪੁੱਤ ਹੋਏ ਕਪੁੱਤ! ਪਿਓ ਦਾ ਸਿਵਾ ਠੰਡਾ ਵੀ ਨਹੀਂ ਹੋਇਆ ਕਿ ਜ਼ਾਲਮਾਂ ਨੇ ਪਤਨੀਆਂ ਨਾਲ ਮਿਲ ਵਿਧਵਾ ਮਾਂ ਦੀ ਕੀਤੀ ਕੁੱਟਮਾਰ

Saturday, Apr 06, 2024 - 06:09 AM (IST)

ਮੁੱਲਾਂਪੁਰ ਦਾਖਾ (ਕਾਲੀਆ)– ਆਪਣੇ ਪਿਤਾ ਦੀ ਮੌਤ ਦਾ ਸਿਵਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਪਿੰਡ ਢੱਟ ਵਿਖੇ ਕਲਯੁੱਗੀ ਪੁੱਤਰਾਂ ਨੇ ਆਪਣੀ ਵਿਧਵਾ ਮਾਂ, ਜੋ ਕਿ ਹਾਰਟ ਦੀ ਮਰੀਜ਼ ਹੈ, ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਭੈਣ, ਜਵਾਈ ਤੇ ਮਾਮੀ ਆਦਿ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਿਆ, ਜਿਨ੍ਹਾਂ ਨੂੰ ਸਰਕਾਰੀ ਪ੍ਰੇਮਜੀਤ ਹਸਪਤਾਲ ਸੁਧਾਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਪੀੜਤ ਮਾਂ ਨੇ ਦੱਸਿਆ ਕਿ ਉਸ ਦੇ 3 ਪੁੱਤਰ ਤੇ ਨੂੰਹਾਂ ਹਨ। ਇਕ ਪੁੱਤਰ ਸਤਨਾਮ ਸਿੰਘ ਵਿਦੇਸ਼ ਗਿਆ ਹੋਇਆ ਹੈ ਤੇ ਉਸ ਦੀ ਪਤਨੀ ਸਰਬਜੀਤ ਕੌਰ ਤੇ ਸੁਰਿੰਦਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਤੇ ਹਰਵਿੰਦਰ ਸਿੰਘ ਦੀ ਪਤਨੀ ਜਸਪ੍ਰੀਤ ਕੌਰ (ਪੁੱਤਰ-ਨੂੰਹਾਂ), ਜਿਨ੍ਹਾਂ ਨੂੰ ਮੇਰੇ ਪਤੀ ਜਸਮੇਲ ਸਿੰਘ ਨੇ ਘਰੋਂ ਬੇਦਖ਼ਲ ਕੀਤਾ ਹੋਇਆ ਹੈ, ਉਹ ਵੱਖਰੇ ਘਰਾਂ ’ਚ ਰਹਿੰਦੇ ਹਨ। ਮੇਰੇ ਪਤੀ ਜਸਮੇਲ ਸਿੰਘ ਦੀ 26 ਮਾਰਚ ਨੂੰ ਮੌਤ ਹੋ ਗਈ ਸੀ ਤੇ ਮੈਂ ਤੇ ਮੇਰੀ ਧੀ ਕਿਰਨਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਰੌਂਤਾ (ਮੋਗਾ) ਤੇ ਮੇਰੀ ਭਰਜਾਈ ਰੂਪਾ ਵਾਸੀ ਹਲਵਾਰਾ, ਅਸੀਂ ਇਕੱਠੇ ਮੇਰੇ ਪਤੀ ਦੇ ਫੁੱਲ ਕੀਰਤਪੁਰ ਸਾਹਿਬ ਪਾ ਕੇ 5 ਅਪ੍ਰੈਲ ਨੂੰ ਕਰੀਬ ਢਾਈ-ਤਿੰਨ ਵਜੇ ਸ਼ਾਮੀ ਘਰ ਆਏ ਤਾਂ ਮੇਰੀਆਂ ਨੂੰਹਾਂ ਤੇ ਪੁੱਤਰਾਂ ਨੇ ਘਰ ਦੀ ਅੰਦਰਲੀ ਕੰਧ ਢਾਹ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਬੈਂਗਲੁਰੂ 'ਚ ਭਿਆਨਕ ਅੱਗ ਲੱਗਣ ਕਾਰਨ ਹੋਇਆ ਵੱਡਾ ਨੁਕਸਾਨ, 25 ਵਾਹਨ ਸੜ ਕੇ ਹੋਏ ਸੁਆਹ

ਜਦੋਂ ਅਸੀਂ ਘਰ ਅੰਦਰ ਦਾਖ਼ਲ ਹੋਣ ਲੱਗੇ ਤਾਂ ਇਨ੍ਹਾਂ ਸਾਰਿਆਂ ਨੇ ਹਮ-ਮਸ਼ਵਰਾ ਹੋ ਕੇ ਮੇਰੇ ਘਰ ਦੇ ਅੰਦਰ ਹੀ ਮੇਰੀ ਤੇ ਧੀ-ਜਵਾਈ ਤੇ ਭਰਜਾਈ ਦੀ ਸੋਟੀਆਂ, ਘਸੁੰਨ, ਮੁੱਕੀਆਂ ਆਦਿ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਤੈਨੂੰ ਹੁਣ ਇਥੇ ਘਰ ’ਚ ਰਹਿਣ ਨਹੀਂ ਦੇਣਾ ਤੇ ਨਾ ਹੀ ਕਿਸੇ ਰਿਸ਼ਤੇਦਾਰ ਨੂੰ ਤੇਰੇ ਘਰ ਆਉਣ ਦੇਣਾ ਹੈ।

ਕੁੱਟਮਾਰ ਦੌਰਾਨ ਇਨ੍ਹਾਂ ਨੇ ਮੇਰੀ ਭਰਜਾਈ ਤੇ ਮੇਰੇ ਜਵਾਈ ਨੂੰ ਵੀ ਨਹੀਂ ਬਖਸ਼ਿਆ, ਉਨ੍ਹਾਂ ਦੀ ਵੀ ਕੁੱਟਮਾਰ ਕੀਤੀ, ਸਾਡੀ ਕੁੱਟਮਾਰ ਕਰਦਿਆਂ ਸਾਨੂੰ ਬਹੁਤ ਗੰਦੀਆਂ ਗਾਲ੍ਹਾਂ ਵੀ ਕੱਢੀਆਂ। ਸਾਡੀ ਕੁੱਟਮਾਰ ਦੌਰਾਨ ਚੀਕ-ਚਿਹਾੜਾ ਸੁਣ ਕੇ ਲੋਕ ਇਕੱਠੇ ਹੋਣ ਲੱਗੇ ਤਾਂ ਇਹ ਘਰੋਂ ਭੱਜ ਗਏ। ਸਾਡੀ ਕੁੱਟਮਾਰ ਦੀ ਰਿਕਾਰਡਿੰਗ ਸਾਡੇ ਘਰ ਦੇ ਕੈਮਰਿਆਂ ’ਚ ਵੀ ਰਿਕਾਰਡ ਹੈ। ਸਾਨੂੰ ਡਰ ਵੀ ਹੈ ਕਿ ਮੇਰੇ ਪੁੱਤਰ ਤੇ ਨੂੰਹਾਂ ਮੈਨੂੰ ਜਾਨੋਂ ਨਾ ਮਾਰ ਦੇਣਗੇ, ਹਾਲਾਂਕਿ ਕੁਝ ਦਿਨ ਪਹਿਲਾਂ ਹੀ ਸਾਡਾ ਥਾਣਾ ਦਾਖਾ ਵਿਖੇ ਰਾਜ਼ੀਨਾਮਾ ਹੋਇਆ ਸੀ।

ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੇਰੀ ਜਾਨ ਤੇ ਮਾਲ ਦੀ ਰਾਖੀ ਕੀਤੀ ਜਾਵੇ ਤੇ ਮੈਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇ। ਇਸ ਸਬੰਧੀ ਸੂਚਨਾ ਥਾਣਾ ਦਾਖਾ ਨੂੰ ਦੇ ਦਿੱਤੀ ਗਈ ਹੈ ਤੇ ਇਸ ਮਾਮਲੇ ਦੀ ਤਫਤੀਸ਼ ਏ. ਐੱਸ. ਆਈ. ਪਰਮਜੀਤ ਸਿੰਘ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News