ਚੰਡੀਗੜ੍ਹ 'ਚ ਮੁਫ਼ਤ ਸਹੂਲਤਾਂ ਦੇ ਐਲਾਨ 'ਤੇ ਭੜਕੇ ਰਾਜਪਾਲ, ਬੋਲੇ-ਸਵੀਕਾਰ ਨਹੀਂ ਕਰਾਂਗਾ

03/13/2024 12:41:06 PM

ਚੰਡੀਗੜ੍ਹ (ਰਾਏ) : ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਆਮ ਆਦਮੀ ਪਾਰਟੀ ਤੇ ਕਾਂਗਰਸ ਗਠਜੋੜ ਵਲੋਂ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਮਤਾ ਪਾਸ ਕਰਨ ਤੋਂ ਕਾਫ਼ੀ ਨਾਰਾਜ਼ ਨਜ਼ਰ ਆਏ। ਪੰਜਾਬ ਰਾਜ ਭਵਨ ’ਚ ਕਰਵਾਏ ਗਏ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੂੰ ਕਿਹਾ ਕਿ ਤੁਹਾਨੂੰ ਕੌਂਸਲਰਾਂ ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਪਾਣੀ ਕਿੱਥੋਂ ਮਿਲੇਗਾ, ਪੈਸੇ ਕਿੱਥੋਂ ਆਉਣਗੇ। ਚੰਡੀਗੜ੍ਹ ਨੇ 15 ਸਾਲਾਂ ਲਈ 24 ਘੰਟੇ ਪਾਣੀ ਦੇ ਪ੍ਰਾਜੈਕਟ ਲਈ ਸਮਝੌਤਾ ਕੀਤਾ ਹੈ, ਇਸ ਦਾ ਕੀ ਹੋਵੇਗਾ? ਜੇ ਉਹ ਲੋਕ ਹਾਈਕੋਰਟ ਜਾਂ ਸੁਪਰੀਮ ਕੋਰਟ ਜਾਣਗੇ ਤਾਂ ਉੱਥੇ ਕੌਣ ਜਵਾਬ ਦੇਵੇਗਾ?

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ, 14 ਮਾਰਚ ਨੂੰ ਪਾਰਟੀ 'ਚ ਹੋ ਸਕਦੇ ਨੇ ਸ਼ਾਮਲ
ਕਿਸੇ ਵੀ ਪਾਰਟੀ ਨਾਲ ਲੈਣਾ-ਦੇਣਾ ਨਹੀਂ ਪਰ ਵਾਅਦਾ ਉਹੀ ਕਰੋ ਜੋ ਪੂਰਾ ਹੋਵੇ
ਪ੍ਰਸ਼ਾਸਕ ਨੇ ਦੱਸਿਆ ਕਿ ਇਕ ਧਿਰ ਨੇ 20 ਹਜ਼ਾਰ ਲੀਟਰ ਪਾਣੀ ਮੁਫ਼ਤ ਦੇਣ ਦਾ ਵਾਅਦਾ ਕੀਤਾ ਅਤੇ ਦੂਜੀ ਨੇ 40 ਹਜ਼ਾਰ ਲੀਟਰ ਪਾਣੀ। ਪ੍ਰਸ਼ਾਸਕ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਪਾਰਟੀਆਂ ਨੂੰ ਜਨਤਾ ਨਾਲ ਉਹ ਵਾਅਦੇ ਕਰਨੇ ਚਾਹੀਦੇ ਹਨ ਜੋ ਪੂਰੇ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖ਼ਬਰ, ਘਰੋਂ ਨਿਕਲਣ ਦਾ Plan ਹੈ ਤਾਂ ਜ਼ਰਾ ਸੋਚ-ਸਮਝ ਲਓ
10 ਕੰਮ ਚੰਗੇ ਕਰਦੇ ਹੋ, ਇਕ ਮਾੜਾ
ਇਸ ਤੋਂ ਪਹਿਲਾਂ ਆਪਣੇ ਸੰਬੋਧਨ ’ਚ ਪ੍ਰਸ਼ਾਸਕ ਨੇ ਨਿਗਮ ਵਲੋਂ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਲਈ ਕਮਿਸ਼ਨਰ ਅਨਿੰਦਿਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਧੀਆ ਹੈ, ਸਫ਼ਾਈ ਦੇ ਬਹੁਤ ਵਧੀਆ ਕੰਮ ਕਰ ਰਹੇ ਹੋ, ਫੰਡਾਂ ਦੀ ਕੋਈ ਕਮੀ ਨਹੀਂ ਹੈ। ਤੁਸੀਂ 10 ਕੰਮ ਚੰਗੇ ਕਰਦੇ ਹੋ ਪਰ ਤੁਸੀਂ ਇਕ ਕੰਮ ਏਦਾਂ ਕਰ ਦਿੰਦੇ ਹੋ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਕੋ ਇੱਕ ਇੱਛਾ ਹੈ ਕਿ ਚੰਗੇ ਕੰਮ ਕਰ ਕੇ ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇ, ਜਿਸ ਲਈ ਉਨ੍ਹਾਂ ਦਾ ਪੂਰਾ ਸਹਿਯੋਗ ਰਹੇਗਾ। ਚੰਡੀਗੜ੍ਹ ਨੂੰ ਸਮਾਰਟ ਸਿਟੀ ਬਣਾਓ, ਸਾਫ਼-ਸੁਥਰਾ ਬਣਾਓ ਤਾਂ ਜੋ ਲੋਕਾਂ ਦੀ ਸਿਹਤ ਵੀ ਠੀਕ ਰਹੇ।
ਕਹਾਣੀ ਸੁਣਾ ਕੇ ਅਚਾਨਕ ਬਦਲਿਆ ਰੁਖ਼
ਪ੍ਰਸ਼ਾਸਕ ਨੇ ਮੁਫ਼ਤ ਪਾਣੀ ਦੇ ਮੁੱਦੇ ਦਾ ਜ਼ਿਕਰ ਕਰਨ ਤੋਂ ਪਹਿਲਾਂ ਇਕ ਕਹਾਣੀ ਵੀ ਸੁਣਾਈ। ਉਨ੍ਹਾਂ ਕਿਹਾ ਕਿ ਦੋ ਸ਼ੇਖ਼ ਚਿੱਲੀ ਹੁੰਦੇ ਹਨ, ਇੱਕ ਕਹਿੰਦਾ ਹੈ ਕਿ ਉਹ ਤੁਹਾਨੂੰ ਪਲੇਟ ਵਿਚ ਬਹੁਤ ਵਧੀਆ ਖਾਣਾ ਖੁਆ ਸਕਦਾ ਹੈ। ਖਾਣੇ ਵਿਚ ਰੋਟੀ, ਸਬਜ਼ੀ ਅਤੇ ਲੱਡੂ ਦੇਵੇਗਾ। ਫਿਰ ਦੂਜੇ ਨੇ ਪਹਿਲੇ ਨਾਲੋਂ ਵੱਧ ਭੋਜਨ ਦੀਆਂ ਚੀਜ਼ਾਂ ਗਿਣਵਾ ਦਿੱਤੀਆਂ। ਉਸ ਨੇ ਕਿਹਾ ਕਿ ਉਹ ਰੋਟੀਆਂ ਅਤੇ ਸਬਜ਼ੀਆਂ ਦੇ ਨਾਲ-ਨਾਲ ਥਾਲੀ ਵਿਚ ਲੱਡੂ, ਜਲੇਬੀ ਅਤੇ ਪੇੜੇ ਵੀ ਦੇਵੇਗਾ। ਸੁਣਨ ਵਾਲਾ ਸੋਚਣ ਲੱਗਾ ਕਿ ਇਹ ਦੋਵੇਂ ਤਾਂ ਬਹੁਤ ਕੁੱਝ ਕਹਿ ਰਹੇ ਹਨ ਪਰ ਕਿੱਥੋਂ ਲਿਆਉਣਗੇ। ਇਸ ਕਹਾਣੀ ਤੋਂ ਬਾਅਦ ਪ੍ਰਸ਼ਾਸਕ ਨੇ ਅਚਾਨਕ ਆਪਣਾ ਰੁਖ਼ ਬਦਲ ਲਿਆ ਅਤੇ ਗੁੱਸੇ ਨਾਲ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਮੁਫ਼ਤ ਪਾਣੀ ਕਿੱਥੋਂ ਮਿਲੇਗਾ, ਪੈਸੇ ਕਿੱਥੋਂ ਆਉਣਗੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਪ੍ਰਚਾਰ ਨੂੰ ਨਫ਼ਰਤ ਕਰਦੇ ਹਨ।
ਸਫ਼ਾਈ ਬਾਰੇ ਕਿਤਾਬ ‘ਸਮਾਰਟ ਸਿਟੀਜ਼ਨ ਹੈਪੀ ਸਿਟੀਜ਼ਨ’ ਲਾਂਚ
ਸਿਟੀ ਬਿਊਟੀਫੁੱਲ ’ਚ ਨਾਗਰਿਕ ਸ਼ਾਸਤਰ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਮਾਰਟ ਸਿਟੀ ਚੰਡੀਗੜ੍ਹ ਨੇ ਸਫ਼ਾਈ ’ਤੇ ਕਿਤਾਬ ‘ਸਮਾਰਟ ਸਿਟੀਜ਼ਨ ਹੈਪੀ ਸਿਟੀਜ਼ਨ’ ਲਾਂਚ ਕਰ ਕੇ ਮਹੱਤਵਪੂਰਨ ਕਦਮ ਚੁੱਕਿਆ ਹੈ। ਸਮਾਰਟ ਸਿਟੀ ਚੰਡੀਗੜ੍ਹ ਅਤੇ ਇੱਕ ਮੈਗਜ਼ੀਨ ਨੇ ਇੱਕ ਕਲੈਕਟਰ ਐਡੀਸ਼ਨ ਤਿਆਰ ਕੀਤਾ ਹੈ, ਜੋ ਦੇਸ਼ ’ਚ ਪਹਿਲੀ ਵਾਰ ਸਕੂਲੀ ਪਾਠਕ੍ਰਮ ’ਚ ਪੇਸ਼ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News