ਸਰਕਾਰੀ ਸਕੂਲ 'ਚ ਫਿਰ ਚੱਕਰ ਖਾ ਕੇ ਡਿੱਗੀਆਂ ਕੁੜੀਆਂ, ਮੌਕੇ 'ਤੇ ਪੈ ਗਿਆ ਭੜਥੂ (ਤਸਵੀਰਾਂ)
Friday, May 12, 2023 - 01:05 PM (IST)
ਮਾਛੀਵਾੜਾ ਸਾਹਿਬ (ਟੱਕਰ, ਗਰਗ) : ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਬੀਤੇ ਦਿਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਟੈਟਨੈੱਸ ਦਾ ਟੀਕਾਕਰਨ ਕੀਤਾ ਜਾ ਰਿਹਾ ਸੀ ਤਾਂ 12 ਵਿਦਿਆਰਥਣਾਂ ਦੀ ਹਾਲਤ ਵਿਗੜ ਗਈ ਸੀ। ਇਸੇ ਤਰ੍ਹਾਂ ਅੱਜ 10 ਹੋਰ ਵਿਦਿਆਰਥਣਾਂ ਦੀ ਹਾਲਤ ਵਿਗੜਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਵਿਦਿਆਰਥਣਾਂ ਸਕੂਲ ਆਈਆਂ, ਜਿਨ੍ਹਾਂ ਦੇ ਬੀਤੇ ਦਿਨ ਟੀਕਾ ਲੱਗਿਆ ਸੀ, ਉਨ੍ਹਾਂ ’ਚੋਂ 10 ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ। ਉਨ੍ਹਾਂ ਨੂੰ ਚੱਕਰ ਤੇ ਘਬਰਾਹਟ ਹੋਣ ਲੱਗ ਪਈ। ਸਕੂਲ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਇਲਾਜ ਅਧੀਨ ਵਿਦਿਆਰਥਣਾਂ 'ਚੋਂ 4 ਵਿਦਿਆਰਥਣਾਂ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਰੈਫ਼ਰ ਕੀਤਾ ਗਿਆ ਅਤੇ ਸਰਕਾਰੀ ਐਬੂਲੈਂਸ ਰਾਹੀ ਮਾਪਿਆਂ ਅਤੇ ਸਕੂਲ ਅਧਿਆਪਕਾਂ ਦੀ ਦੇਖ-ਰੇਖ ਹੇਠ ਰਾਹੀ ਇਨ੍ਹਾਂ ਨੂੰ ਇਲਾਜ ਲਈ ਇੱਥੇ ਲਿਆਂਦਾ ਗਿਆ ਹੈ।
ਸਿਵਲ ਹਸਪਤਾਲ ਸਮਰਾਲਾ ਵਿਖੇ ਇਨ੍ਹਾਂ ਵਿਦਿਆਰਥਣਾਂ ਦੇ ਇਲਾਜ ਵਿਚ ਜੁੱਟੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਖੂਨ ਦੇ ਨਮੂਨੇ ਲਏ ਗਏ ਹਨ ਅਤੇ ਹੋਰ ਵੀ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮਾਛੀਵਾੜਾ ਤੋਂ ਦੇਰ ਰਾਤ 4 ਹੋਰ ਵਿਦਿਆਰਥਣਾਂ ਨੂੰ ਸਿਹਤ ਵਿਚ ਸੁਧਾਰ ਨਾ ਹੋਣ ’ਤੇ ਸਮਰਾਲਾ ਸਿਵਲ ਹਸਪਤਾਲ ਭੇਜਿਆ ਗਿਆ ਸੀ ਅਤੇ ਇਨ੍ਹਾਂ ਵਿਦਿਆਰਥਣਾਂ ਦਾ ਵੀ ਇੱਥੇ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੱਲ 150 ਦੇ ਕਰੀਬ ਵਿਦਿਅਰਥਣਾਂ ਦਾ ਟੀਕਾਕਰਨ ਕੀਤਾ ਗਿਆ ਸੀ। ਜਿਹੜੀਆਂ 12 ਵਿਦਿਆਰਥਣਾਂ ਬੀਤੇ ਦਿਨ ਬੀਮਾਰ ਹੋਈਆਂ ਸਨ, ਉਨ੍ਹਾਂ ’ਚੋਂ ਕੁੱਝ ਦੀ ਹਾਲਤ ਨੂੰ ਠੀਕ ਦੇਖਦਿਆਂ ਛੁੱਟੀ ਦੇ ਦਿੱਤੀ ਗਈ ਸੀ।
ਅੱਜ ਜਿਹੜੀਆਂ ਵਿਦਿਆਰਥਣਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਉਨ੍ਹਾਂ ’ਚ ਤਨਿਸ਼ਾ ਮਾਛੀਵਾੜਾ, ਜਸਪ੍ਰੀਤ ਕੌਰ ਸ਼ੇਰੀਆਂ, ਅੰਜਲੀ, ਹਰਮਨ ਕੌਰ ਸਤਿਆਣਾ, ਜਸ਼ਨ ਕੌਰ ਪਵਾਤ, ਮਨਪ੍ਰੀਤ ਕੌਰ ਇੰਦਰਾ ਕਾਲੋਨੀ, ਮੀਨੂੰ ਘੁਮਾਣਾ, ਮੁਸਕਾਨ ਮਾਛੀਵਾੜਾ, ਰੇਸ਼ਮਾ ਗੜ੍ਹੀ ਬੇਟ ਅਤੇ ਜੋਤੀ ਨੂਰਪੁਰ ਸ਼ਾਮਲ ਹਨ। ਇਸ ਤੋਂ ਇਲਾਵਾ 4 ਵਿਦਿਆਰਥਣਾਂ ਪਰਵਿੰਦਰ ਕੌਰ ਇੰਦਰਾ ਕਾਲੋਨੀ, ਅਨਮੋਲ, ਪਰਵਿੰਦਰ ਕੌਰ ਨੂੰ ਡਾਕਟਰ ਵਲੋਂ ਨਾਜ਼ੁਕ ਹਾਲਤ ਦੇਖਦਿਆਂ ਸਮਰਾਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਸਰਕਾਰੀ ਕੰਨਿਆ ਸਕੂਲ ਵਿਚ ਟੀਕਾਕਰਨ ਤੋਂ ਬਾਅਦ ਵਿਦਿਆਰਥਣਾਂ ਦੀ ਵਿਗੜੀ ਹਾਲਤ ਕਾਰਨ ਬਾਕੀ ਕੁੜੀਆਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਮਾਪੇ ਵੀ ਪਰੇਸ਼ਾਨ ਹਨ।
ਵਿਧਾਇਕ ਬੀਮਾਰ ਵਿਦਿਆਰਥਣਾਂ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ
ਟੈਟਨੈੱਸ ਵੈਕਸ਼ੀਨੇਸ਼ਨ ਦੇ ਟੀਕੇ ਤੋਂ ਬਾਅਦ ਬੀਮਾਰ ਹੋਈਆਂ ਸਕੂਲੀ ਵਿਦਿਆਰਥਣਾਂ ਦਾ ਹਾਲ ਜਾਨਣ ਲਈ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਹਸਪਤਾਲ ਪੁੱਜੇ। ਉਨ੍ਹਾਂ ਵਿਦਿਆਰਥਣਾਂ ਦਾ ਇਲਾਜ ਕਰ ਰਹੇ ਡਾ. ਮਨਿੰਦਰਜੀਤ ਸਿੰਘ ਤੋਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਇਲਾਜ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਇਲਾਜ ਅਧੀਨ 12 ਵਿਦਿਆਰਥਣਾਂ ’ਚੋਂ 2 ਵਿਦਿਆਰਥਣਾਂ ਨੂੰ ਸਮਰਾਲਾ ਸਿਵਲ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਹੈ, ਜਦਕਿ ਬਾਕੀ ਦਾ ਇਲਾਜ ਮਾਛੀਵਾੜਾ ਹਸਪਤਾਲ ’ਚ ਚੱਲ ਰਿਹਾ ਹੈ। ਵਿਧਾਇਕ ਨੇ ਵਿਦਿਆਰਥਣਾਂ ਦਾ ਹਾਲ ਪੁੱਛਦਿਆਂ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ।
ਇਸ ਮੌਕੇ ਡਿਊਟੀ ਕਰ ਰਹੇ ਡਾ. ਮਨਿੰਦਰਜੀਤ ਸਿੰਘ ਨੇ ਵਿਧਾਇਕ ਦੇ ਧਿਆਨ 'ਚ ਲਿਆਂਦਾ ਕਿ ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਬਹੁਤ ਕਮੀ ਹੈ ਕਿਉਂਕਿ ਇੱਥੇ ਤਾਇਨਾਤ ਐੱਸ. ਐੱਮ. ਓ. ਦੇ ਤਬਾਦਲੇ ਤੋਂ ਬਾਅਦ ਉਸਦੀ ਪੋਸਟ ਵੀ ਖ਼ਾਲੀ ਹੈ। ਸਰਕਾਰੀ ਹਸਪਤਾਲ 'ਚ 7 ਡਾਕਟਰਾਂ ਦੀਆਂ ਪੋਸਟਾਂ ਹਨ, ਜਦਕਿ ਇਸ ਵੇਲੇ ਡਿਊਟੀ ਲਈ ਸਿਰਫ 3 ਡਾਕਟਰ ਮੌਜੂਦ ਹਨ। ਇਨ੍ਹਾਂ ’ਚੋਂ ਸਿਰਫ 2 ਤਾਂ ਸਵੇਰੇ 9 ਵਜੇ ਤੋਂ 2 ਵਜੇ ਤੱਕ ਓ. ਪੀ. ਡੀ. 'ਚ ਮਰੀਜ਼ਾਂ ਦੀ ਜਾਂਚ ਕਰਦੇ ਹਨ। ਦੁਪਹਿਰ 3 ਵਜੇ ਤੋਂ ਬਾਅਦ ਦੂਸਰੇ ਦਿਨ ਸਵੇਰੇ 9 ਵਜੇ ਤੱਕ ਐਮਰਜੈਂਸੀ ਡਾਕਟਰਾਂ ਦੀ ਬਹੁਤ ਘਾਟ ਹੈ, ਜਿਸ ’ਤੇ ਵਿਧਾਇਕ ਦਿਆਲਪੁਰਾ ਨੇ ਭਰੋਸਾ ਦੁਆਇਆ ਕਿ ਉਹ ਸਿਹਤ ਮੰਤਰੀ ਨੂੰ ਮਿਲ ਕੇ ਮਾਛੀਵਾੜਾ ’ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ