ਸਰਕਾਰੀ ਸਕੂਲ ''ਚ ''ਛੱਪੜ''!

Tuesday, Jun 20, 2017 - 04:26 AM (IST)

ਖਰੜ,   (ਸ਼ਸ਼ੀ, ਰਣਬੀਰ, ਅਮਰਦੀਪ)-  ਸਰਕਾਰੀ ਐਲੀਮੈਂਟਰੀ ਸਕੂਲ ਝੂੰਗੀਆਂ ਵਿਖੇ ਅੱਜ ਪਏ ਭਾਰੀ ਮੀਂਹ ਕਾਰਨ ਪਾਣੀ ਦਾਖਲ ਹੋ ਗਿਆ ਅਤੇ ਸਕੂਲ ਦੀ ਬਿਲਡਿੰਗ ਇਕ ਛੱਪੜ ਦਾ ਨਜ਼ਾਰਾ ਪੇਸ਼ ਕਰਨ ਲੱਗ ਪਈ।  ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਕੂਲਾਂ 'ਚ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਹਨ ਪਰ ਅੱਜ ਦੇ ਮੀਂਹ ਦਾ ਪਾਣੀ ਸਕੂਲ ਦੇ ਗਰਾਊਂਡ ਅਤੇ ਇੱਥੋਂ ਤੱਕ ਕਿ ਕਮਰਿਆਂ 'ਚ ਵੀ ਦਾਖਲ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਵਿਚ ਗਰੀਬ ਲੋਕਾਂ ਦੇ 86 ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਹਨ। ਇਸ ਸਕੂਲ ਦੀ ਬਿਲਡਿੰਗ ਪਹਿਲਾਂ ਹੀ ਅਸੁਰੱਖਿਅਤ ਐਲਾਨੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵੀ ਇਹੀ ਹਾਲ ਸੀ ਤੇ ਹੁਣ ਕਾਂਗਰਸ ਸਰਕਾਰ ਦੇ ਸਮੇਂ ਵੀ ਇਹੀ ਹਾਲ ਹੈ। ਉਨ੍ਹਾਂ ਕਿਹਾ ਕਿ ਪਿੱਛਲੀਆਂ ਵਿਧਾਨ ਸਭਾ ਚੋਣਾਂ 'ਚ ਇਸ ਸਕੂਲ ਨੂੰ ਪੋਲਿੰਗ ਬੂਥ ਬਣਾ ਦਿੱਤਾ ਸੀ ਅਤੇ ਉਸ ਤੋਂ 2 ਦਿਨ ਪਹਿਲਾਂ ਜੋ ਭਾਰੀ ਮੀਂਹ ਪੈ ਗਿਆ ਸੀ ਤਾਂ ਆਰਜ਼ੀ ਤੌਰ 'ਤੇ ਇੱਥੇ ਲੰਘਣ ਲਈ ਪ੍ਰਬੰਧ ਕੀਤੇ ਗਏ ਸਨ ਪਰ ਉਸ ਉਪਰੰਤ ਕੋਈ ਕਾਰਵਾਈ ਨਹੀਂ ਹੋਈ। 
ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਇਸ ਵੱਲ ਧਿਆਨ ਦੇਵੇ। ਇਸੇ ਦੌਰਾਨ ਖਰੜ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਨੇ ਪੁੱਛਣ 'ਤੇ ਦੱਸਿਆ ਕਿ ਇਸ ਸਕੂਲ ਦੀ ਮੁਰੰਮਤ ਲਈ ਕੌਂਸਲ ਵੱਲੋਂ ਮਤਾ ਪਾਸ ਕਰ ਕੇ ਸਰਕਾਰ ਨੂੰ ਮਨਜ਼ੂਰੀ ਲਈ ਭੇਜਿਆ ਜਾ ਚੁੱਕਿਆ ਹੈ ਅਤੇ ਇਥੋ ਪ੍ਰਵਾਨਗੀ ਆਉਣ ਉਪਰੰਤ ਉਥੇ ਕੰਮ ਸ਼ੁਰੂ ਕੀਤਾ ਜਾਵੇਗਾ। 


Related News