ਪੰਜਾਬ 'ਚ ਫ਼ਾਇਰਿੰਗ! ਸਕੂਲ ਦੇ ਮਾਲਕ 'ਤੇ ਚੱਲੀ ਗੋਲ਼ੀ
Monday, Sep 30, 2024 - 04:13 PM (IST)
ਸਮਰਾਲਾ (ਬਿਪਨ/ਟੱਕਰ): ਮਾਛੀਵਾੜਾ ਸਾਹਿਬ ਤੋਂ ਇਲਾਵਾ ਸੂਬੇ 'ਚ ਕਈ ਹੋਰ ਸਕੂਲ ਚਲਾ ਰਹੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਟਰੱਸਟੀ ਬਲਦੇਵ ਸਿੰਘ 'ਤੇ ਬਾਅਦ ਦੁਪਹਿਰ ਕਾਤਲਾਨਾ ਹਮਲਾ ਹੋ ਗਿਆ। ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ 'ਚ ਜਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਨਾਮਧਾਰੀ ਅੱਜ ਆਪਣੇ ਮਾਛੀਵਾੜਾ ਸਾਹਿਬ ਨੇੜਲੇ ਸਕੂਲ 'ਚੋਂ ਕਾਰ 'ਚ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਲਈ ਰਵਾਨਾ ਹੋਏ ਸਨ ਕਿ 3 ਕਿਲੋਮੀਟਰ ਦੂਰੀ 'ਤੇ ਹੀ ਸਰਹਿੰਦ ਨਹਿਰ ਦੇ ਗੜ੍ਹੀ ਪੁਲ 'ਤੇ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਉੱਪਰ ਗੋਲੀ ਚਲਾ ਦਿੱਤਾ। ਬਲਦੇਵ ਸਿੰਘ ਨਾਮਧਾਰੀ ਅਨੁਸਾਰ 2 ਕਾਰ ਸਵਾਰ ਜੋ ਕਿ ਆਈ-20 ਕਾਰ 'ਤੇ ਆਏ ਅਤੇ ਉਨ੍ਹਾਂ ਦੇ ਬਰਾਬਰ ਕਾਰ ਲਗਾ ਕੇ ਗੋਲੀ ਚਲਾ ਦਿੱਤੀ। ਇਸ ਹਮਲੇ ਵਿਚ ਉਹ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਸਮਰਾਲਾ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਮੁੱਢਲੀ ਸਹਾਇਤਾ ਉਪਰੰਤ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਸੌਰਵ ਜਿੰਦਲ, ਡੀਐੱਸਪੀ ਤਰਲੋਚਨ ਸਿੰਘ, ਡੀਐੱਸਪੀ (ਡੀ) ਗੁਰਵਿੰਦਰ ਸਿੰਘ ਬਰਾੜ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਜਿਨ੍ਹਾਂ ਵੱਲੋਂ ਸਕੂਲ ਤੋਂ ਲੈ ਕੇ ਘਟਨਾ ਸਥਾਨ ਤੱਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - SHO ਨੇ ਕਰ 'ਤਾ ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਨਾਲ ਰੇਪ! ਆਪ ਹੀ ਬਣਾ ਲਈ ਵੀਡੀਓ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਗਾਰਡਨਵੈਲੀ ਦੇ ਟਰੱਸਟੀ 'ਤੇ ਕਾਤਲਾਨਾ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਇਹ ਵੀ ਸਾਹਮਣੇ ਨਹੀਂ ਆਇਆ ਕਿ ਬਲਦੇਵ ਸਿੰਘ ਨੂੰ ਪਹਿਲਾਂ ਕੋਈ ਧਮਕੀ ਮਿਲੀ ਹੋਵੇ। ਇਸ ਸਬੰਧੀ ਜਖ਼ਮੀ ਹੋਏ ਬਲਦੇਵ ਸਿੰਘ ਨਾਮਧਾਰੀ ਨੇ ਕਿਹਾ ਕਿ ਅਚਨਚੇਤ ਉਨ੍ਹਾਂ ਉੱਪਰ ਹਮਲਾ ਹੋਇਆ ਅਤੇ ਇੱਕ ਆਈ-20 ਕਾਰ ਉਨ੍ਹਾਂ ਦੇ ਬਰਾਬਰ ਆ ਕੇ ਰੁਕੀ ਜਿਸ 'ਚੋਂ ਵਿਅਕਤੀ ਨੇ ਗੋਲੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਦੀ ਮੇਰੇ ਨਾਲ ਰੰਜਿਸ਼ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ! ਪੈ ਗਈਆਂ ਭਾਜੜਾਂ
ਬਲਦੇਵ ਸਿੰਘ ਉੱਪਰ ਜਦੋਂ ਗੋਲੀ ਮਾਰ ਕੇ ਕਾਤਲਾਨਾ ਹਮਲਾ ਕੀਤਾ ਗਿਆ ਤਾਂ ਉਹ ਮੋਬਾਇਲ ਫੋਨ 'ਤੇ ਗੱਲ ਕਰ ਰਹੇ ਸਨ। ਹਮਲਾਵਾਰ ਨੇ ਜਦੋਂ ਬਲਦੇਵ ਸਿੰਘ ਦੇ ਸਿਰ 'ਤੇ ਮਾਰਨ ਲਈ ਗੋਲੀ ਚਲਾਈ ਤਾਂ ਕੰਨ 'ਤੇ ਫੋਨ ਲੱਗਾ ਹੋਣ ਕਾਰਨ ਇਹ ਗੋਲੀ ਮੋਬਾਇਲ 'ਚ ਫਸ ਗਈ ਜਿਸ ਦਾ ਕੁਝ ਭਾਗ ਉਨ੍ਹਾਂ ਦੇ ਸਰੀਰ 'ਤੇ ਜਾ ਵੱਜਾ। ਜੇਕਰ ਮੋਬਾਇਲ ਕੰਨ 'ਤੇ ਨਾ ਲੱਗਾ ਹੁੰਦਾ ਤਾਂ ਇਹ ਗੋਲੀ ਜਾਨਲੇਵਾ ਸਾਬਿਤ ਹੋ ਸਕਦੀ ਸੀ। ਬਲਦੇਵ ਸਿੰਘ ਨਾਮਧਾਰੀ ਇੱਕ ਬਹੁਤ ਹੀ ਮਿਲਣਸਾਰ ਤੇ ਸਾਊ ਸੁਭਾਅ ਦੇ ਮਾਲਕ ਹਨ ਅਤੇ ਉਨ੍ਹਾਂ 'ਤੇ ਕਾਤਲਾਨਾ ਹਮਲਾ ਕਿਉਂ ਹੋਇਆ ਇਹ ਵੱਡਾ ਸਵਾਲ ਬਣਿਆ ਹੈ।
ਸਰਕਾਰੀ ਹਸਪਤਾਲ ਦੇ ਡਾਕਟਰ ਸੰਚਾਰੀਕਾ ਸ਼ਾਹ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਨਿਵਾਸੀ ਚੰਡੀਗੜ੍ਹ ਜ਼ਖਮੀ ਹਾਲਤ 'ਚ ਸਮਰਾਲਾ ਸਿਵਲ ਹਸਪਤਾਲ ਦੇ 'ਚ ਆਏ ਸਨ। ਉਨ੍ਹਾਂ ਦੇ ਗੋਲੀ ਗਰਦਨ 'ਤੇ ਲੱਗੀ ਹੋਈ ਸੀ। ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਦੇ 32 ਸੈਕਟਰ ਦੇ 'ਚ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8