ਸਕੂਲ ਆਫ਼ ਐਮੀਨੈਂਸ ਦੀਆਂ ਸਹੂਲਤਾਂ ਪ੍ਰਾਈਵੇਟ ਸਕੂਲਾਂ ਨੂੰ ਕਰ ਰਹੀਆਂ ਫੇਲ੍ਹ
Sunday, Sep 15, 2024 - 04:30 PM (IST)
ਜਲੰਧਰ- ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ ਅਤੇ ਹਰ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਆਪਣੇ ਸੂਬੇ 'ਚ ਬੱਚਿਆਂ ਨੂੰ ਵਧੀਆ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਵਾਉਣ ਹੈ। ਇਸ ਵਿਚਾਲੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਆਫ਼ ਐਮੀਨੈਂਸ ਸ਼ੁਰੂ ਕੀਤਾ ਗਿਆ ਇਕ ਬਹੁਤ ਵੱਡਾ ਉਪਰਾਲਾ ਹੈ। ਪੰਜਾਬ ਸਰਕਾਰ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਲਿਆਉਣਾ ਹੈ। ਇਹ ਯੋਜਨਾ ਸੂਬੇ ਦੇ 117 ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ, ਅਧਿਆਪਕਾਂ ਦੀ ਟ੍ਰੇਨਿੰਗ ਅਤੇ ਸਕੂਲਾਂ ਦੀਆਂ ਭੌਤਿਕ ਸਹੂਲਤਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਕੂਲਾਂ 'ਚ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਵੀ ਕਾਰਗਰ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਉਹਨਾਂ ਦਾ ਸਮੂਹਿਕ ਵਿਕਾਸ ਹੋਵੇ।
ਪੰਜਾਬ ਸਰਕਾਰ ਦਾ ਵਾਅਦਾ ਹੈ ਕਿ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ ਤਾਂ ਜੋ ਬੱਚੇ ਆਪਣਾ ਸੁਫ਼ਨਾ ਪੂਰਾ ਕਰ ਸਕਣ। ਸਕੂਲ ਆਫ਼ ਐਮੀਨੈਂਸ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹਨ। ਇਸ ਵਿਚ ਵਿਦਿਆਰਥੀਆਂ ਲਈ ਜਿਮ, ਖੇਡ ਦੇ ਮੈਦਾਨ, ਆਧੁਨਿਕ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ ਅਤੇ ਹੋਰ ਵੀ ਕਈ ਸਹੂਲਤਾਂ ਸ਼ਾਮਲ ਹਨ। ਇਸ ਵਿਚਾਲੇ ਲੁਧਿਆਣਾ ਸਕੂਲ ਆਫ਼ ਐਮੀਨੈਂਸ ਦੀ ਵਿਦਿਆਰਥਣ ਅਲਕਾ ਦਾ ਕਹਿਣਾ ਹੈ ਕਿ ਪਹਿਲਾਂ ਜਿਹੜਾ ਸਰਕਾਰੀ ਸਕੂਲ ਦੀ ਉਸ ਦੇ ਕਮਰੇ ਬਹੁਤ ਛੋਟੇ ਸੀ, ਜਿਸ ਕਾਰਨ ਸਾਨੂੰ ਬੈਠਣ 'ਚ ਤੰਗੀ ਆਉਂਦੀ ਅਤੇ ਸਹੀ ਤਰੀਕੇ ਨਾਲ ਪੜ੍ਹਾਈ ਨਹੀਂ ਕਰ ਪਾ ਰਹੇ ਸੀ। ਪਰ ਪੰਜਾਬ ਸਰਕਾਰ ਵੱਲੋਂ ਸਾਨੂੰ ਸਕੂਲ ਆਫ਼ ਐਮੀਨੈਂਸ 'ਚ ਜੋ ਸਾਨੂੰ ਸਹੂਲਤਾਂ ਮਿਲੀਆਂ ਹਨ ਉਸ ਨਾਲ ਅਸੀਂ ਸਾਰੇ ਵਿਦਿਆਰਥੀ ਬਹੁਤ ਖੁਸ਼ ਹਾਂ।
ਇਸ ਤਰ੍ਹਾਂ ਇਕ ਹੋਰ ਵਿਦਿਆਰਥਣ ਦਿਸ਼ਾ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਪ੍ਰਾਈਵੇਟ ਸਕੂਲ ਪੜ੍ਹਦੀ ਸੀ ਪਰ ਘਰ ਦੀ ਵਿੱਤੀ ਹਾਲਾਤ ਕਾਰਨ ਮੈਨੂੰ ਸਰਕਾਰੀ ਸਕੂਲ 'ਚ ਜਾਣਾ ਪਿਆ, ਪਰ ਪੰਜਾਬ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਉਹ ਪ੍ਰਾਈਵੇਟ ਸਕੂਲਾਂ ਨੂੰ ਫੇਲ੍ਹ ਕਰ ਰਹੀਆਂ ਹਨ। ਇਸੇ ਦੌਰਾਨ ਲੁਧਿਆਣਾ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ 'ਚ ਜੇ. ਈ. ਈ ਅਤੇ ਨੀਟ ਦੀਆਂ ਕੋਚਿੰਗ ਦਿੱਤੀ ਜਾ ਰਹੀ ਹੈ, ਜੋ ਬਹੁਤ ਵਧੀਆ ਉਪਰਾਲਾ ਹੈ।