ਜਵਾਨ ਪੁੱਤ ਦੀ ਤਿਰੰਗੇ 'ਚ ਲਪੇਟੀ ਲਾਸ਼ ਵੇਖ ਮਾਂ-ਪਿਓ ਪਾ ਰਹੇ ਕੀਰਨੇ, ਨਵੀਂ ਵਿਆਹੀ ਪਤਨੀ ਮਾਰ ਰਹੀ ਧਾਹਾਂ (ਵੀਡੀਓ)
Thursday, Sep 19, 2024 - 07:14 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ, ਕੁਲਦੀਪ)-ਜੰਮੂ-ਕਸ਼ਮੀਰ ਦੇ ਰਾਜੋਰੀ ਜ਼ਿਲੇ ’ਚ ਸ਼ਹੀਦ ਹੋਏ ਬਲਾਕ ਨੂਰਪੁਰਬੇਦੀ ਦੇ ਪਿੰਡ ਝੱਜ ਦੇ ਲਾਂਸ ਨਾਇਕ ਬਲਜੀਤ ਸਿੰਘ ਦਾ ਅੱਜ ਪਿੰਡ ਦੇ ਸਮਸ਼ਾਨਘਾਟ ਵਿਖੇ ਸਰਕਾਰੀ ਅਤੇ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਸ਼ਹੀਦ ਦੀ ਅੰਤਿਮ ਯਾਤਰਾ ’ਚ ਰਾਜਨੀਤਿਕ ਸਖਸ਼ੀਅਤਾਂ ਤੋਂ ਇਲਾਵਾ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਤੇ ਸਿਵਲ ਅਧਿਕਾਰੀਆਂ ਸਹਿਤ ਲੋਕਾਂ ਦਾ ਭਾਰੀ ਜਨ ਸੈਲਾਬ ਉਮੜਿਆ।
ਜ਼ਿਕਰਯੋਗ ਹੈ ਕਿ 29 ਸਾਲਾ ਲਾਂਸ ਨਾਇਕ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਜੋ ਭਾਰਤੀ ਫੋਜ ਦੀ 57 ਇੰਜੀਨੀਅਰ ਰੈਜੀਮੈਂਟ ਦੀ 2 ਪੈਰਾ ਸਪੈਸ਼ਲ ਫੋਰਸ ’ਚ ਤੈਨਾਤ ਸੀ, ਮੰਗਲਵਾਰ ਨੂੰ ਉਸ ਸਮੇਂ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫ਼ੌਜ ਦੀ ਅਰਮਦਾ ਗੱਡੀ ਮਨਜਾਕੋਟੇ ਖੇਤਰ ’ਚ 200 ਫੁੱਟ ਗਹਿਰੀ ਖਾਈ ’ਚ ਡਿੱਗ ਗਈ। ਇਸ ਗੱਡੀ ’ਚ ਸਵਾਰ ਹੋਰ 4 ਸੈਨਿਕ ਗੰਭੀਰ ਜਖਮੀਂ ਹੋ ਗਏ। ਜਦਕਿ ਸੈਨਿਕ ਬਲਜੀਤ ਸਿੰਘ ਦੀ ਇਸ ਹਾਦਸੇ ’ਚ ਸ਼ਹਾਦਤ ਹੋ ਗਈ। ਡਿਊਟੀ ਦੌਰਾਨ ਸੈਨਿਕ ਬਲਜੀਤ ਸਿੰਘ ਪੀ. ਐੱਮ. ਕੇ. ਜੀ. ਗੰਨ ’ਤੇ ਤਾਇਨਾਤ ਸੀ। ਅੱਜ ਸਭ ਤੋਂ ਪਹਿਲਾਂ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਸੈਨਿਕ ਦੀ ਮ੍ਰਿਤਕ ਦੇਹ ਨੂੰ ਤਿਰੰਗੇ ’ਚ ਲਪੇਟ ਕੇ ਉਨ੍ਹਾਂ ਦੇ ਗ੍ਰਹਿ ਪਿੰਡ ਝੱਜ ਵਿਖੇ ਲਿਆਂਦਾ। ਜਿੱਥੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅਧਿਕਾਰੀਆਂ ਤੇ ਲੋਕਾਂ ਨੇ ਸ਼ਹੀਦ ਦੇ ਅੰਤਿਮ ਦਰਸ਼ਨ ਕੀਤੇ। ਇਸਤੋਂ ਉਪਰੰਤ ਸ਼ਹੀਦ ਦੀ ਦੇਹ ਨੂੰ ਸ਼ਮਾਸ਼ਾਨਘਾਟ ਵਿਖੇ ਲਿਆਂਦਾ ਗਿਆ ਜਿੱਥੇ ਚੰਡੀਮੰਦਰ ਤੋਂ ਪਹੁੰਚੀ ਸੈਨਿਕ ਟੁਕਡ਼ੀ ਨੇ ਹਵਾਈ ਫਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ।
ਇਹ ਵੀ ਪੜ੍ਹੋ- ਖ਼ਤਰੇ ਦੀ ਘੰਟੀ, UK ’ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ 'ਤੇ ਛਾਏ ਸੰਕਟ ਦੇ ਬੱਦਲ
ਇਸ ਤੋਂ ਉਪਰੰਤ ਪੰਜਾਬ ਸਰਕਾਰ ਦੀ ਤਰਫੋਂ ਪਹੁੰਚੇ ਐੱਸ. ਡੀ. ਐੱਮ. ਸ਼੍ਰੀ ਅਨੰਦਪੁਰ ਸਾਹਿਬ ਰਾਜਪਾਲ ਸਿੰਘ ਸੇਖੋਂ, ਨਾਇਬ ਤਹਿਸੀਲਦਾਰ ਰੀਤੂ ਕਪੂਰ, ਡੀ .ਐੱਸ. ਪੀ. ਅਜੇ ਸਿੰਘ, ਐੱਸ. ਐੱਚ. ਓ. ਗੁਰਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਸਿਆਸੀ ਅਤੇ ਸਮਾਜਿਕ ਸਖਸ਼ੀਅਤਾਂ ’ਚ ਸ਼ਾਮਲ ਵਿਧਾਇਕ ਚੱਢਾ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ ਚੱਢਾ ਨੇ ਸ਼ਹੀਦ ਨੂੰ ਫੁੱਲਮਾਲਾਵਾਂ ਭੇਂਟ ਕਰਕੇ ਸਰਧਾਂਜ਼ਲੀ ਭੇਟੀ ਕੀਤੀ। ਜਦਕਿ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਅਜੇਵੀਰ ਸਿੰਘ ਲਾਲਪੁਰਾ, ਤਿਲਕ ਰਾਜ ਪੰਮਾ, ਸਵਤੰਤਰ ਸੈਣੀ, ਜੇ. ਪੀ. ਐੱਸ. ਢੇਰ, ਦਿਲਬਾਰਾ ਸਿੰਘ ਬਾਲਾ, ਗੌਰਵ ਰਾਣਾ, ਦੀਪਕ ਪੁਰੀ, ਗੁਰਜੀਤ ਗੋਲਡੀ ਕਲਵਾਂ ਅਤੇ ਸਤਨਾਮ ਝੱਜ ਸਹਿਤ ਭਾਰੀ ਗਿਣਤੀ ’ਚ ਲੋਕਾਂ ਨੇ ਸ਼ਹੀਦ ਨੂੰ ਨਮਨ ਕੀਤਾ। ਇਸ ਤੋਂ ਪਹਿਲਾਂ ਖੇਤਰ ਦੇ ਸਮੁੱਚੇ ਸਕੂਲਾਂ ਦੇ ਵਿਦਿਆਰਥੀਆਂ ਨੇ ਸੜਕਾਂ ’ਤੇ ਖੜ੍ਹੇ ਹੋ ਕੇ ਸ਼ਹੀਦ ਦੇ ਵਾਹਨ ’ਤੇ ਫੁੱਲਾਂ ਦੀ ਵਰਖਾ ਕਰਕੇ ਆਪਣੀ ਸਰਧਾਂਜ਼ਲੀ ਦਿੱਤੀ। ਉਪਰੰਤ ਸੈਨਿਕ ਦੇ ਭਰਾ ਸੁਲੱਖਣ ਸਿੰਘ ਨੇ ਚਿਖਾ ਨੂੰ ਮੁੱਖ ਅਗਨੀ ਦਿੱਤੀ।
ਮ੍ਰਿਤਕ ਦੀ ਪਤਨੀ ਤੇ ਮਾਤਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਦੱਸਣਯੋਗ ਹੈ ਕਿ 10 ਸਾਲਾ ਪਹਿਲਾਂ ਫ਼ੌਜ ’ਚ ਭਰਤੀ ਹੋਏ ਸੈਨਿਕ ਦਾ ਕਰੀਬ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ, ਜਿਸ ਦੀ ਵਿਧਵਾ ਪਤਨੀ ਅਮਨਦੀਪ ਕੌਰ ਦੀ ਅਜੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੁੱਕੀ ਸੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸਤੋਂ ਇਲਾਵਾ ਉਸ ਦੀ ਮਾਤਾ ਸੁਖਵਿੰਦਰ ਕੌਰ ਵੀ ਗਹਿਰੇ ਸਦਮੇ ਸੀ, ਜਿਸ ਨੂੰ ਪਰਿਵਾਰ ਸੰਭਾਲਣ ’ਚ ਜੁਟਿਆ ਹੋਇਆ ਸੀ। ਜਦਕਿ ਸੈਨਿਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਗਮਗੀਨ ਮਾਹੌਲ ’ਚ ਹਰ ਇਕ ਵਿਅਕਤੀ ਅਤੇ ਪਿੰਡ ਵਾਸੀਆਂ ਦੀ ਅੱਖ ਨਮ ਸੀ।
ਇਹ ਵੀ ਪੜ੍ਹੋ- ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਸ਼ਾਮਲ ਇਨ੍ਹਾਂ ਮਸ਼ਹੂਰ ਗੈਂਗਸਟਰਾਂ ਬਾਰੇ ਖੁੱਲ੍ਹੀਆਂ ਹੈਰਾਨੀਜਨਕ ਪਰਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ