ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਨੌਜਵਾਨ ਵਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼
Sunday, Sep 17, 2017 - 06:58 PM (IST)
ਬਨੂੰੜ (ਗੁਰਪਾਲ) : ਬਨੂੰੜ ਪੁਲਸ ਨੇ ਪਿੰਡ ਬੀਰੋ ਮਾਜਰੀ ਦੀ 14 ਸਾਲਾ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਿੰਡ ਦੇ ਇਕ 20 ਸਾਲਾ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਸ਼ਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਬੀਰੋਮਾਜਰੀ ਦੇ ਵਸਨੀਕ ਨੇ ਥਾਣਾ ਬਨੂੰੜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੀ 14 ਸਾਲਾ ਨਾਬਾਲਗ ਲੜਕੀ ਜੋ ਕਿ ਸਰਕਾਰੀ ਸੀ. ਸੈਕੰਡਰੀ ਸਕੂਲ ਮਾਣਕਪੁਰ (ਥਾਣਾ ਬਨੂੰੜ) ਵਿਚ 8ਵੀਂ ਜਮਾਤ ਵਿਚ ਪੜ੍ਹਦੀ ਹੈ। ਬੀਤੇ ਕੱਲ ਜਦੋਂ ਉਸਦੀ ਲੜਕੀ ਸਕੂਲ ਵਿਚੋਂ ਪੇਪਰ ਦੇ ਕੇ ਤਕਰੀਬਨ 12 ਵਜੇ ਬਾਹਰ ਨਿਕਲੀ ਤਾਂ ਪੈਦਲ ਆਪਣੇ ਪਿੰਡ ਨੂੰ ਜਾਣ ਲੱਗੀ ਤਾਂ ਉਦੋਂ ਹੀ ਉਥੇ ਸਾਡੇ ਹੀ ਪਿੰਡ ਬੀਰੋਮਾਜਰੀ ਦਾ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਸਤਪਾਲ ਸਿੰਘ ਉਮਰ 20 ਸਾਲ ਮੋਟਰਸਾਈਕਲ ਲੈ ਕੇ ਆ ਗਿਆ ਤੇ ਉਸਨੇ ਲੜਕੀ ਨੂੰ ਘਰ ਛੱਡਣ ਦਾ ਬਹਾਨਾ ਬਣਾ ਕੇ ਮੋਟਰਸਾਈਕਲ 'ਤੇ ਬੈਠਾ ਲਿਆ।
ਉਹ ਨੌਜਵਾਨ ਮੋਟਰਸਾਈਕਲ 'ਤੇ ਬੈਠਾ ਕੇ ਲੜਕੀ ਨੂੰ ਘਰ ਛੱਡਣ ਦੀ ਥਾਂ ਚੁੰਨੀ ਮਾਰਗ 'ਤੇ ਸਥਿਤ ਸੁੰਨਸਾਨ ਥਾਂ 'ਤੇ ਲੈ ਗਿਆ ਤੇ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਉਪਰੰਤ ਨੌਜਵਾਨ ਨੇ ਲੜਕੀ ਨੂੰ ਇਹ ਗੱਲ ਆਪਣੇ ਘਰਦਿਆਂ ਨੂੰ ਨਾ ਦੱਸਣ ਬਾਰੇ ਡਰਾਇਆ ਤੇ ਧਮਕਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਸਦੀ ਲੜਕੀ ਡਰੀ ਹੋਈ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਵਲੋਂ ਪੁੱਛਗਿੱਛ ਕਰਨ 'ਤੇ ਸਾਰੀ ਘਟਨਾ ਆਪਣੇ ਮਾਪਿਆਂ ਨੂੰ ਦੱਸੀ। ਥਾਣਾ ਮੁਖੀ ਨੇ ਦੱਸਿਆ ਕਿ ਨਾਬਾਲਗ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਨ ਉਪਰੰਤ ਪੀੜ੍ਹਤ ਨਾਬਾਲਗ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਤੇ ਉਸਦੀ ਰਿਪੋਰਟ ਆਉਣ ਉਪਰੰਤ ਮਾਮਲੇ ਦੀ ਧਾਰਾ ਵਿਚ ਵਾਧਾ ਕਰ ਦਿੱਤਾ ਜਾਵੇਗਾ। ਕਥਿਤ ਦੋਸ਼ੀ ਨੌਜਵਾਨ ਪੁਲਸ ਦੀ ਪਕੜ ਤੋਂ ਬਾਹਰ ਹੈ ਅਤੇ ਉਸਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
