ਨੌਜਵਾਨ ਦੀ ਕੁੱਟਮਾਰ ਕਰਨ ਤੇ ਗੋਲੀ ਮਾਰਨ ਦੇ ਦੋਸ਼ ’ਚ ਕੇਸ ਦਰਜ
Thursday, Dec 18, 2025 - 11:52 AM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ’ਚ ਲਵ ਪੁੱਤਰ ਜੈਕੀ ਵਾਸੀ ਨਿਊ ਜਨਤਾ ਪ੍ਰੀਤ ਨਗਰ ਨਾਲ ਕੁੱਟਮਾਰ ਕਰਨ ਅਤੇ ਉਸਦੀ ਲੱਤ ’ਚ ਗੋਲੀ ਮਾਰਨ ਦੇ ਦੋਸ਼ ’ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ ਵਿਸ਼ਾਲ ਉਰਫ਼ ਮੰਨਾ ਪੁੱਤਰ ਜੱਗਾ, ਸੰਜੂ ਪੁੱਤਰ ਅਜੈ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਸ਼ਿਕਾਇਤਕਰਤਾ ਲਵ ਪੁੱਤਰ ਜੈਕੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਬੀਤੀ ਰਾਤ ਕਰੀਬ 8 ਵਜੇ ਉਹ ਆਪਣੇ ਚਾਚੇ ਦੇ ਪੁੱਤਰ ਵੰਸ਼ ਅਤੇ ਤਾਇਆ ਦੇਸ ਰਾਜ ਦੇ ਘਰ ਨਿਊ ਜਨਤਾ ਪ੍ਰੀਤ ਨਗਰ ’ਚ ਗਿਆ ਸੀ, ਜਿੱਥੇ ਉਸਦੇ ਤਾਇਆ ਦਾ ਲੜਕਾ ਕਿਰਪਾ ਵੀ ਘਰ ਵਿੱਚ ਮੌਜੂਦ ਸੀ ਤਾਂ 15-20 ਅਣਪਛਾਤੇ ਨੌਜਵਾਨ ਘਰ ਦੇ ਬਾਹਰ ਆਏ ਅਤੇ ਉਸਦੇ ਘਰ ਦਾ ਗੇਟ ਤੋੜਨ ਲੱਗੇ।
ਸ਼ਿਕਾਇਤਕਰਤਾ ਤੇ ਉਸਦੇ ਤਾਏ ਦੇ ਲੜਕੇ ਕਿਰਪਾ ਨੂੰ ਗਾਲ੍ਹਾਂ ਕੱਢਣ ਲੱਗੇ। ਇੰਨੇ ’ਚ ਕਿਰਪਾ ਨੇ ਉਸ ਨੂੰ ਆਪਣੇ ਘਰ ਦੀ ਛੱਤ ਤੋਂ ਪਿੱਛੇ ਵਾਲੀ ਗਲੀ ਦੇ ਰਸਤੇ ਆਪਣੇ ਘਰ ਜਾਣ ਲਈ ਕਿਹਾ। ਜਦੋਂ ਉਹ ਛੱਤ ਤੋਂ ਪਿੱਛੇ ਵੱਲ ਗਲੀ ’ਚ ਪਹੁੰਚਿਆ ਤਾਂ ਉਸ ਨੂੰ ਅੱਗੇ ਆ ਕੇ ਵਿਸ਼ਾਲ ਉਰਫ ਮੰਨਾ ਵਾਸੀ ਨਿਊ ਜਨਤਾ ਪ੍ਰੀਤ ਨਗਰ ਅਤੇ ਸੰਜੂ ਪੁੱਤਰ ਅਜੈ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਘੇਰ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ। ਜਦੋਂ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਘਰ ਵੱਲ ਭੱਜਿਆ ਤਾਂ ਵਿਸ਼ਾਲ ਉਰਫ਼ ਮੰਨਾ ਨੇ ਆਪਣੇ ਡੱਬ ’ਚੋਂ ਪਿਸਤੌਲ ਕੱਢ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਗੋਲੀ ਚਲਾ ਦਿੱਤੀ, ਜੋ ਉਸਦੀ ਲੱਤ ਵਿੱਚ ਲੱਗੀ ਅਤੇ ਉਹ ਉਥੇ ਹੀ ਡਿੱਗ ਪਿਆ ਅਤੇ ਹਮਲਾਵਰ ਉੱਥੋਂ ਭੱਜ ਗਏ। ਸ਼ਿਕਾਇਤਕਰਤਾ ਅਨੁਸਾਰ ਬੱਚਿਆਂ ਦੇ ਆਪਸ ’ਚ ਹੋਏ ਝਗੜੇ ਕਾਰਨ ਉਕਤ ਉਸ ਨਾਲ ਰੰਜਿਸ਼ ਰੱਖਦੇ ਹਨ। ਪੁਲਸ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
