ਕਲਯੁਗੀ ਮਾਪਿਆਂ ਨੇ 6 ਸਾਲਾ ਧੀ ਦਾ ਕੀਤਾ ਕਤਲ

05/27/2019 4:56:29 PM

ਰਾਜਪੁਰਾ (ਮਸਤਾਨਾ) : ਪਿੰਡ ਅਜਰਾਵਰ ਵਿਖੇ ਪਤੀ-ਪਤਨੀ ਨੇ ਮਿਲ ਕੇ ਆਪਣੀ 6-7 ਸਾਲਾ ਲੜਕੀ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਬੇਅਬਾਦ ਥਾਂ 'ਤੇ ਸੁੱਟ ਦਿੱਤਾ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਅਜਰਾਵਰ ਵਾਸੀ ਸੁਖਵਿੰਦਰ ਸਿੰਘ ਨੇ ਥਾਣਾ ਖੇੜੀ ਗੰਡਿਆਂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਜ਼ਿਲਾ ਰੜੀਆ ਬਿਹਾਰ ਦਾ ਵਾਸੀ ਉਮਾਨੰਦ ਉਨ੍ਹਾਂ ਕੋਲ ਕੰਮ ਕਰਦਾ ਸੀ ਅਤੇ ਉਸ ਦੀ ਦੂਜੀ ਪਤਨੀ ਸ਼ਾਂਤੀ ਦੇਵੀ ਵੀ ਉਸ ਦੇ ਨਾਲ ਹੀ ਕੰਮ ਕਰਦੀ ਸੀ। ਲਗਭਗ 20 ਦਿਨ ਉਮਾ ਨੰਦ ਅਤੇ ਉਸ ਦੀ ਪਤਨੀ ਨੇ ਮਿਲ ਕੇ ਉਨ੍ਹਾਂ ਦੀ ਲੜਕੀ ਕੰਚਨਾ (6) ਜੋ ਕਿ ਉਮਾਨੰਦ ਦੀ ਪਹਿਲੀ ਪਤਨੀ ਤੋਂ ਹੋਈ ਸੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਇਕ ਪਲਾਸਟਿਕ ਦੇ ਥੈਲੇ ਵਿਚ ਬੰਦ ਕਰਕੇ ਕਿਸੇ ਬੇ-ਅਬਾਦ ਜਗ੍ਹਾ 'ਤੇ ਖੂਹ ਵਿਚ ਸੁੱਟ ਦਿੱਤੀ। 
ਰਾਹਗੀਰਾਂ ਨੇ ਜਦੋਂ ਲਾਸ਼ ਨੂੰ ਦੇਖਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਉਸ ਦੀ ਪਛਾਣ ਅਤੇ ਪੋਸਟਮਾਰਟਮ ਲਈ ਸਥਾਨਕ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ। ਉਥੇ ਪੁਲਸ ਦੀ ਕਾਫੀ ਭੱਜਦੌੜ ਅਤੇ ਜਾਂਚ ਤੋਂ ਬਾਅਦ ਮ੍ਰਿਤਕ ਬੱਚੀ ਦੀ ਪਛਾਣ ਹੋ ਸਕੀ ਅਤੇ ਪੁਲਸ ਨੇ ਕਿਸਾਨ ਸੁਖਵਿੰਦਰ ਸਿੰਘ ਦੇ ਬਿਆਨਾਂ 'ਤੇ ਉਕਤ ਪਤੀ-ਪਤਨੀ ਖਿਲਾਫ ਧਾਰਾ 302, 201, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News