ਕੰਗਨਾ ਰਣੌਤ ’ਤੇ ਭੜਕੇ ਗਿੱਪੀ ਗਰੇਵਾਲ, ਕਿਹਾ- ‘ਤੈਨੂੰ ਸ਼ਰਮ ਆਉਣੀ ਚਾਹੀਦੀ ਹੈ’

12/02/2020 7:53:48 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਪੰਜਾਬ ਭਰ ’ਚ ਰੱਜ ਕੇ ਵਿਰੋਧ ਹੋ ਰਿਹਾ ਹੈ। ਕਿਸਾਨ ਧਰਨਿਆਂ ’ਚ ਸ਼ਾਮਲ ਬਜ਼ੁਰਗ ਮਹਿਲਾ ਬਾਰੇ ਟਿੱਪਣੀ ਕਰਨ ’ਤੇ ਕੰਗਨਾ ਦੀ ਰੱਜ ਕੇ ਨਿੰਦਿਆ ਕੀਤੀ ਜਾ ਰਹੀ ਹੈ। ਜਿਥੇ ਆਮ ਲੋਕਾਂ ਵਲੋਂ ਉਸ ਨੂੰ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਪੰਜਾਬੀ ਕਲਾਕਾਰ ਵੀ ਕੰਗਨਾ ’ਤੇ ਆਪਣਾ ਗੁੱਸਾ ਕੱਢ ਰਹੇ ਹਨ।

ਹਾਲ ਹੀ ’ਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕੰਗਨਾ ਰਣੌਤ ’ਤੇ ਆਪਣੀ ਭੜਾਸ ਕੱਢੀ ਹੈ। ਟਵਿਟਰ ’ਤੇ ਕੰਗਨਾ ਰਣੌਤ ਨੂੰ ਟੈਗ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ, ‘ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕੰਗਨਾ ਰਣੌਤ, ਬਿਨਾਂ ਕਿਸੇ ਤੱਥ ਤੇ ਮੁੱਢਲੀ ਜਾਣਕਾਰੀ ਦੇ ਇੰਨਾ ਘਟੀਆ ਬੋਲਣ ਲਈ। ਉਮੀਦ ਕਰਦਾ ਹਾਂ ਕਿ ਤੂੰ ਜਲਦ ਠੀਕ ਹੋਵੋਗੀ ਤੇ ਬਿਨਾਂ ਕਿਸੇ ਪੱਖਪਾਤ ਦੇ ਸਥਿਤੀ ਨੂੰ ਦੇਖਣ ਦੇ ਯੋਗ ਹੋਵੋਗੀ। ਇਹ ਸਿਰਫ ਮਿੱਟੀ ਨਾਲ ਜੁੜੇ ਕਿਸਾਨਾਂ ਦਾ ਮਸਲਾ ਨਹੀਂ, ਸਗੋਂ ਹਰ ਭਾਰਤੀ ਨਾਲ ਜੁੜਿਆ ਮਸਲਾ ਹੈ।’

ਗਿੱਪੀ ਗਰੇਵਾਲ ਦੇ ਇਸ ਟਵੀਟ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਵਲੋਂ ਵੀ ਰੀ-ਟਵੀਟ ਕੀਤਾ ਜਾ ਰਿਹਾ ਹੈ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।

ਉਥੇ ਕੰਗਨਾ ਰਣੌਤ ਦੇ ਟਵੀਟ ਦਾ ਜਵਾਬ ਦਿੰਦਿਆਂ 85 ਸਾਲਾ ਬਜ਼ੁਰਗ ਬੀਬੀ ਨੇ ਉਸ ਖ਼ਿਲਾਫ ਰੋਸ ਜਤਾਇਆ ਹੈ। ਬਜ਼ੁਰਗ ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਉਸ ਕੋਲ 13 ਏਕੜ ਜ਼ਮੀਨ ਹੈ ਤੇ 10 ਮਜ਼ਦੂਰ ਉਸ ਦੇ ਖੇਤਾਂ ’ਚ ਕੰਮ ਕਰਦੇ ਹਨ। ਉਹ ਕਿਸਾਨ ਭਰਾਵਾਂ ਦੇ ਹੱਕਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਕਰਦੀ ਰਹੇਗੀ। 100 ਰੁਪਏ ਵਾਲੀ ਗੱਲ ਲਿਖ ਕੇ ਕੰਗਨਾ ਰਣੌਤ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ, ਜਿਸ ਦੀ ਸਜ਼ਾ ਉਸਨੂੰ ਮਿਲਣੀ ਚਾਹੀਦੀ ਹੈ।

PunjabKesari

ਬਜ਼ੁਰਗ ਬੀਬੀ ਮਹਿੰਦਰ ਕੌਰ ਤੇ ਉਸ ਦੇ ਪਤੀ ਨੇ ਕਿਹਾ ਕਿ ਕੰਗਨਾ ਰਣੌਤ ਚਾਹੇ ਤਾਂ ਉਹ ਉਸ ਨੂੰ ਮਜ਼ਦੂਰੀ ’ਤੇ ਰੱਖ ਸਕਦੇ ਹਨ। ਇਸ ਤਰੀਕੇ ਨਾਲ ਕਿਸੇ ਦਾ ਵੀ ਅਪਮਾਨ ਕਰਨ ਵਾਲੀ ਉਹ ਕੌਣ ਹੁੰਦੀ ਹੈ। ਉਸ ਨੇ ਅਜਿਹਾ ਕੀ ਵੇਖਿਆ ਹੈ ਕਿ 100 ਰੁਪਏ ਵਾਲੀ ਗੱਲ ਲਿਖ ਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਅਸੀਂ ਕੰਗਨਾ ਰਣੌਤ ਦਾ ਵਿਰੋਧ ਕਰਦੇ ਹਾਂ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦਾ ਵੀ ਅਸੀਂ ਵਿਰੋਧ ਕਰਦੇ ਹਾਂ।

ਨੋਟ– ਗਿੱਪੀ ਗਰੇਵਾਲ ਦਾ ਕੰਗਨਾ ਰਣੌਤ ’ਤੇ ਭੜਕਨਾ ਸਹੀ ਹੈ ਜਾਂ ਗਲਤ? ਕੀ ਕੰਗਨਾ ਨੂੰ ਬਜ਼ੁਰਗ ਮਹਿਲਾ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ।


Rahul Singh

Content Editor

Related News