'ਭੱਜਣ ਨਹੀਂ ਦਿੰਦੇ, ਤੈਨੂੰ ਚੱਕ ਲਿਆਵਾਂਗੇ...', CM ਭਗਵੰਤ ਮਾਨ 'ਤੇ ਸੁਖਬੀਰ ਬਾਦਲ ਦਾ ਵੱਡਾ ਤੰਜ (ਵੀਡੀਓ)
Saturday, Feb 21, 2026 - 05:43 PM (IST)
ਅਟਾਰੀ : 'ਪੰਜਾਬ ਬਚਾਓ' ਮਹਾਂ ਰੈਲੀ ਦੌਰਾਨ ਹਲਕਾ ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਝੇ ਦੀ ਧਰਤੀ ਨੇ ਢਾਲ ਬਣ ਕੇ ਦੇਸ਼ ਦੀ ਰੱਖਿਆ ਕੀਤੀ ਹੈ ਅਤੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਹੋਇਆ ਹੈ। ਪੰਜਾਬ ਦਾ ਅੱਧਾ ਪਾਣੀ ਖੋਹ ਕੇ ਰਾਜਸਥਾਨ ਨੂੰ ਦੇ ਦਿੱਤਾ ਗਿਆ। ਇਹ ਸਾਰਾ ਕੁੱਝ ਕਾਂਗਰਸ ਦੀ ਸਰਕਾਰ ਨੇ ਕੀਤਾ। ਪੰਜਾਬ ਦਾ ਨੁਕਸਾਨ ਦਿੱਲੀ ਵਾਲੀਆਂ ਪਾਰਟੀਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਦਰਦ ਦਿੱਲੀ ਵਾਲਿਆਂ ਨੂੰ ਨਹੀਂ, ਸਗੋਂ ਅਕਾਲੀ ਦਲ ਨੂੰ ਹੈ ਕਿਉਂਕਿ ਅਸੀਂ ਜਿਊਣਾ-ਮਰਨਾ ਇੱਥੇ ਹਨ। ਜਦੋਂ ਦਿੱਲੀ ਵਾਲਿਆਂ ਦੀ ਸਰਕਾਰ ਪੰਜਾਬ 'ਚ ਆ ਜਾਂਦੀ ਹੈ ਤਾਂ ਡੱਕਾ ਨਹੀਂ ਤੋੜਦੀ ਅਤੇ ਪੰਜਾਬੀ ਦੁਖ਼ੀ ਹੋ ਕੇ ਅਕਾਲੀ ਦਲ ਨੂੰ ਲੈ ਕੇ ਆਉਂਦੇ ਹਨ। ਜਦੋਂ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਉਦੋਂ ਤੋਂ ਤਰੱਕੀ ਸ਼ੁਰੂ ਹੋ ਜਾਂਦੀ ਹੈ ਅਤੇ ਅਕਾਲੀ ਦਲ ਦੇ ਜਾਣ 'ਤੇ ਸਾਰੀ ਤਰੱਕੀ ਰੁਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਬਿਲਕੁਲ ਹੀ ਖੂੰਝੇ ਲਾ ਦਿੱਤਾ ਅਤੇ ਸਾਡੇ ਸਿਰਫ 2-3 ਵਿਧਾਇਕ ਰਹਿ ਗਏ ਪਰ ਅਸੀਂ ਪੰਜਾਬੀਆਂ ਦਾ ਸਾਥ ਨਹੀਂ ਛੱਡਿਆ। ਅਕਾਲੀ ਦਲ ਪੀੜ੍ਹੀ ਦਰ ਪੀੜ੍ਹੀ ਪੰਜਾਬੀਆਂ ਨਾਲ ਖੜ੍ਹਾ ਰਹੇਗਾ। ਸੁਖਬੀਰ ਬਾਦਲ ਨੇ ਹੱਥ ਜੋੜ ਕੇ ਅਪੀਲ ਕੀਤੀ ਕਿ ਤਜ਼ਰਬੇ ਕਰਨੇ ਛੱਡ ਦਿਓ। ਦਿੱਲੀ ਵਾਲੀਆਂ ਸਰਕਾਰਾਂ ਪੰਜਾਬੀਆਂ ਦੇ ਦਿਮਾਗ 'ਚ ਅਜਿਹੀਆਂ ਗੱਲਾਂ ਵਾੜ ਦਿੰਦੀਆਂ ਹਨ ਕਿ ਸਾਡੀ ਕੌਮ ਦਾ ਨੁਕਸਾਨ ਹੋ ਜਾਂਦਾ ਹੈ। ਸਾਡੇ ਗੁਰੂਘਰਾਂ 'ਤੇ ਦਿੱਲੀ ਵਾਲੀਆਂ ਪਾਰਟੀਆਂ ਨੇ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਭਾਵੇਂ ਸਿਰ ਵੱਢਿਆ ਜਾਵੇ, ਅਸੀਂ ਕਿਸੇ ਅੱਗੇ ਝੁਕਦੇ ਨਹੀਂ ਹਾਂ। ਅਸੀਂ ਅਸੂਲਾਂ ਦੀ ਲੜਾਈ ਲੜਦੇ ਹਾਂ ਅਤੇ ਇਹੀ ਅਕਾਲੀ ਦਲ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਹੁਣ ਮੈਨੂੰ ਅੰਦਰ ਕਰਨ ਨੂੰ ਫਿਰਦੇ ਹਨ ਅਤੇ ਮੈਂ ਤਾਂ ਸਿੱਧਾ ਹੀ ਡੀ. ਜੀ. ਪੀ. ਕੋਲ ਚਲਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮਿਲ ਰਹੀਆਂ ਮੁਫ਼ਤ ਸਹੂਲਤਾਂ ਨਾਲ ਜੁੜੀ ਵੱਡੀ ਖ਼ਬਰ, ਸੁਪਰੀਮ ਕੋਰਟ ਨੇ ਸਖ਼ਤ ਲਹਿਜ਼ੇ 'ਚ...
ਮੁਲਾਜ਼ਮਾਂ ਨੂੰ ਦਿੱਤੀ ਸਿੱਧੀ ਚਿਤਾਵਨੀ
ਸੁਖਬੀਰ ਬਾਦਲ ਨੇ ਸਰਕਾਰੀ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਅਫ਼ਸਰ ਨੇ ਝੂਠਾ ਕੇਸ ਕੀਤਾ ਹੈ, ਉਹ ਸਾਡੀ ਸਰਕਾਰ ਆਉਣ ਦੇ ਪਹਿਲੇ ਹਫ਼ਤੇ ਹੀ ਅੰਦਰ ਜਾਵੇਗਾ। ਜਿਸ ਦਿਨ ਸਰਕਾਰ ਆ ਗਈ, ਇਕ ਕਮੇਟੀ ਬਣਾ ਕੇ ਜਿਹੜੇ-ਜਿਹੜੇ ਅਕਾਲੀ ਵਰਕਰਾਂ 'ਤੇ ਝੂਠੇ ਕੇਸ ਅਫ਼ਸਰਾਂ ਨੇ ਕੀਤੇ ਹਨ, ਜਾਂਚ ਕਰਵਾ ਕੇ ਉਨ੍ਹਾਂ 'ਤੇ ਪਰਚੇ ਦਿੱਤੇ ਜਾਣਗੇ। ਉਨ੍ਹਾਂ ਨੇ ਅਫ਼ਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਝਾੜੂ ਵਾਲਿਆਂ ਦੇ ਆਖੇ ਲੱਗਣ ਦੀ ਲੋੜ ਨਹੀਂ ਦਿੱਲੀ ਵਾਲੇ ਤਾਂ ਲੱਭਣੇ ਨਹੀਂ। ਕੇਜਰੀਵਾਲ ਵਰਗੇ ਲੁਟੇਰਿਆਂ ਦਾ ਮੇਰੇ ਕੋਲ ਸਾਰਾ ਰਿਕਾਰਡ ਹੈ, ਇਨ੍ਹਾਂ ਨੂੰ ਭੱਜਣ ਨਹੀਂ ਦੇਵਾਂਗੇ।
CM ਭਗਵੰਤ ਮਾਨ 'ਤੇ ਤਿੱਖਾ ਹਮਲਾ
ਸੁਖਬੀਰ ਬਾਦਲ ਨੇ CM ਮਾਨ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਸ ਨੇ 2500 ਕਿਲਾ ਜ਼ਮੀਨ ਆਸਟ੍ਰੇਲੀਆ 'ਚ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸੋਚਦਾ ਹੈ ਕਿ ਇਹ ਭੱਜ ਜਾਵੇਗਾ ਪਰ ਭੱਜਣ ਨਹੀਂ ਦਿੰਦੇ, ਤੈਨੂੰ ਚੱਕ ਲਿਆਵਾਂਗੇ ਉੱਥੋਂ ਵਾਪਸ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਅਸਲੀ ਮੁੱਖ ਮੰਤਰੀ ਹੈ, ਭਗਵੰਤ ਮਾਨ ਨੂੰ ਤਾਂ ਮੋਹਰ ਲਾਉਣ ਵਾਸਤੇ ਰੱਖਿਆ ਹੈ। ਭਗਵੰਤ ਮਾਨ ਤਾਂ ਕੇਜਰੀਵਾਲ ਦਾ ਡਰਾਈਵਰ ਬਣਿਆ ਫਿਰਦਾ ਹੈ। ਪਿਛਲੇ 4 ਸਾਲਾਂ ਦੌਰਾਨ 4400 ਕਰੋੜ ਰੁਪਿਆ ਇਨ੍ਹਾਂ ਨੇ ਇਸ਼ਤਿਹਾਰਾਂ 'ਤੇ ਲਾ ਦਿੱਤਾ ਹੈ।
ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ : ICU 'ਚੋਂ ਸਿੱਧਾ ਪੇਪਰ ਦੇਣ ਪੁੱਜੀ 17 ਸਾਲਾ ਕੁੜੀ, ਬੱਚੇ ਤੇ ਅਧਿਆਪਕ ਰਹਿ ਗਏ ਹੈਰਾਨ
ਚੋਣਾਂ ਨੂੰ ਲੈ ਕੇ ਕੀਤੇ ਵੱਡੇ ਐਲਾਨ
ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਬਣਨ 'ਤੇ ਜਿਨ੍ਹਾਂ ਕੋਲ ਕੋਈ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ, ਉਨ੍ਹਾਂ ਨੂੰ ਪਹਿਲੇ ਹਫ਼ਤੇ ਦੀ ਕੈਬਨਿਟ ਮੀਟਿੰਗ ਦੌਰਾਨ ਕੁਨੈਕਸ਼ਨ ਦਿੱਤੇ ਜਾਣਗੇ। ਜਿੰਨੇ ਵੀ ਦਰਿਆ ਹਨ, ਉਨ੍ਹਾਂ ਦਾ ਡੈਮੀਕਰਨ ਕੀਤਾ ਜਾਵੇਗਾ ਅਤੇ ਸਾਰੇ ਦਰਿਆ ਪੱਕੇ ਕੀਤੇ ਜਾਣਗੇ। ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਆਉਣ 'ਤੇ ਵਪਾਰ ਲਈ ਅਸੀਂ ਵਾਹਗਾ ਬਾਰਡਰ ਖੁੱਲ੍ਹਾਵਾਂਗੇ। ਜਿਸ ਦਿਨ ਵਾਹਗਾ ਬਾਰਡਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਾਲਾ ਬਾਰਡਰ ਖੁੱਲ੍ਹ ਗਿਆ, ਪੰਜਾਬ ਤਰੱਕੀ ਦੀਆਂ ਲੀਹਾਂ 'ਤੇ ਜਾਵੇਗਾ। ਇੱਥੋਂ ਮਿੰਟਾਂ 'ਚ ਸਮਾਨ ਅਫ਼ਗਾਨਿਸਤਾਨ, ਈਰਾਨ, ਇਰਾਕ 'ਚ ਜਾਵੇਗਾ। ਜਿਹੜਾ ਵੀ ਵਿਅਕਤੀ ਸਰਹੱਦ 'ਤੇ ਆਪਣੀ ਇੰਡਸਟਰੀ ਲਾਵੇਗਾ, ਉਸ ਨੂੰ ਸਪੈਸ਼ਲ ਪੈਕਜ ਦਿੱਤਾ ਜਾਵੇਗਾ। ਜਿੰਨੀ ਪੰਜਾਬ 'ਚ ਇੰਡਸਟਰੀ ਲੱਗੇਗੀ, ਇਹ ਕਾਨੂੰਨ ਬਣਾਇਆ ਜਾਵੇਗਾ ਕਿ 75 ਫ਼ੀਸਦੀ ਗਿਣਤੀ ਪੰਜਾਬ ਦੇ ਮੁਲਾਜ਼ਮਾਂ ਦੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
