ਵਿਆਹ ਕਰ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 10 ਲੱਖ ਠੱਗੇ

02/16/2018 3:49:59 AM

ਮੋਗਾ,   (ਆਜ਼ਾਦ)- ਮੋਗਾ ਨੇੜਲੇ ਪਿੰਡ ਬੁੱਕਣ ਵਾਲਾ ਨਿਵਾਸੀ ਲੜਕੀ ਨੂੰ ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਐੱਨ. ਆਰ. ਆਈ. ਲੜਕੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਸੁਖਜਿੰਦਰ ਕੌਰ ਨੇ ਕਿਹਾ ਕਿ ਉਸ ਦਾ ਵਿਆਹ 20 ਜਨਵਰੀ 2015 ਨੂੰ ਕੈਨੇਡਾ ਸਿਟੀਜ਼ਨ ਗੁਰਵਿੰਦਰ ਸਿੰਘ ਮੱਲ੍ਹੀ ਪੁੱਤਰ ਸ਼ਮਸ਼ੇਰ ਸਿੰਘ ਨਿਵਾਸੀ ਪਿੰਡ ਮੱਲੀਆਂ ਵਾਲਾ ਨਾਲ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਮੋਗਾ ਦੇ ਮੈਰਿਜ ਪੈਲੇਸ 'ਚ ਹੋਇਆ ਸੀ। ਵਿਆਹ ਸਮੇਂ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ 40 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਅਸੀਂ ਉਨ੍ਹਾਂ ਨੂੰ 10 ਲੱਖ ਰੁਪਏ ਦੇ ਦਿੱਤੇ ਤੇ ਬਾਕੀ ਰਕਮ ਕੈਨੇਡਾ ਪਹੁੰਚ ਕੇ ਦੇਣ ਦੀ ਤਹਿ ਹੋਈ। ਵਿਆਹ ਦੇ 4-5 ਮਹੀਨਿਆਂ ਬਾਅਦ ਮੇਰਾ ਪਤੀ ਕੈਨੇਡਾ ਚਲਾ ਗਿਆ ਅਤੇ ਜਾਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਕੈਨੇਡਾ ਪਹੁੰਚ ਕੇ ਉਸ ਨੂੰ ਬੁਲਾ ਲਵੇਗਾ ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਨਾ ਤਾਂ ਮੈਨੂੰ ਕਾਗਜ਼ਾਤ ਭੇਜੇ ਅਤੇ ਨਾ ਹੀ ਕੈਨੇਡਾ ਬੁਲਾਇਆ। ਇਸ ਉਪਰੰਤ ਮੈਨੂੰ ਮੇਰੀ ਸੱਸ ਅਤੇ ਦੂਜੇ ਪਰਿਵਾਰਕ ਮੈਂਬਰ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ 'ਤੇ ਮੈਂ ਆਪਣੇ ਪੇਕੇ ਘਰ ਵਾਪਸ ਆ ਗਈ।
ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਗੁਰਵਿੰਦਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਧੋਖਾਦੇਹੀ ਦੀ ਨੀਅਤ ਨਾਲ ਮੇਰੀ ਮੈਰਿਜ ਰਜਿਸਟਰਡ ਨਹੀਂ ਕਰਵਾਈ। ਬਾਅਦ 'ਚ ਸਾਨੂੰ ਪਤਾ ਲੱਗਾ ਕਿ ਗੁਰਵਿੰਦਰ ਸਿੰਘ ਮੱਲ੍ਹੀ ਦਾ ਵਿਆਹ ਪਹਿਲਾਂ ਵੀ ਪਿੰਡ ਬੁਰਜ (ਬਠਿੰਡਾ) ਵਿਖੇ ਇਕ ਲੜਕੀ ਨਾਲ ਹੋਇਆ ਸੀ, ਜਿਸ ਦਾ ਤਲਾਕ ਹੋ ਚੁੱਕਾ ਹੈ। ਇਸ ਬਾਰੇ ਸਾਨੂੰ ਦੱਸਿਆ ਨਹੀਂ ਗਿਆ। ਇਸ ਤੋਂ ਬਾਅਦ ਸਾਡਾ ਆਪਸੀ ਤਕਰਾਰ ਵੱਧ ਗਿਆ ਅਤੇ ਮੇਰੇ ਪਤੀ ਨੇ ਮੈਨੂੰ ਕੈਨੇਡਾ ਸੱਦਣ ਤੋਂ ਇਨਕਾਰ ਕਰ ਦਿੱਤਾ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ 'ਤੇ ਇਸ ਮਾਮਲੇ ਦੀ ਜਾਂਚ ਐੱਸ. ਪੀ. ਆਈ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਉਨ੍ਹਾਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਉਪਰੰਤ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਐੱਨ. ਆਰ. ਆਈ. ਗੁਰਵਿੰਦਰ ਸਿੰਘ ਅਤੇ ਉਸਦੀ ਮਾਤਾ ਕਰਮਜੀਤ ਕੌਰ ਨਿਵਾਸੀ ਪਿੰਡ ਮੱਲੀਆਂ ਵਾਲਾ ਖਿਲਾਫ ਥਾਣਾ ਸਿਟੀ ਸਾਊਥ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
 

Related News