ਸਪੇਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ ਠੱਗੇ 9 ਲੱਖ 60 ਹਜ਼ਾਰ

Monday, May 06, 2024 - 06:12 PM (IST)

ਸਪੇਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ ਠੱਗੇ 9 ਲੱਖ 60 ਹਜ਼ਾਰ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਸਰਸੜੀ (ਧਰਮਕੋਟ) ਨਿਵਾਸੀ ਪਿੱਪਲ ਸਿੰਘ ਨੂੰ ਸਪੇਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਵੱਲੋਂ ਕਥਿਤ ਮਿਲੀਭੁਗਤ ਕਰਕੇ 9 ਲੱਖ 60 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਮਾਲਕੇ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪਿੱਪਲ ਸਿੰਘ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ। ਬੀਤੀ 5 ਸਤੰਬਰ 2023 ਨੂੰ ਆਪਣੇ ਨਾਨਕੇ ਪਿੰਡ ਵਾੜਾ ਕਾਲੀ ਰੌਂਣ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਸੁਬੇਗ ਸਿੰਘ ਅਤੇ ਮਲਕੀਤ ਸਿੰਘ ਨਾਲ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰਿਸ਼ਤੇਦਾਰ ਗੁਰਪ੍ਰੀਤਮ ਸਿੰਘ ਅਤੇ ਦਰਸ਼ਨ ਸਿੰਘ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਮਿਤੀ 10 ਸਤੰਬਰ 2023 ਨੂੰ ਉਕਤ ਟਰੈਵਲ ਏਜੰਟ ਸਾਰੇ ਸਾਡੇ ਘਰ ਆਏ ਅਤੇ ਕਿਹਾ ਕਿ ਉਹ ਤੈਂਨੂੰ ਸਪੇਨ ਭੇਜ ਦੇਣਗੇ, ਜਿਸ ’ਤੇ 15 ਲੱਖ ਰੁਪਏ ਖਰਚਾ ਆਵੇਗਾ।

ਸਾਡੀ 10 ਲੱਖ ਰੁਪਏ ਵਿਚ ਗੱਲ ਤੈਅ ਹੋ ਗਈ, ਜਿਸ ’ਤੇ 15 ਸਤੰਬਰ 2023 ਨੂੰ ਗੁਰਪ੍ਰੀਤਮ ਸਿੰਘ ਅਤੇ ਮਲਕੀਤ ਸਿੰਘ ਸਾਡੇ ਘਰੋਂ ਇਕ ਲੱਖ ਰੁਪਏ ਨਕਦ ਅਤੇ ਮੇਰਾ ਪਾਸਪੋਰਟ ਲੈ ਗਏ। ਇਸ ਉਪਰੰਤ ਮੈਂ ਇਨ੍ਹਾਂ ਦੇ ਵੱਖ-ਵੱਖ ਖਾਤਿਆਂ ਵਿਚ ਪੈਸੇ ਪਾ ਦਿੱਤੇ। ਇਸ ਤੋਂ ਬਾਅਦ ਗੁਰਪ੍ਰੀਤਮ ਸਿੰਘ ਨੇ ਮੈਂਨੂੰ ਅੰਮ੍ਰਿਤਸਰ ਤੋਂ ਮਾਸਕੋ ਰਸ਼ੀਆ ਭੇਜ ਦਿੱਤਾ, ਜਿੱਥੇ ਬਾਰਡਰ ’ਤੇ ਆਰਮੀ ਵੱਲੋਂ ਮੈਂਨੂੰ ਗ੍ਰਿਫਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ।
ਇਕ ਮਹੀਨਾ ਰਸ਼ੀਆ ਜੇਲ੍ਹ ਵਿਚ ਰਹਿਣ ਦੇ ਬਾਅਦ ਇੰਡੀਆ ਵਾਪਸ ਆ ਗਿਆ, ਜਦ ਅਸੀਂ ਕਥਿਤ ਟਰੈਵਲ ਏਜੰਟਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਲਤੀ ਕਰਕੇ ਇਹ ਮੁਸ਼ਕਿਲ ਆਈ ਹੈ। ਹੁਣ ਤੈਂਨੂੰ ਸਿੱਧਾ ਸਪੇਨ ਭੇਜਣਗੇ, ਜਿਸ ’ਤੇ ਮੈਂ ਯਕੀਨ ਕਰ ਲਿਆ। ਇਨ੍ਹਾਂ ਮੈਂਨੂੰ 23 ਨਵੰਬਰ 2023 ਨੂੰ ਦਿੱਲੀ ਏਅਰਪੋਰਟ ਤੋਂ ਬਾਕੂ ਦੇਸ਼ ਦੀ ਟਿਕਟ ਕਰਵਾ ਦਿੱਤੀ ਅਤੇ ਕਿਹਾ ਕਿ ਉਹ ਤੈਂਨੂੰ ਬਾਕੂ ਤੋਂ ਸਪੇਨ ਭੇਜਣਗੇ ਪਰ 10 ਦਿਨ ਬਾਅਦ ਗੁਰਪ੍ਰੀਤਮ ਸਿੰਘ ਨੇ ਬਾਕੂ ਤੋਂ ਅਜਿਪਟ ਅਤੇ ਉਸ ਤੋਂ ਬਾਅਦ ਮਰਾਕੋ ਭੇਜ ਦਿੱਤਾ, ਜਿੱਥੇ ਏਅਰਪੋਰਟ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਐਂਟਰੀ ਹੀ ਦਿੱਤੀ ਅਤੇ ਵਾਪਸ ਅਜਿਪਟ ਭੇਜ ਦਿੱਤਾ। ਜਦੋਂ ਅਸੀਂ ਗੁਰਪ੍ਰੀਤਮ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕੋਈ ਗੱਲ ਨਾ ਸੁਣੀ।

ਇਸ ਤਰ੍ਹਾਂ ਮੈਂ ਖੱਜਲ-ਖੁਆਰ ਹੋ ਕੇ 20 ਦਸੰਬਰ 2023 ਨੂੰ ਆਪਣੇ ਘਰ ਇੰਡੀਆ ਆ ਗਿਆ। ਇਸ ਤਰ੍ਹਾਂ ਮੇਰੇ ਨਾਲ ਕਥਿਤ ਮੁਲਜ਼ਮਾਂ ਨੇ ਮਿਲ ਕੇ ਧੋਖਾਦੇਹੀ ਕੀਤੀ ਹੈ। ਉਨ੍ਹਾਂ ਨਾ ਤਾਂ ਮੈਂਨੂੰ ਸਪੇਨ ਭੇਜਿਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐਂਟੀ ਫਰਾਡ ਸੈੱਲ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੌਰਾਨ ਗੁਰਪ੍ਰੀਤਮ ਸਿੰਘ ਸ਼ਾਮਲ ਨਹੀਂ ਹੋਇਆ।

ਉਸ ਦੇ ਪਿਤਾ ਦਰਸ਼ਨ ਸਿੰਘ ਨੇ ਆਪਣੇ ਬਿਆਨ ਵਿਚ ਲਿਖਿਆ ਕਿ ਉਸ ਦਾ ਲੜਕਾ ਉਸ ਦੇ ਕਹਿਣੇ ਤੋਂ ਬਾਹਰ ਹੈ ਅਤੇ ਉਸ ਨੇ ਉਸ ਨੂੰ ਬੇਦਖ਼ਲ ਕੀਤਾ ਹੋਇਆ ਹੈ। ਜਾਂਚ ਦੌਰਾਨ ਸੁਬੇਗ ਸਿੰਘ ਵਾੜਾ ਕਾਲੀ ਰੌਂਣ ਅਤੇ ਦਰਸ਼ਨ ਸਿੰਘ ਨਿਵਾਸੀ ਕਪੂਰਥਲਾ ਖ਼ਿਲਾਫ ਮੁੱਢਲੇ ਤੌਰ ’ਤੇ ਕੋਈ ਸ਼ਹਾਦਤ ਸਾਹਮਣੇ ਨਹੀਂ ਆਈ, ਜੇਕਰ ਮਾਮਲਾ ਦਰਜ ਹੋਣ ਦੇ ਬਾਅਦ ਇਨ੍ਹਾਂ ਖ਼ਿਲਾਫ਼ ਸ਼ਹਾਦਤ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਕਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਜਾਂਚ ਉਪਰੰਤ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਟਰੈਵਲ ਏਜੰਟਾਂ ਗੁਰਪ੍ਰੀਤਮ ਸਿੰਘ ਨਿਵਾਸੀ ਭੁੱਲਰ ਇਨਕਲੇਵ ਕਪੂਰਥਲਾ ਅਤੇ ਮਲਕੀਤ ਸਿੰਘ ਨਿਵਾਸੀ ਵਾੜਾ ਕਾਲੀ ਰੌਂਣ ਮੱਖੂ ਦੇ ਖਿਲਾਫ ਥਾਣਾ ਧਰਮਕੋਟ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


author

Gurminder Singh

Content Editor

Related News