ਜਲੰਧਰ : ਜਿਮ 'ਚ ਨਿਊਡ ਹੋ ਕੇ ਔਰਤ ਨੂੰ ਕੀਤੇ ਅਸ਼ਲੀਲ ਇਸ਼ਾਰੇ, ਕੇਸ ਦਰਜ

Sunday, Jun 10, 2018 - 06:53 AM (IST)

ਜਲੰਧਰ, (ਵਰੁਣ)- ਮਾਡਲ ਟਾਊਨ ਨੇੜੇ ਸਥਿਤ ਇਕ ਜਿਮ 'ਚ ਨਿਊਡ ਹੋ ਕੇ ਐਕਸਰਸਾਈਜ਼ ਕਰਦੇ ਹੋਏ ਔਰਤ ਮੈਨੇਜਰ ਨੂੰ ਅਸ਼ਲੀਲ ਇਸ਼ਾਰੇ ਕਰਨ ਵਾਲੇ ਖਿਲਾਫ ਥਾਣਾ ਨੰ. 7 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਅਜੇ ਤਕ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਦੱਸਿਆ ਜਾਂਦਾ ਹੈ ਕਿ ਇਹ ਵਿਅਕਤੀ ਪਿਛਲੇ ਫਰਵਰੀ ਮਹੀਨੇ ਤੋਂ ਇਹ ਸਭ ਕੁਝ ਕਰ ਰਿਹਾ ਸੀ ਪਰ ਸ਼ੁੱਕਰਵਾਰ ਨੂੰ ਜਦੋਂ ਉਸ ਨੇ ਦੁਬਾਰਾ ਅਜਿਹੀ ਹਰਕਤ ਕੀਤੀ ਤਾਂ ਔਰਤ ਮੈਨੇਜਰ ਨੇ ਉਸ ਦੀ ਸ਼ਿਕਾਇਤ ਥਾਣਾ ਨੰ. 7 ਨੂੰ ਦਿੱਤੀ।
ਪੁਲਸ ਨੂੰ ਸ਼ਿਕਾਇਤ 'ਚ ਰਣਜੀਤ ਨਗਰ ਦੀ ਰਹਿਣ ਵਾਲੀ ਮਨਜੀਤ ਕੌਰ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਹ ਮਾਡਲ ਟਾਊਨ ਸਥਿਤ ਇਕ ਜਿਮ 'ਚ ਬਤੌਰ ਮੈਨੇਜਰ ਕੰਮ ਕਰਦੀ ਹੈ। ਉਨ੍ਹਾਂ ਦੇ ਜਿਮ ਦਾ ਨਿਯਮ ਹੈ ਕਿ ਕੋਈ ਵੀ ਵਿਅਕਤੀ ਨਿਊਡ ਹੋ ਕੇ ਐਕਸਰਸਾਈਜ਼ ਨਹੀਂ ਕਰੇਗਾ ਪਰ ਫਰਵਰੀ ਮਹੀਨੇ ਤੋਂ ਵਿਕਾਸਪੁਰੀ ਦਾ ਰਹਿਣ ਵਾਲਾ ਵਿਸ਼ਾਲ ਸ਼ਰਮਾ ਜਿਮ 'ਚ ਨਿਊਡ ਹੋ ਕੇ ਐਕਸਰਸਾਈਜ਼ ਕਰਦਾ ਹੈ। ਐਕਸਰਾਈਜ਼ ਕਰਦੇ ਹੋਏ ਉਹ ਸਟਾਫ ਦੀਆਂ ਔਰਤ ਮੈਂਬਰਾਂ ਤੇ ਐਕਸਰਸਾਈਜ਼ ਕਰਨ ਵਾਲੀਆਂ ਔਰਤਾਂ ਨੂੰ ਵੀ ਅਸ਼ਲੀਲ ਇਸ਼ਾਰੇ ਕਰਦਾ ਹੈ। ਉਸ ਦੀਆਂ ਹਰਕਤਾਂ ਤੋਂ ਜਿਮ ਦੀਆਂ ਔਰਤ ਮੈਂਬਰਾਂ ਵੀ ਪ੍ਰੇਸ਼ਾਨ ਸਨ, ਜਿਨ੍ਹਾਂ ਨੇ ਜਿਮ ਦੇ ਪ੍ਰਬੰਥਕਾਂ ਨੂੰ ਵੀ ਵਿਸ਼ਾਲ ਦੀਆਂ ਹਰਕਤਾਂ ਦੀ ਸ਼ਿਕਾਇਤ ਕੀਤੀ। 
ਕਈ ਵਾਰ ਕਹਿਣ 'ਤੇ ਵੀ ਵਿਸ਼ਾਲ ਆਪਣੀ ਮਨਮਾਨੀ ਕਰਦਾ ਸੀ। ਕੁਝ ਔਰਤ ਮੈਂਬਰਾਂ ਨੇ ਵਿਸ਼ਾਲ ਦੀਆਂ ਇਨ੍ਹਾਂ ਹਰਕਤਾਂ ਕਾਰਨ ਜਿਮ ਛੱਡਣ ਦੀ ਵੀ ਗੱਲ ਕਹੀ ਸੀ। ਵਿਸ਼ਾਲ ਨੇ ਜਿਮ ਤੋਂ ਕੱਢਣ ਦੀ ਗੱਲ ਕਰਨ 'ਤੇ ਜਿਮ ਦੇ ਮਾਲਕ ਨੂੰ ਨੋਟਿਸ ਵੀ ਭਿਜਵਾ ਦਿੱਤਾ। ਦੋਸ਼ ਹੈ ਕਿ ਕੁਝ ਸਮੇਂ ਪਹਿਲਾਂ ਵਿਸ਼ਾਲ ਨੇ ਜਿਮ ਮਾਲਕ ਨਾਲ ਵੀ ਬਹਿਸ ਕੀਤੀ, ਜਦਕਿ ਸ਼ੁੱਕਰਵਾਰ ਨੂੰ ਨਿਊਡ ਐਕਸਰਸਾਈਜ਼ ਕਰਦੇ ਹੋਏ ਉਸ ਨੇ ਇਕ ਔਰਤ ਨੂੰ ਅਸ਼ਲੀਲ ਇਸ਼ਾਰੇ ਕੀਤੇ ਤਾਂ ਇਸ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ।
ਦੋਸ਼ ਹੈ ਕਿ ਵਿਸ਼ਾਲ ਨੇ ਜਿਮ 'ਚ ਕੰਮ ਕਰਨ ਵਾਲੇ ਹੋਰ ਸਟਾਫ ਦੇ ਮੈਂਬਰਾਂ ਨਾਲ ਵੀ ਗਲਤ ਵਤੀਰਾ ਕੀਤਾ। ਇਸ ਸਾਰੇ ਮਾਮਲੇ ਦੀ ਔਰਤ ਮੈਨੇਜਰ ਨੇ ਥਾਣਾ ਨੰ. 7 'ਚ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਥਾਣਾ ਨੰ. 7 ਦੀ ਪੁਲਸ ਨੇ ਵਿਸ਼ਾਲ ਖਿਲਾਫ ਕੇਸ ਦਰਜ ਕਰ ਲਿਆ। ਥਾਣੇ ਦੇ ਇੰਚਾਰਜ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਵਿਸ਼ਾਲ ਸ਼ਰਮਾ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਕੇਸ ਦਰਜ ਹੋਣ ਦੇ ਬਾਅਦ ਵਿਸ਼ਾਲ ਫਰਾਰ ਹੈ ਪਰ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News