ਪਹਿਲਾਂ ਦੋਧੀ ਨੂੰ ਪਿਆਰ ਦੇ ਜਾਲ 'ਚ ਫਸਾਇਆ, ਖਿੱਚੀਆਂ ਨਿਊਡ ਤਸਵੀਰਾਂ, ਜਦ ਸੱਚ ਆਇਆ ਸਾਹਮਣੇ ਤਾਂ...

Sunday, May 10, 2026 - 05:11 PM (IST)

ਪਹਿਲਾਂ ਦੋਧੀ ਨੂੰ ਪਿਆਰ ਦੇ ਜਾਲ 'ਚ ਫਸਾਇਆ, ਖਿੱਚੀਆਂ ਨਿਊਡ ਤਸਵੀਰਾਂ, ਜਦ ਸੱਚ ਆਇਆ ਸਾਹਮਣੇ ਤਾਂ...

ਮੋਹਾਲੀ (ਜੱਸੀ)- ਕੁਰਾਲੀ ਇਲਾਕੇ ’ਚ ਹਨੀ ਟ੍ਰੈਪ ਦਾ ਖ਼ੌਫ਼ਨਾਕ ਅਤੇ ਸਾਜ਼ਿਸ਼ ਤਹਿਤ ਰਚਿਆ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਘਰ-ਘਰ ਦੁੱਧ ਸਪਲਾਈ ਕਰਕੇ ਆਪਣਾ ਗੁਜ਼ਾਰਾ ਕਰਨ ਵਾਲਾ ਅਣਵਿਹਾਇਆ ਨੌਜਵਾਨ ਔਰਤਾਂ ਦੇ ਜਾਲ ’ਚ ਅਜਿਹਾ ਫਸਿਆ ਕਿ ਨਾ ਸਿਰਫ਼ ਉਸ ਦੀ ਕੁੱਟਮਾਰ ਕੀਤੀ ਗਈ, ਸਗੋਂ ਉਸ ਦੀਆਂ ਨਿਊਡ ਤਸਵੀਰਾਂ ਖਿੱਚ ਕੇ 10 ਲੱਖ ਰੁਪਏ ਦੀ ਮੰਗ ਕਰਦਿਆਂ ਉਸ ਨੂੰ ਬਲੈਕਮੇਲ ਕੀਤਾ ਗਿਆ। 

ਮਾਮਲੇ ਤੋਂ ਇੰਨਾ ਤੰਗ ਆ ਕੇ ਪੀੜਤ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਤੱਕ ਕੀਤੀ। ਥਾਣਾ ਕੁਰਾਲੀ ਪੁਲਸ ਨੇ ਮਾਮਲੇ ’ਚ ਜੋਤੀ, ਸੋਨੀਆ, ਰਮਨਦੀਪ ਕੌਰ, ਲਖਵੀਰ ਸਿੰਘ, ਐੱਮ. ਐੱਸ. ਚੌਹਾਨ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐੱਨ. ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਹੁਣ ਇਸ ਗਿਰੋਹ ਦੇ ਹੋਰ ਮੈਂਬਰਾਂ ਅਤੇ ਉਨ੍ਹਾਂ ਦੇ ਤਰੀਕੇ ਦੀ ਵੀ ਜਾਂਚ ਕਰ ਰਹੀ ਹੈ। ਪੀੜਤ ਇੰਦਰਪ੍ਰੀਤ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਹ ਦੁੱਧ ਸਪਲਾਈ ਕਰਦਾ ਹੈ। ਇਸ ਦੌਰਾਨ ਉਸ ਦੀ ਮੁਲਾਕਾਤ ਜੋਤੀ ਨਾਮ ਦੀ ਔਰਤ ਨਾਲ ਹੋਈ, ਜੋ ਖਰੜ ਨੇੜਲੇ ਪਿੰਡ ਭਾਗੋਮਾਜਰਾ ’ਚ ਰਹਿੰਦੀ ਸੀ। ਹੌਲੀ-ਹੌਲੀ ਦੋਵਾਂ ’ਚ ਜਾਣ-ਪਛਾਣ ਵਧੀ ਅਤੇ ਫਿਰ ਜੋਤੀ ਨੇ ਉਸ ਦੀ ਗੱਲਬਾਤ ਸੋਨੀਆ ਨਾਮ ਦੀ ਔਰਤ ਨਾਲ ਕਰਵਾਈ, ਜੋ ਜ਼ੀਰਕਪੁਰ ਦੀ ਰਹਿਣ ਵਾਲੀ ਦੱਸੀ ਗਈ।

ਪਿੰਡ ਪਡਿਆਲਾ ਨੇੜੇ ਰਿਜ਼ੋਰਟ ਕੋਲ ਬੁਲਾਇਆ ਸੀ ਦੋਧੀ
ਸ਼ਿਕਾਇਤ ਮੁਤਾਬਕ 2 ਮਈ ਨੂੰ ਜੋਤੀ ਨੇ ਉਸ ਨੂੰ ਪਿੰਡ ਪਡਿਆਲਾ ਨੇੜੇ ਰਿਜ਼ੋਰਟ ਕੋਲ ਬੁਲਾਇਆ। ਉਥੋਂ ਉਹ ਉਸ ਨੂੰ ਕਾਰ ’ਚ ਬਿਠਾ ਕੇ ਖਰੜ ਲੈ ਆਈ ਅਤੇ ਫਿਰ ਸੋਨੀਆ ਵੱਲੋਂ ਭੇਜੀ ਟੈਕਸੀ ਰਾਹੀਂ ਜ਼ੀਰਕਪੁਰ ਪਹੁੰਚਾਇਆ ਗਿਆ। ਉੱਥੇ ਸੋਨੀਆ ਨੇ ਆਪਣੀਆਂ ਗੱਲਾਂ ’ਚ ਫਸਾ ਕੇ ਉਸ ਨੂੰ ਇਕ ਫਲੈਟ ’ਚ ਲੈ ਗਈ, ਜਿੱਥੇ ਉਸ ਨੂੰ ਸ਼ਰਾਬ ਪਿਲਾਈ ਗਈ। ਪੀੜਤ ਨੇ ਦੱਸਿਆ ਕਿ ਜਿਵੇਂ ਹੀ ਉਹ ਅਤੇ ਸੋਨੀਆ ਇਕ ਕਮਰੇ ’ਚ ਇਕੱਠੇ ਸਨ ਤਾਂ ਅਚਾਨਕ ਦੋ ਵਿਅਕਤੀ ਫਲੈਟ ’ਚ ਦਾਖ਼ਲ ਹੋ ਗਏ। ਉਨ੍ਹਾਂ ’ਚੋਂ ਇਕ ਨੇ ਆਪਣੇ ਆਪ ਨੂੰ ਸੋਨੀਆ ਦਾ ਪਤੀ ਦੱਸਦਿਆਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦਾ ਮੋਬਾਇਲ ਅਤੇ 12 ਹਜ਼ਾਰ ਰੁਪਏ ਖੋਹ ਲਏ ਗਏ। ਇਥੇ ਹੀ ਨਹੀਂ ਮੁਲਜ਼ਮਾਂ ਨੇ ਉਸ ਦੀਆਂ ਨਿਊਡ ਤਸਵੀਰਾਂ ਵੀ ਖਿੱਚ ਲਈਆਂ।

ਜ਼ਿੰਦਗੀ ਬਰਬਾਦ ਕਰਨ ਦੀ ਦਿੱਤੀ ਸੀ ਧਮਕੀ
ਸਾਜ਼ਿਸ਼ ਇਥੇ ਖ਼ਤਮ ਨਹੀਂ ਹੋਈ। ਮੌਕੇ ’ਤੇ ਮੌਜੂਦ ਜੋਤੀ ਅਤੇ ਹੋਰ ਨੌਜਵਾਨਾਂ ਨੇ ਉਸ ਨੂੰ ਧਮਕੀ ਦਿੱਤੀ ਕਿ 10 ਲੱਖ ਰੁਪਏ ਨਾ ਦਿੱਤੇ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਕਰਵਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਵੇਗੀ। ਧਮਕੀਆਂ, ਬੇਇੱਜ਼ਤੀ ਅਤੇ ਬਲੈਕਮੇਲਿੰਗ ਤੋਂ ਡਰਿਆ ਪੀੜਤ ਮਨੋਵਿਗਿਆਨਕ ਤੌਰ ’ਤੇ ਇੰਨਾ ਟੁੱਟ ਗਿਆ ਕਿ 6 ਮਈ ਨੂੰ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਲਈ। ਖੁਸ਼ਕਿਸਮਤੀ ਨਾਲ ਉਸ ਦੀ ਜਾਨ ਬਚ ਗਈ। ਬਾਅਦ ’ਚ ਉਸ ਨੂੰ ਸਮਝ ਆਈ ਕਿ ਉਹ ਇਕ ਸੁਚੱਜੇ ਤਰੀਕੇ ਨਾਲ ਰਚੇ ਗਏ ਹਨੀ ਟ੍ਰੈਪ ਦਾ ਸ਼ਿਕਾਰ ਬਣਿਆ ਹੈ।


 


author

shivani attri

Content Editor

Related News